ਬੇਖ਼ੌਫ਼ ਵੇਚੇ ਜਾ ਰਹੇ ਨੇ ਇਹਨਾਂ ਫ਼ਸਲਾਂ ਅਤੇ ਸਬਜ਼ੀਆਂ ਦੇ ਨਕਲੀ ਬੀਜ

November 11, 2017

ਪੰਜਾਬ ਦੀ ਕਿਸਾਨੀ ਨੂੰ ਜਿੱਥੇ ਕੁਦਰਤੀ ਆਫ਼ਤਾਂ ਨੇ ਲਿਤਾੜਿਆ ਹੈ, ਉੱਥੇ ਸੂਬੇ ਅੰਦਰ ਸ਼ਰੇਆਮ ਵਿਕ ਰਹੇ ਨਕਲੀ ਬੀਜਾਂ ਨੇ ਵੀ ਖੇਤੀ ਪ੍ਰਧਾਨ ਸੂਬਾ ਪੰਜਾਬ ਦੀ ਖ਼ੁਸ਼ਹਾਲੀ ‘ਤੇ ਡੂੰਘੀ ਸੱਟ ਮਾਰੀ ਹੈ | ਸਿਤਮ ਜ਼ਰੀਫੀ ਇਹ ਹੈ ਕਿ ਥਾਂ-ਥਾਂ ‘ਤੇ ਨਕਲੀ ਬੀਜਾਂ ਦਾ ਜ਼ਖ਼ੀਰਾ ਪਿਆ ਹੈ ਅਤੇ 50 ਤੋਂ ਵਧੇਰੇ ਬੀਜ ਉਤਪਾਦਕਾਂ ਵਲੋਂ ਨਕਲੀ ਬੀਜ ਤਿਆਰ ਕਰ ਕੇ ਮਹਿੰਗੇ ਭਾਅ ਵੇਚਦਿਆਂ ਕਿਸਾਨਾਂ ਦੀ ਅੰਨ੍ਹੀ ਲੁੱਟ ਕੀਤੀ ਜਾ ਰਹੀ ਹੈ | ਇੱਥੇ ਤੱਕ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਹਰ ਹੀ ਕਈ ਬੀਜ ਉਤਪਾਦਕਾਂ ਵਲੋਂ ਯੂਨੀਵਰਸਿਟੀ ਵਲੋਂ ਪ੍ਰਮਾਣਿਤ ਬੀਜਾਂ ਦੀ ਆੜ ਹੇਠ ਨਕਲੀ ਬੀਜ ਵੇਚੇ ਜਾ ਰਹੇ ਹਨ |

ਸੀਡ ਐਕਟ 1966 ਵੀ ਨਕਲੀ ਬੀਜ ਉਤਪਾਦਕਾਂ ਦੇ ਹੌਸਲੇ ਬੁਲੰਦ ਕਰ ਰਿਹਾ ਹੈ, ਕਿਉਂਕਿ ਇਸੇ ਐਕਟ ਸਦਕਾ ਨਕਲੀ ਬੀਜਾਂ ਦੇ ਸੌਦਾਗਰ ਮਾਮੂਲੀ ਹਰਜਾਨਾ ਭਰ ਕੇ ਕਾਨੂੰਨੀ ਸ਼ਿਕੰਜੇ ਤੋਂ ਬਾਹਰ ਹੋ ਜਾਂਦੇ ਹਨ | ਬੇਸ਼ੱਕ ਬਹੁਤੇ ਕਿਸਾਨ ਘਰਾਂ ‘ਚ ਰੱਖੇ ਹੋਏ ਬੀਜ ਨੂੰ ਤਰਜੀਹ ਦਿੰਦੇ ਹਨ, ਪਰ ਫਿਰ ਵੀ ਉਹ ਯੂਨੀਵਰਸਿਟੀ ਸਿਫ਼ਾਰਸ਼ ਬੀਜਾਂ ਨੂੰ ਵਰਦਾਨ ਮੰਨਦੇ ਹੋਏ ਨਵੇਂ ਬੀਜ ਉਗਾਉਣ ‘ਚ ਵਿਸ਼ਵਾਸ ਰੱਖਦੇ ਹਨ | ਪੰਜਾਬ ਦੇ 8-10 ਫ਼ੀਸਦੀ ਕਿਸਾਨਾਂ ਨੂੰ ਹੀ ਬੀਜਾਂ ਦੀ ਪਛਾਣ ਹੈ, ਜਿਸ ਦਾ ਫ਼ਾਇਦਾ ਉਠਾਉਂਦੇ ਇਹ ਬੀਜ ਉਤਪਾਦਕ ਕਿਸਾਨਾਂ ਨੂੰ ਗੁਮਰਾਹ ਕਰ ਕੇ ਆਪਣੇ ਵਲੋਂ ਤਿਆਰ ਕੀਤੇ ਬੀਜਾਂ ਨੂੰ ਯੂਨੀਵਰਸਿਟੀ ਵਲੋਂ ਪ੍ਰਮਾਣਿਤ ਦੱਸਦਿਆਂ ਮਨਮਰਜ਼ੀ ਦੇ ਭਾਅ ਵਸੂਲ ਰਹੇ ਹਨ |

ਪਿਛਲੀ ਸਾਉਣੀ (ਝੋਨੇ) ਫ਼ਸਲ ਦੀ ਬਿਜਾਈ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਸ਼ ਦੇ ਉਲਟ ਦੱਖਣੀ ਭਾਰਤ ਦੇ ਕਿਸਾਨਾਂ ਵਲੋਂ ਛੱਡੀ ਹੋਈ ਝੋਨੇ ਦੀ ਇਕੋ ਇਕ ਕਿਸਮ ਨੂੰ 1609, ਸਵਾ 27, ਸੀ.ਆਰ.212 ਆਦਿ ਵੱਖ-ਵੱਖ ਕਿਸਮਾਂ ਦਾ ਨਾਂਅ ਦੇ ਕੇ ਬੀਜ ਉਤਪਾਦਕਾਂ ਵਲੋਂ 40 ਰੁਪਏ ਬਜਾਏ 80 ਤੋਂ 100 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਿਆ ਗਿਆ, ਜਿਨ੍ਹਾਂ ਵਿਚ ਪੂਸਾ ਡੋਗਰ ਕਿਸਮ ਵੀ ਖ਼ੂਬ ਚਰਚਾ ‘ਚ ਰਹੀ | ਪੰਜਾਬ ਅੰਦਰ ਹੁਣ ਕਣਕ ਦੀ ਫ਼ਸਲ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ |

ਖੇਤੀਬਾੜੀ ਯੂਨੀਵਰਸਿਟੀ ਵਲੋਂ ਨਵੀਂ ਉੱਨਤ-343 ਕਿਸਮ ਦੀ ਬਿਜਾਈ ਕਰਨ ਦੀ ਸਿਫ਼ਾਰਸ਼ ਕੀਤੀ ਜਾ ਰਹੀ ਹੈ, ਪਰ ਬੀਜ ਵਿਕਰੇਤਾਵਾਂ ਵਲੋਂ 80 ਫ਼ੀਸਦੀ ਨਕਲੀ ਬੀਜ ਵੇਚਿਆ ਜਾ ਰਿਹਾ ਹੈ | ਬੀਜ ਉਤਪਾਦਕਾਂ ਵਲੋਂ ਪੁਰਾਣੀ ਪੀ.ਬੀ. ਡਬਲਯੂ. 343 ਜੋ ਸਿਰਫ਼ ਮੁਕਤਸਰ, ਮਲੋਟ, ਜਲਾਲਾਬਾਦ ਆਦਿ ਇਲਾਕਿਆਂ ‘ਚ ਪੈਦਾ ਹੁੰਦੀ ਹੈ, ਨੂੰ ਖ਼ਰੀਦ ਕੇ ਬੀਜ ਤਿਆਰ ਕੀਤੇ ਗਏ ਹਨ ਅਤੇ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਦੱਸ ਕੇ ਪੀ.ਬੀ.ਡਬਲਯੂ. 343 ਨੂੰ ਹੀ ਨਵੀਂ ਉੱਨਤ-343 ਕਹਿ ਕੇ ਵੇਚਿਆ ਜਾ ਰਿਹਾ ਹੈ | ਸ੍ਰੀ ਰਾਮ 172, ਬੀ.ਪੀ.-36 ਅਤੇ ਬਡ-ਬਰ ਜਿਹੀਆਂ ਅਪ੍ਰਮਾਣਿਤ ਕਿਸਮਾਂ ਬੀਜ ਉਤਪਾਦਕਾਂ ਵਲੋਂ ਜ਼ਖ਼ੀਰਿਆਂ ਦੇ ਰੂਪ ਵਿਚ ਵੇਚੀ ਜਾ ਰਹੀ ਹੈ, ਜਿਸ ਦੇ ਸਿੱਟੇ ਵਜੋਂ ਯੂਨੀਵਰਸਿਟੀ ਵਲੋਂ ਕਣਕ ਦੀ ਇਸ ਬਿਜਾਈ ਲਈ ਤਿਆਰ ਕੀਤਾ ਉੱਨਤ 343 ਕਿਸਮ ਮਹਿਜ਼ 4-5 ਫ਼ੀਸਦੀ ਹੀ ਬੀਜਿਆ ਜਾ ਸਕੇਗਾ |

ਮਟਰ ਦੀ ਫ਼ਸਲ ਸਰਦੀਆਂ ਦੀ ਰੁੱਤ ਦੀ ਰਾਣੀ ਸਬਜ਼ੀ ਹੈ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਪੰਜਾਬ-89 ਕਿਸਮ ਬੀਜਣ ਦੀ ਸਿਫ਼ਾਰਿਸ਼ ਹੈ, ਜਿਸ ਦਾ ਭਾਅ 65-70 ਰੁਪਏ ਦੱਸਿਆ ਗਿਆ ਹੈ, ਪਰ ਬੀਜ ਉਤਪਾਦਕਾਂ ਵਲੋਂ ਇਸੇ ਕਿਸਮ ਨੂੰ ਗਾਚੋ ਨਾਂਅ ਦੀ ਦਵਾਈ ਅਤੇ ਰੰਗ ਲਾ ਕੇ ਗੋਲਡਨ, ਜੀ.ਐੱਸ.-10, ਟਕੀਡਾ, ਐਗਰੋ ਆਦਿ ਆਪਣੇ ਨਾਂਅ ਅਤੇ ਦਿਲ ਲੁਭਾਵੀਂ ਪੈਕਿੰਗ ਕਰ ਕੇ 250 ਰੁਪਏ ਕਿੱਲੋ ਤੱਕ ਵੇਚਿਆ ਜਾ ਰਿਹਾ ਹੈ | ਇਹੋ ਹਾਲ ਹਰੇ ਚਾਰੇ ਵਾਲੀ ਮੱਕੀ ਦੀ ਫ਼ਸਲ ਦਾ ਰਿਹਾ | ਯੂਨੀਵਰਸਿਟੀ ਵਲੋਂ ਸਿਫ਼ਾਰਸ਼ 1006 ਮੱਕੀ ਦੀ ਥਾਂ 25 ਰੁਪਏ ਵਾਲੀ ਪਹਾੜੀ ਚਿੱਟੀ ਮੱਕੀ ਨੂੰ ਨਵਾਂ ਰੂਪ ਦੇ ਕੇ 35-40 ਰੁਪਏ ਤੱਕ ਵੇਚਿਆ ਗਿਆ |

50 ਸਾਲਾਂ ‘ਚ ਇਕ ਵਾਰ ਵੀ ਨਾ ਹੋ ਸਕੀ ਸੀਡ ਐਕਟ 1966 ‘ਚ ਸੋਧ

ਸੀਡ ਐਕਟ 1966 ਵੀ ਫਰਟੀਲਾਈਜ਼ਰ ਅਤੇ ਪੈਸਟੀਸਾਈਡ ਐਕਟ ਦੇ ਬਰਾਬਰ ਬਹੁਤਾ ਕਾਰਗਰ ਸਾਬਤ ਨਹੀਂ ਹੋ ਰਿਹਾ, ਕਿਉਂਕਿ ਸੀਡ ਐਕਟ 1966 ਵਿਚ 50 ਸਾਲਾਂ ‘ਚ ਕੋਈ ਕਾਨੂੰਨੀ ਸੋਧ ਨਹੀਂ ਹੋਈ ਅਤੇ ਨਾ ਹੀ ਪੰਜਾਬ ਦੇ ਕਿਸਾਨਾਂ ਨੂੰ ਉਕਤ ਸੀਡ ਐਕਟ ਬਾਰੇ ਬਹੁਤਾ ਗਿਆਨ ਹੈ, ਜਿਸ ਦੀ ਆੜ ‘ਚ ਬੀਜ ਵਿਕਰੇਤਾ ਮਿੱਟੀ ਨੂੰ ਸੋਨਾ ਦੱਸ ਕੇ ਧੜਾ-ਧੜ ਵੇਚੀ ਜਾਂਦੇ ਹਨ ਤੇ ਜੇਕਰ ਕੋਈ ਕਿਸਾਨ ਇਸ ਸੀਡ ਐਕਟ ਦਾ ਸਹਾਰਾ ਲੈਂਦਾ ਵੀ ਹੈ ਤਾਂ ਉਸ ਨੂੰ ਪੂਰੀ ਫ਼ਸਲ ਦਾ ਮੁਆਵਜ਼ਾ ਮਿਲਣ ਦੀ ਬਜਾਏ ਮਹਿਜ਼ ਬੀਜ ਦੀ ਕੀਮਤ ਲੈ ਕੇ ਹੀ ਸਬਰ ਕਰਨਾ ਪੈਂਦਾ ਹੈ |

ਯੂਨੀਵਰਸਿਟੀ ਕਿਸੇ ਵੀ ਵਿਕਰੇਤਾ ਤੋਂ ਬੀਜ ਖ਼ਰੀਦਣ ਦੀ ਸਿਫ਼ਾਰਸ਼ ਨਹੀਂ ਕਰਦੀ-ਗਿੱਲ

ਇਸ ਸਬੰਧੀ ਜਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੀਜ ਵਿਭਾਗ ਦੇ ਡਾਇਰੈਕਟਰ ਡਾ: ਤਰਸੇਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਕਿਸੇ ਵੀ ਬੀਜ ਵਿਕਰੇਤਾ ਤੋਂ ਬੀਜ ਖ਼ਰੀਦਣ ਦੀ ਸਿਫ਼ਾਰਿਸ਼ ਨਹੀਂ ਕਰਦੀ | ਜਦਕਿ ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ: ਜਸਬੀਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਜਾਰੀ ਉੱਨਤ 343 ਕਣਕ ਦਾ ਬੀਜ ਕਿਸੇ ਵੀ ਬੀਜ ਵਿਕਰੇਤਾ ਨੂੰ ਨਹੀਂ ਦਿੱਤਾ ਗਿਆ ਅਤੇ ਬੀਜ ਵਿਕਰੇਤਾ ਬਿਨਾਂ ਕਿਸੇ ਬਿੱਲ ਦੇ ਕੋਈ ਵੀ ਬੀਜ ਨਹੀਂ ਵੇਚ ਸਕਦੇ |