ਸਰਦੀਆਂ ਦੀ ਰੁੱਤ ਵਿੱਚ ਇਸ ਤਰ੍ਹਾਂ ਕਰੋ ਪਸ਼ੂਆਂ ਦੀ ਦੇਖ਼ਭਾਲ

December 22, 2017

ਪੰਜਾਬ ਵਿੱਚ ਨਵੰਬਰ ਤੋਂ ਜਨਵਰੀ ਤਕ ਸਰਦੀ ਦੀ ਰੁੱਤ ਆਉਂਦੀ ਹੈ। ਇਸ ਸਮੇਂ ਦੌਰਾਨ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂ ਧਨ ਦੀ ਸਾਂਭ-ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਸਰਦ ਰੁੱਤ ਦਾ ਅਸਰ ਜਿੱਥੇ ਦੋਗਲੀਆਂ ਗਾਵਾਂ ‘ਤੇ ਸਭ ਤੋਂ ਘੱਟ ਹੁੰਦਾ ਹੈ ਉੱਥੇ ਛੋਟੀ ਉਮਰ ਦੇ ਕੱਟੇ-ਕੱਟੀਆਂ ‘ਤੇ ਇਸ ਦਾ ਸਭ ਤੋਂ ਵੱਧ ਅਸਰ ਹੁੰਦਾ ਹੈ। ਕੁਦਰਤ ਵੱਲੋਂ ਸਾਰੇ ਥਣਧਾਰੀ ਜੀਵਾਂ ਦੇ ਸਰੀਰ ਦਾ ਇੱਕ ਤਾਪਮਾਨ ਨਿਸ਼ਚਿਤ ਕੀਤਾ ਗਿਆ ਹੈ ਜਦੋਂ ਵਾਤਾਵਰਨ ਦਾ ਤਾਪਮਾਨ ਘਟ ਜਾਂਦਾ ਹੈ ਤਾਂ ਇਨ੍ਹਾਂ ਜੀਵਾਂ ਨੂੰ ਆਪਣਾ ਸਰੀਰਕ ਤਾਪਮਾਨ ਬਰਕਰਾਰ ਰੱਖਣ ਲਈ ਵਧੇਰੇ ਊਰਜਾ ਦੀ ਜ਼ਰੂਰਤ ਹੁੰਦੀ ਹੈ। ਵਧੇਰੇ ਊਰਜਾ ਦੀ ਜ਼ਰੂਰਤ ਪੂਰੀ ਕਰਨ ਲਈ ਵਧੇਰੇ ਖ਼ੁਰਾਕ ਦਿੱਤੀ ਜਾਣੀ ਲਾਜ਼ਮੀ ਹੋ ਜਾਂਦੀ ਹੈ।

ਸਰਦੀ ਰੁੱਤ ਵਿੱਚ ਪਸ਼ੂਆਂ ਦੇ ਸਰੀਰ ਵਿੱਚ ਊੂਰਜਾ ਦੀ ਖਪਤ ਵਧੇਰੇ ਹੁੰਦੀ ਹੈ ਜਿਸ ਲਈ ਖ਼ੁਰਾਕ ਦੀ ਮਾਤਰਾ ਵਧਾਉਣੀ ਲਾਜ਼ਮੀ ਹੋ ਜਾਂਦੀ ਹੈ। ਚਾਰਾ ਖਾਣ ਤੋਂ ਕੁਝ ਸਮੇਂ ਬਾਅਦ ਪਸ਼ੂਆਂ ਦੇ ਸਰੀਰ ਵਿੱਚ ਵਧੇਰੇ ਤਾਪਮਾਨ  ਪੈਦਾ ਹੁੰਦਾ ਹੈ ਇਸ ਲਈ ਠੰਢੇ ਮੌਸਮ ਵਿੱਚ ਪਸ਼ੂਆਂ ਨੂੰ ਸ਼ਾਮ ਵੇਲੇ ਖ਼ੁਰਾਕ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਰਾਤ ਸਮੇਂ ਜਦੋਂ ਵਾਤਾਵਰਨ ਦਾ ਤਾਪਮਾਨ ਸਭ ਤੋਂ ਘਟ ਹੁੰਦਾ ਹੈ ਤਾਂ ਸਰੀਰ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ ਤਾਪਮਾਨ ਪੈਦਾ ਹੋ ਸਕੇ। ਸਰਦ ਰੁੱਤ ਵਿੱਚ ਜਾਨਵਰਾਂ ਨੂੰ ਧਾਤਾਂ ਦੇ ਚੂਰੇ ਅਤੇ ਨਮਕ ਦੀ ਮਾਤਰਾ ਵੀ ਵਧਾਉਣੀ ਚਾਹੀਦੀ ਹੈ। ਪਸ਼ੂ ਦੇ ਸੂਣ ਤੋਂ ਮਗਰੋਂ ਧਾਤਾਂ ਦੇ ਚੂਰੇ ਦੀ ਲੋੜ ਹੋਰ ਵੀ ਵਧ ਜਾਂਦੀ ਹੈ। ਇਸ ਸਮੇਂ ਤਰਲ ਕੈਲਸ਼ੀਅਮ ਦੀ ਖ਼ੁਰਾਕ ਵੀ ਦਿੱਤੀ ਜਾ ਸਕਦੀ ਹੈ। ਪਸ਼ੂ ਖ਼ੁਰਾਕ ਵਿਚਲਾ ਪੋ੍ਰਟੀਨ ਮਿਹਦੇ ਵਿਚਾਲੇ ਸੂਖ਼ਮ ਜੀਵਾਂ ਦੁਆਰਾ ਰੇਸ਼ੇਦਾਰ ਖ਼ੁਰਾਕ ਤੋਂ ਊੂਰਜਾ ਪੈਦਾ ਕਰਨ ਵਿੱਚ ਮਦਦ ਕਰਦਾ ਹੈ।

ਪੋ੍ਰਟੀਨ ਦੀ ਕਮੀ ਹੋਣ ‘ਤੇ ਖ਼ੁਰਾਕ ਦੀ ਪਚਨ ਯੋਗਤਾ ਘਟ ਜਾਂਦੀ ਹੈ ਤੇ ਊੂਰਜਾ ਵੀ ਘੱਟ ਹੀ ਪੈਦਾ ਹੁੰਦੀ ਹੈ, ਇਸ ਲਈ ਇਸ ਰੁੱਤ ਵਿੱਚ ਪੋ੍ਰਟੀਨ ਯੁਕਤ ਚਾਰੇ ਜਿਵੇਂ ਬਰਸੀਮ, ਜਵੀ ਆਦਿ ਭਰਪੂਰ ਮਾਤਰਾ ਵਿੱਚ ਦਿੱਤੇ ਜਾਣੇ ਚਾਹੀਦੇ ਹਨ। ਖ਼ੁਰਾਕ ਵਿਚਲੇ ਹਰੇ ਪੱਠੇ ਵਿਟਾਮਿਨਾਂ ਦਾ ਵੀ ਸੋ੍ਰਤ ਹੁੰਦੇ ਹਨ ਜੋ ਕਿ ਵਧੇਰੇ ਦੁੱਧ ਉਤਪਾਦਨ ਵਿੱਚ ਸਹਾਇਤਾ ਕਰਦੇ ਹਨ। ਗੱਭਣ ਪਸ਼ੂਆਂ ਦੇ ਸੂਣ ਤੋਂ ਇੱਕ ਜਾਂ ਡੇਢ ਮਹੀਨਾ..ਪਹਿਲਾਂ ਖ਼ੁਰਾਕ ਵਿੱਚ ਤੂੜੀ ਦੀ ਮਾਤਰਾ 15 ਫ਼ੀਸਦੀ ਤਕ ਘਟਾ ਕੇ ਅਨਾਜ ਦੀ ਮਾਤਰਾ 15 ਫ਼ੀਸਦੀ ਤਕ ਵਧਾ ਦਿਓ ਤਾਂ ਜੋ ਗਰਭ ਵਿੱਚ ਪਲ ਰਹੇ ਬੱਚੇ ਦੇ ਵਿਕਾਸ ਲਈ ਪੂਰਾ ਥਾਂ ਮਿਲ ਸਕੇ।

ਦੁਧਾਰੂ ਪਸ਼ੂਆਂ ਦੇ ਦੁੱਧ ਉਤਪਾਦਨ ਵਿੱਚ ਖ਼ੁਰਾਕ ਦੇ ਨਾਲ-ਨਾਲ ਪਾਣੀ ਦੀ ਵੀ ਬਹੁਤ ਮਹੱਤਤਾ ਹੁੰਦੀ ਹੈ। ਇਸ ਲਈ ਪਸ਼ੂਆਂ ਨੂੰ ਇਸ ਸਮੇਂ ਲਗਾਤਾਰ ਸਾਫ਼-ਸੁਥਰਾ ਪਾਣੀ ਮਿਲਣਾ ਚਾਹੀਦਾ ਹੈ। ਪਾਣੀ ਪਿਲਾਉਣ ਤੋਂ ਪਹਿਲਾਂ ਉਸ ਨੂੰ ਨਿੱਘਾ ਕੀਤਾ ਜਾ ਸਕਦਾ ਹੈ। ਪਸ਼ੂਆਂ ਨੂੰ ਦਿੱਤਾ ਜਾਣ ਵਾਲਾ ਅਨਾਜ ਤੂੜੀ ਵਿੱਚ ਰਲਾ ਕੇ ਦਿੱਤਾ ਜਾਣਾ ਚਾਹੀਦਾ ਹੈ। ਸਵੇਰੇ-ਸ਼ਾਮ ਹਰੇ ਪੱਠੇ ਵੀ ਪਾਉਣੇ ਚਾਹੀਦੇ ਹਨ। ਵੱਗ ਵਿਚਲੇ ਹਰੇਕ ਪਸ਼ੂ ਨੂੰ ਉਸ ਦੇ ਹਿੱਸੇ ਦਾ ਅਨਾਜ, ਤੂੜੀ ਅਤੇ ਹਰਾ ਚਾਰਾ ਆਦਿ ਮਿਲਣਾ ਯਕੀਨੀ ਬਣਾਉਣਾ ਪਸ਼ੂ ਪਾਲਕ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ।

ਸਾਰੇ ਪਾਲਤੂ ਪਸ਼ੂ ਸੁੱਕੀ ਠੰਢ ਨੂੰ ਕਾਫ਼ੀ ਹੱਦ ਤਕ ਸਹਾਰ ਸਕਦੇ ਹਨ ਪਰ ਹਨੇਰੀ, ਨਮੀ ਤੇ ਠੰਢ ਦਾ ਮਿਸ਼ਰਨ ਜਾਨਲੇਵਾ ਸਾਬਤ ਹੋ ਸਕਦਾ ਹੈ। ਪਸ਼ੂਆਂ ਨੂੰ ਹਵਾ ਤੋਂ ਬਚਾਉਣ ਲਈ ਛੱਤਾਂ, ਪਰਦਿਆਂ ਦਾ ਪ੍ਰਬੰਧ ਤਸੱਲੀਬਖ਼ਸ਼ ਹੋਣਾ ਚਾਹੀਦਾ ਹੈ। ਇਸ ਮੌਸਮ ਵਿੱਚ ਜਿੱਥੇ ਤੇਜ਼ ਹਵਾ ਤੋਂ ਪਸ਼ੂਆਂ ਨੂੰ ਬਚਾਉਣ ਦੇ ਉਪਰਾਲੇ ਜ਼ਰੂਰੀ ਹਨ ਉੱਥੇ ਸਾਹ ਲੈਣ ਲਈ ਤਾਜ਼ੀ ਹਵਾ ਵੀ ਜ਼ਰੂਰੀ ਹੈ ਜੇ ਤਾਜ਼ੀ ਹਵਾ ਨਾ ਹੋਵੇ ਤਾਂ ਪਸ਼ੂਆਂ ਦੇ ਵਾੜੇ ਅੰਦਰ ਅਮੋਨੀਆ ਗੈਸ ਦੀ ਮਾਤਰਾ ਵਧ ਜਾਵੇਗੀ। ਇਸ ਨਾਲ ਪਸ਼ੂ ਦੀ ਉਤਪਾਦਨ ਸਮਰਥਾ ਘਟ ਜਾਂਦੀ ਹੈ ਅਤੇ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਵਾੜੇ ਦੇ ਅੰਦਰ ਤਾਪਮਾਨ ਵਧਾਉਣ ਨਾਲੋਂ ਵੱਧ ਧਿਆਨ ਨਮੀ ਦੀ ਮਾਤਰਾ ਘਟਾਉਣ ਵੱਲ ਦਿੱਤਾ ਜਾਣਾ ਚਾਹੀਦਾ ਹੈ। ਨਮੀ ਦੀ ਮਾਤਰਾ ਘਟਾਉਣ ਲਈ ਲੱਕੜ ਦਾ ਬੁਰਾਦਾ, ਤੂੜੀ, ਪਰਾਲੀ ਆਦਿ ਨੂੰ ਪਸ਼ੂਆਂ ਹੇਠ ਖਿਲਾਰਿਆ ਜਾ ਸਕਦਾ ਹੈ। ਛੋਟੇ ਪਸ਼ੂ ਅਕਸਰ ਠੰਢ ਦਾ ਸ਼ਿਕਾਰ ਹੋ ਜਾਂਦੇ ਹਨ, ਉਨ੍ਹਾਂ ਹੇਠਾਂ ਅਜਿਹੀ ਤਹਿ ਜ਼ਰੂਰ ਵਿਛਾਉਣੀ ਚਾਹੀਦੀ ਹੈ।

ਸਰਦ ਰੁੱਤ ਵਿੱਚ ਦੁਧਾਰੂ ਪਸ਼ੂਆਂ ਨੂੰ ਹੋਣ ਵਾਲੀ ਸਭ ਤੋਂ ਆਮ ਬਿਮਾਰੀ ਥਣਾਂ ਦੀਆਂ ਵਿਆਈਆਂ ਹੈ। ਇਸ ਨਾਲ ਥਣ ਖੁਰਦਰੇ ਹੋ ਕੇ ਫਟ ਜਾਂਦੇ ਹਨ ਤੇ ਦੁੱਧ ਚੋਣ ਵਿੱਚ ਮੁਸ਼ਕਲ ਆਉਂਦੀ ਹੈ। ਇਨ੍ਹਾਂ ਤੋਂ ਬਚਣ ਲਈ ਘਿਓ ਜਾਂ ਤੇਲ ਨਾਲ ਚਮੜੀ ਕੋਮਲ ਤੇ ਮੁਲਾਇਮ ਰੱਖਣੀ ਚਾਹੀਦੀ ਹੈ। ਵਧੇਰੇ ਸਰਦੀ ਜਾਂ ਗੜ੍ਹੇਮਾਰੀ ਨਾਲ ਕਈ ਵਾਰ ਖੁਰਾਂ ਵਿੱਚ ਤਰੇੜਾਂ ਵੀ ਪੈ ਜਾਂਦੀਆਂ ਹਨ। ਸਮੇਂ ਸਿਰ ਦੇਖਭਾਲ ਤੇ ਇਲਾਜ ਨਾ ਹੋਣ ਨਾਲ ਖੁਰ ਗਲ ਵੀ ਸਕਦੇ ਹਨ। ਚਿੱਕੜ ਖੁਰ ਗਲਣ ਦਾ ਖ਼ਤਰਾ ਕਈ ਗੁਣਾਂ ਵਧਾ ਦਿੰਦਾ ਹੈ। ਸਰਦੀਆਂ ਦੌਰਾਨ ਹੀ ਪਸ਼ੂਆਂ ਨੂੰ ਨਿਮੋਨੀਆ ਵੀ ਹੋ ਜਾਂਦਾ ਹੈ ਜੋ ਕਿ ਇੱਕ ਕਿਸਮ ਦੇ ਜੀਵਾਣੂ ਨਾਲ ਫੈਲਦਾ ਹੈ। ਅਜਿਹੇ ਪਸ਼ੂਆਂ ਨੂੰ ਸਾਹ ਬਹੁਤ ਔਖਾ ਆਉਂਦਾ ਹੈ। ਨਾਸਾਂ ਵਿੱਚੋਂ ਪਾਣੀ ਆਉਣ ਲੱਗ ਪੈਂਦਾ ਹੈ ਤੇ ਖ਼ੁਰਾਕ ਬੰਦ ਹੋ ਜਾਂਦੀ ਹੈ ਜਿਸ ਨਾਲ ਦੁੱਧ ਉਤਪਾਦਨ ਰੁਕ ਜਾਂਦਾ ਹੈ। ਕਿਸੇ ਮਾਹਿਰ ਵੈਟਰਨਰੀ ਡਾਕਟਰ ਦੀ ਸਲਾਹ ਅਨੁਸਾਰ ਇਸ ਦਾ ਇਲਾਜ ਜ਼ਰੂਰੀ ਹੈ।

-ਡਾ. ਰਮਨਦੀਪ ਸਿੰਘ ਬਰਾੜ