ਇਹ ਹੈ ਸਿੱਖ ਰਾਜ ਦਾ ਸਭ ਤੋਂ ਵੱਡਾ ਵਿਗਿਆਨਿਕ

 

ਅਸੀਂ ਸਾਰੇ ਹੀ ਬਹੁਤ ਅੰਗਰੇਜ਼ ਵਿਗਿਆਨੀਆਂ ਬਾਰੇ ਜਾਣਕਾਰੀ ਰੱਖਦੇ ਹਾਂ, ਪਰ ਆਪਣੇ ਸਿੱਖ ਵਿਗਿਆਨੀਆਂ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ। ਅੱਜ ਅਸੀਂ ਤੁਹਾਨੂੰ ਇੱਕ ਉੱਘੇ ਸਿੱਖ ਵਿਗਿਆਨੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਸਿੱਖ ਰਾਜ ਸਮੇਂ ਬਹੁਤ ਸਾਰੀਆਂ ਖੋਜਾਂ ਕੀਤੀਆਂ ਸਨ। ਜਿਨ੍ਹਾਂ ਦਾ ਨਾਮ ਸਰਦਾਰ ਲਹਿਣਾ ਸਿੰਘ ਮਜੀਠੀਆ ਹੈ। ਸਰਦਾਰ ਲਹਿਣਾ ਸਿੰਘ ਜੀ ਦਾ ਜਨਮ 1825 ਵਿੱਚ ਮਜੀਠਾ ਪਿੰਡ ਵਿੱਚ ਦੇਸਾ ਸਿੰਘ ਮਜੀਠੀਆ ਜੀ ਦੇ ਘਰ ਹੋਇਆ ਸੀ।

1832 ਵਿੱਚ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਤੋਂ ਬਾਅਦ ਇਨ੍ਹਾਂ ਨੂੰ ਕਾਂਗੜਾ ਅਤੇ ਹੋਰ ਪਹਾੜੀ ਇਲਾਕਿਆਂ ਦਾ ਨਾਜ਼ਿਮ ਸਥਾਪਿਤ ਕੀਤਾ ਗਿਆ। ਉਸ ਸਮੇਂ ਇਨ੍ਹਾਂ ਦਾ ਕੰਮ ਦੇਸ਼ ਵਿਦੇਸ਼ ਤੋਂ ਆਏ ਮਹਿਮਾਨਾਂ ਦੀ ਦੇਖਭਾਲ ਕਰਨਾ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਮਿਸ਼ਨਾਂ ਦੀ ਅਗਵਾਈ ਕਰਨਾ ਸੀ। ਸਰਦਾਰ ਲਹਿਣਾ ਸਿੰਘ ਇੱਕ ਚੰਗੇ ਖੋਜਕਾਰ ਹੋਣ ਦੇ ਨਾਲ ਨਾਲ ਚੰਗੇ ਮਕੈਨਿਕ ਵੀ ਸਨ, ਉਨ੍ਹਾਂ ਕਈ ਤੋਪਾਂ ਅਤੇ ਬੰਦੂਕਾਂ ਦੇ ਨਕਸ਼ੇ ਤਿਆਰ ਕੀਤੇ ਅਤੇ ਬਾਅਦ ਵਿੱਚ ਅੰਗਰੇਜ਼ਾਂ ਨੇ ਉਨ੍ਹਾਂ ਦੀ ਨਕਲ ਕਰਕੇ ਤੋਪਾਂ ਬੰਦੂਕਾਂ ਤਿਆਰ ਕੀਤੀਆਂ। ਉਨ੍ਹਾਂ ਦੁਆਰਾ ਸਿੱਖ ਰਾਜ ਵਿੱਚ ਇੱਕ ਤੋਪ ਤਿਆਰ ਕੀਤੀ ਗਈ ਸੀ ਜਿਸਨੂੰ ਸੂਰਜ ਮੁਖੀ ਕਿਹਾ ਗਿਆ।

ਸਟੀਲ ਨਾਲ ਤਿਆਰ ਕੀਤੀ ਗਈ ਇਸ ਤੋਪ ਨੂੰ ਵੇਖ ਕੇ ਗੋਰੇ ਹੈਰਾਨ ਸਨ ਕਿਉਂਕਿ ਉਨ੍ਹਾਂ ਦੀਆਂ ਤੋਪਾਂ ਗੋਲੇ ਦਾਗਣ ਸਮੇਂ ਗਰਮ ਹੋ ਜਾਂਦੀਆਂ ਸਨ ਤੇ ਬਾਅਦ ਵਿੱਚ ਰੇਤਾ ਅਤੇ ਪਾਣੀ ਨਾਲ ਠੰਢੀਆਂ ਕਰਨੀਆਂ ਪੈਂਦੀਆਂ ਸਨ। ਜਦਕਿ ਸੂਰਜਮੁਖੀ ਵਿੱਚੋ ਇੱਕੋ ਸਮੇਂ ਵਿੱਚ ਕਈ ਗੋਲੇ ਦਾਗ਼ੇ ਜਾ ਸਕਦੇ ਸਨ ਅਤੇ ਇਸ ਦਾ ਬੈਰਲ ਵੀ ਗਰਮ ਨਹੀਂ ਹੁੰਦਾ ਸੀ। ਇਸ ਤੋਂ ਇਲਾਵਾ ਉਹਨਾਂ ਨੇ ਇੱਕ ਘੜੀ ਵੀ ਤਿਆਰ ਕੀਤੀ ਜੋ ਧੁੱਪ ਦੇ ਹਿਸਾਬ ਨਾਲ ਸਮਾਂ ਦੱਸ ਸਕਦੀ ਸੀ।

ਇਹ ਸਿੱਖ ਰਾਜ ਦੀ ਉਸ ਸਮੇਂ ਸਭ ਤੋਂ ਪਹਿਲਾਂ ਤਿਆਰ ਕੀਤੀ ਗਈ ਘੜੀ ਸੀ ਜਿਸ ਨੂੰ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤਾ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਘੜੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਰਖਾ ਦਿੱਤੀ ਜੋ ਕਿ ਅੱਜ ਵੀ ਉੱਥੇ ਮੌਜੂਦ ਹੈ। ਸਰਦਾਰ ਲਹਿਣਾ ਸਿੰਘ ਜੀ ਨੂੰ ਸਾਹਿਬੇ ਕਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਵਿਗਿਆਨੀ ਬਾਰੇ ਅੱਜ ਦੇ ਸਮੇਂ ਵਿਚ ਕੋਈ ਵਿਰਲਾ ਹੀ ਜਾਣਦਾ ਹੈ।