ਪੰਜਾਬ ਵਿੱਚ ਇਸ ਜਗ੍ਹਾ ਤੇ ਲੱਗਾ ਸਭ ਤੋਂ ਡੂੰਘਾ ਬੋਰ

March 24, 2018

ਪੰਜਾਬੀਆਂ ਨੇ ਫ਼ਸਲਾਂ ਲਈ ਧਰਤੀ ਦਾ ਸੀਨਾ 1200 ਫੁੱਟ ਤੱਕ ਪਾੜ ਕੇ ਰੱਖ ਦਿੱਤਾ ਹੈ। ਪੰਜਾਬ ਦਾ ਇਹ ਟਿਊਬਵੈੱਲ ਸਿੰਜਾਈ ਲਈ ਸਭ ਤੋਂ ਡੂੰਘਾ ਮੰਨਿਆ ਜਾ ਰਿਹਾ ਹੈ, ਜੋ ਦੋਆਬੇ ਦੇ ਪਿੰਡ ਬੀਣੇਵਾਲ ਵਿੱਚ ਲੱਗਾ ਹੋਇਆ ਹੈ। ਇਸ ਸਬਮਰਸੀਬਲ ਬੋਰ ਦੀ ਮੋਟਰ 766 ਫੁੱਟ ਤੱਕ ਲੱਗੀ ਹੋਈ ਹੈ, ਪਰ ਬੋਰ ਦੀ ਡੂੰਘਾਈ 1200 ਫੁੱਟ ਤੱਕ ਹੈ।

ਇਸ ਇਲਾਕੇ ਦੇ 500 ਫੁੱਟ ਤੱਕ ਡੂੰਘੇ ਟਿਊਬਵੈੱਲਾਂ ਨੇ ਪਾਣੀ ਦੇਣਾ ਘੱਟ ਕਰ ਦਿੱਤਾ ਹੈ। ਬੀਣੇਵਾਲ ਵਿੱਚ ਲੱਗਾ ਇਹ ਟਿਊਬਵੈੱਲ ਇੱਕ ਮਿੰਟ ਵਿੱਚ ਧਰਤੀ ਹੇਠੋਂ 0.75 ਕਿਊਸਿਕ ਪਾਣੀ ਕੱਢਣ ਦੀ ਸਮਰੱਥਾ ਰੱਖਦਾ ਹੈ। ਇਸ ਬੋਰ ਵਿੱਚ 120 ਹਾਰਸ ਪਾਵਰ ਦੀ ਮੋਟਰ ਲੱਗੀ ਹੋਈ ਹੈ, ਭਾਵ ਇਕ ਮਿੰਟ ਵਿੱਚ 1200 ਲਿਟਰ ਤੇ ਇਕ ਘੰਟੇ ਵਿੱਚ 72 ਹਜ਼ਾਰ ਲਿਟਰ ਪਾਣੀ ਨਿਕਲਦਾ ਹੈ।

ਇਸ ਦੀ ਲਾਗਤ ਵੀ 72 ਲੱਖ ਦੇ ਕਰੀਬ ਆਈ ਦੱਸੀ ਜਾ ਰਹੀ ਹੈ। ਨਾਬਾਰਡ ਦੀ ਸਹਾਇਤਾ ਨਾਲ ਜੁਲਾਈ 2016 ਵਿੱਚ ਲੱਗੇ ਇਸ ਟਿਊਬਵੈੱਲ ਨਾਲ 100 ਏਕੜ ਦੇ ਕਰੀਬ ਜ਼ਮੀਨ ਨੂੰ ਸਿੰਜਿਆ ਜਾ ਰਿਹਾ ਹੈ। ਪੰਜਾਬ ਵਿੱਚ ਇਸ ਸਮੇਂ 13 ਲੱਖ 50 ਹਜ਼ਾਰ ਦੇ ਕਰੀਬ ਟਿਊਬਵੈੱਲ ਹਨ, ਜਿਨ੍ਹਾਂ ’ਤੇ ਸਾਢੇ 7 ਹਾਰਸ ਪਾਵਰ ਤੋਂ ਲੈ ਕੇ 12 ਹਾਰਸ ਪਾਵਰ ਤੱਕ ਦੀਆਂ ਮੋਟਰਾਂ ਲੱਗੀਆਂ ਹੋਈਆਂ ਹਨ।

ਝੋਨੇ ਦੀ ਬਿਜਾਈ ਸਮੇਂ 15 ਜੂਨ ਤੋਂ ਲੈ ਕੇ 30 ਸਤੰਬਰ ਤੱਕ 8 ਘੰਟੇ ਚੱਲਦੀਆਂ ਮੋਟਰਾਂ ਧਰਤੀ ਹੇਠਲੇ ਪਾਣੀ ਨੂੰ ਲਗਾਤਾਰ ਖਿੱਚਦੀਆਂ ਹਨ। ਖੇਤੀਬਾੜੀ ਲਈ ਮੋਟਰਾਂ ਸਾਲ ਵਿੱਚ 8 ਹਜ਼ਾਰ ਤੋਂ ਲੈ ਕੇ 9 ਹਜ਼ਾਰ ਯੂਨਿਟ ਤੱਕ ਬਿਜਲੀ ਫੂਕ ਜਾਂਦੀਆਂ ਹਨ।

ਪੰਜਾਬ ਇਸ ਸਮੇਂ ਜਲ ਸੰਕਟ ਨਾਲ ਜੂਝ ਰਿਹਾ ਹੈ। ਧਰਤੀ ਹੇਠਲਾ ਪਾਣੀ ਦਿਨੋਂ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਕੋਦਰ ’ਚ ਹੋਏ ਕਰਜ਼ਾ ਮੁਆਫ਼ੀ ਸਮਾਰੋਹ ਦੌਰਾਨ ਇਸ ਗੱਲ ’ਤੇ ਚਿੰਤਾ ਪ੍ਰਗਟਾਈ ਸੀ ਕਿ ਉਨ੍ਹਾਂ ਦੇ ਆਪਣੇੇ ਜ਼ਿਲ੍ਹੇ ਵਿੱਚ 30 ਸਾਲ ਪਹਿਲਾਂ 70 ਫੁੱਟ ਤੱਕ ਪਾਣੀ ਹੁੰਦਾ ਸੀ, ਜਿਹੜਾ ਹੁਣ 700 ਫੁੱਟ ਤੱਕ ਪਹੁੰਚ ਗਿਆ ਹੈ।

ਮੁੱਖ ਮੰਤਰੀ ਨੇ ਪੰਜਾਬ ਦੇ ਇਸ 1200 ਫੁੱਟ ਡੂੰਘੇ ਲੱਗੇ ਟਿਊਬਵੈੱਲ ਦਾ ਵੀ ਜ਼ਿਕਰ ਕੀਤਾ ਸੀ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਬਚਾਉਣ ਦਾ ਵਾਸਤਾ ਪਾਇਆ ਸੀ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਸਤਲੁਜ ਦਰਿਆ, ਜਿਸ ਵਿੱਚ ਹਿਮਾਚਲ ਤੋਂ ‘ਏ’ ਗ੍ਰੇਡ ਦਾ ਪਾਣੀ ਦਾਖ਼ਲ ਹੁੰਦਾ ਸੀ, ਹੁਣ ‘ਬੀ’ ਗ੍ਰੇਡ ਦਾ ਆਉਣ ਲੱਗ ਪਿਆ ਹੈ।

ਸੰਤ ਸੀਚੇਵਾਲ ਨੇ ਕਿਹਾ ਕਿ ਨਦੀਆਂ ਤੇ ਦਰਿਆ ਪੰਜਾਬ ਦੀਆਂ ਸਾਹ ਰਗਾਂ ਹਨ, ਇਨ੍ਹਾਂ ਨੂੰ ਬਚਾਉਣਾ ਜਿੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਉਥੇ ਆਮ ਲੋਕ ਵੀ ਕੁਦਰਤੀ ਸੋਮਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣ।