ਸਿਰਫ ਬੂਰੀ ਮੱਝ ਦਾ ਦੁੱਧ ਹੀ ਕਿਓਂ ਪੀਂਦੇ ਹਨ ਪਹਿਲਵਾਨ

November 7, 2017

ਪੰਜਾਬੀ ਬੋਲੀਆਂ ਤੇ ਖੋਜ ਕਰਦੇ ਪਤਾ ਲੱਗਾ ਕਿ ਜਦ ਵੀ ਦੁੱਧ ਦਾ ਜ਼ਿਕਰ ਆਇਆ ਹੈ ਤਾਂ ਬੂਰੀ ਮੱਝ ਦੇ ਦੁੱਧ ਜਾਂ ਘਿਓ ਆਦਿ ਦਾ ਹੀ ਜ਼ਿਕਰ ਹੋਇਆ ਹੈ। ਪੰਜਾਬ ਦੇ ਭਲਵਾਨ ਹਮੇਸ਼ਾਂ ਬੂਰੀ ਮੱਝ ਦਾ ਦੁੱਧ ਪੀਣ ਨੂੰ ਹੀ ਤਰਜੀਹ ਦੇਂਦੇ ਸਨ।ਕਈ ਵਾਰੀ ਅਸੀਂ ਸੋਚਦੇ ਹਾਂ ਕੇ ਆਖਰ ਇੰਝ ਕਿਉਂ ਹੈ ?

ਪਿਛਲੇ ਦਿਨੀਂ ਇਕ ਪਰਿਵਾਰ ਦੇ ਘਰ 6 ਬੂਰੀਆਂ ਮੱਝਾਂ ਵੇਖ ਕੇ ਇਹ ਸਵਾਲ ਮੁੜ ਖੜਾ ਹੋ ਗਿਆ। ਉਹਨਾਂ ਦੇ ਪਰਿਵਾਰ ਵਿਚ ਪਿਛਲੀਆਂ 10 ਪੁਸ਼ਤਾਂ ਤੋਂ, ਬੂਰੀ ਮੱਝ ਦੀ ਪੁਸ਼ਤ ਵੀ ਤੁਰੀ ਆਉਂਦੀ ਹੈ।

ਇਹ ਤਕਰੀਬਨ ਦੋ ਸਦੀਆਂ ਦੀ ਸਾਂਝ ਬਣ ਜਾਂਦੀ ਹੈ। ਉਹਨਾਂ ਅਨੁਸਾਰ ਇਕ ਬੂਰੀ ਮੱਝ 20 ਤੋਂ 25 ਸੂਏ ਦੇਂਦੀ ਹੈ। ਅੱਜ ਤਕ ਉਹਨਾਂ ਦੀ ਕੋਈ ਵੀ ਬੂਰੀ ਮੱਝ ‘ਤੂਈ ‘ ਨਹੀਂ, ਨਾ ਹੀ ਕਦੇ ਬੂਰੀਆਂ ਮੱਝਾਂ ਨੂੰ ਮੂੰਹ–ਖੁਰ ਦੀ ਬਿਮਾਰੀ ਲੱਗੀ ਹੈ। ਦੁੱਧ ਵਿਚ 2 ਤੋਂ 3 ਪ੍ਰਤੀਸ਼ਤ ਫੈਟ ਵੱਧ ਹੁੰਦਾ ਹੈ। ਉੱਤੋ ਵੱਡੀ ਗੱਲ ਕਿ ਮੱਖਣ ਤੇ ਘਿਓ, ਕਾਲੀ ਮੱਝ ਦੇ ਮੱਖਣ ਘਿਓ ਨਾਲੇ ਵੱਧ ਸਮਾਂ ਠੀਕ ਰਹਿੰਦਾ ਹੈ।

ਪੰਜਾਬ ਦੀ ਇਸ ਵਿਰਾਸਤੀ ਮੱਝ ਨੂੰ ਪਤਾ ਨਹੀਂ ਕਿਉਂ ਲੋਕਾਂ ਨੇ ਭੁੱਲਾ ਦਿੱਤਾ ਹੈ। ਵਿਗਿਆਨੀਆਂ ਅਨੁਸਾਰ ਇਹ ਮੁਰ੍ਹਾ ਨਸਲ ਦਾ ਹੀ ਇਕ ਹਿੱਸਾ ਹੈ, ਪਰ ਇਸਦੇ ਗੁਣ=ਔਗਣ ਕਾਲੀਆਂ ਮੱਝਾਂ ਨਾਲੋਂ ਕੁਝ ਅਲੱਗ ਹਨ।

ਇਹ ਵੀ ਹੋ ਸਕਦਾ ਹੈ ਕਿ ਜਿਵੇਂ ਜਿਵੇਂ ਪੰਜਾਬ ਵਿਚੋਂ ਭਲਵਾਨੀ ਦੇ ਅਖਾੜੇ, ਵਾਹੇ ਹੋਏ ਖ਼ੇਤਾਂ ਤੋਂ ਤੁਰਦੇ ਗੱਦਿਆਂ ਤਕ ਆ ਗਏ ਹਨ, ਇਵੇਂ ਹੀ ਇਹ ਦੁਧਾਰੂ, ਬੂਰੇ ਤੋਂ ਡੱਬੀਆਂ ਵਾਲੀਆਂ ਗਾਵਾਂ ਬਣ ਗਿਆ ਹੋਵੇ।