ਵੱਡੇ ਕਿਸਾਨਾਂ ਦੀ ਖੇਤੀ ਆਮਦਨ ਉਪਰ ਟੈਕਸ ਲਗਾਉਣ ਸਬੰਧੀ ਹਾਈਕੋਰਟ ਵਲੋਂ ਨੋਟਿਸ ਜਾਰੀ

ਖੇਤੀ ਤੋਂ ਆਮਦਨ ‘ਤੇ ਆਮਦਨ ਕਰ ਦੀ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਬਾਦਲ, ਸ: ਮਨਪ੍ਰੀਤ ਬਾਦਲ, ਰਾਣਾ ਗੁਰਜੀਤ, ਸ: ਕੁਲਜੀਤ ਸਿੰਘ ਨਾਗਰਾ ਅਤੇ ਭੁਪਿੰਦਰ ਸਿੰਘ ਹੁੱਡਾ ਜਹੇ ਅਮੀਰ ਤੇ ਵੱਡੇ ਕਿਸਾਨਾਂ ਨੂੰ ਮਿਲਦੀ ਛੋਟ ਨੂੰ ਐਡਵੋਕੇਟ ਐਚ.ਸੀ. ਅਰੋੜਾ ਨੇ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ | ਹਾਈਕੋਰਟ ਨੇ ਕੇਂਦਰ, ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ | ਸੁਣਵਾਈ 17 ਨਵੰਬਰ ਨੂੰ ਹੋਵੇਗੀ |

ਪਟੀਸ਼ਨ ਵਿਚ ਕਿਹਾ ਹੈ ਕਿ ਖੇਤੀ ਤੋਂ ਹੋਣ ਵਾਲੀ ਸਮੁੱਚੀ ਆਮਦਨ ਨੂੰ ਟੈਕਸ ਤੋਂ ਛੋਟ ਦੇਣਾ ਗ਼ਲਤ ਹੈ, ਕਿਉਂਕਿ ਇਸ ਨਾਲ ਖ਼ੁਸ਼ਹਾਲ ਤੇ ਅਮੀਰ ਕਿਸਾਨਾਂ ਨੂੰ ਵੀ ਲਾਭ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਸਨਅਤ, ਟਰਾਂਸਪੋਰਟ ਤੇ ਸ਼ਰਾਬ ਦਾ ਧੰਦਾ ਕਰ ਰਹੇ ਜ਼ਿੰਮੀਦਾਰ ਆਪਣੇ ਇਨ੍ਹਾਂ ਕਾਰੋਬਾਰਾਂ ਦੀ ਆਮਦਨ ਨੂੰ ਕਿਸਾਨੀ ਤੋਂ ਹੋਈ ਆਮਦਨ ਵਿਖਾ ਕੇ ਆਮਦਨ ਕਰ ਵਿਚ ਕਿਸਾਨੀ ਨੂੰ ਮਿਲਦੀ ਛੋਟ ਦਾ ਨਾਜਾਇਜ਼ ਫ਼ਾਇਦਾ ਚੁੱਕ ਰਹੇ ਹਨ ਅਤੇ ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਹੋ ਰਿਹਾ ਹੈ, ਕਿਉਂਕਿ ਅਜਿਹੇ ਵਿਅਕਤੀ ਕਾਰੋਬਾਰ ਤੋਂ ਹੁੰਦੀ ਆਮਦਨ ਨੂੰ ਖੇਤੀ ਤੋਂ ਹੋਈ ਆਮਦਨ ਦੱਸ ਕੇ ਟੈਕਸ ਬਚਾ ਲੈਂਦੇ ਹਨ |

ਹਾਈਕੋਰਟ ਨੂੰ ਦੱਸਿਆ ਗਿਆ ਕਿ ਟੈਕਸ ਐਡਮਨਿਸਟੇ੍ਰਸ਼ਨ ਰੀਫਾਰਮਸ ਕਮਿਸ਼ਨ ਨੇ ਸਾਲ 2014 ਵਿਚ ਕੇਂਦਰ ਸਰਕਾਰ ਤੇ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਸ ਨੂੰ ਦਿੱਤੀ ਆਪਣੀ ਰਿਪੋਰਟ ਵਿਚ ਸਿਫ਼ਾਰਸ਼ ਕੀਤੀ ਸੀ ਕਿ 50 ਲੱਖ ਰੁਪਏ ਤੋਂ ਵੱਧ ਆਮਦਨ ਵਾਲੇ ਕਿਸਾਨਾਂ ਨੂੰ ਆਮਦਨ ਕਰ ਦੇ ਦਾਇਰੇ ਵਿਚ ਲਿਆਇਆ ਜਾਣਾ ਚਾਹੀਦਾ ਹੈ ਪਰ ਕੇਂਦਰ ਸਰਕਾਰ ਨੇ ਇਹ ਸਿਫ਼ਾਰਸ਼ ਨਹੀਂ ਮੰਨੀ, ਜਿਸ ਕਰਕੇ ਹੁਣ ਪਟੀਸ਼ਨ ਦਾਖ਼ਲ ਕਰਨੀ ਪਈ ਹੈ | ਇਨ੍ਹਾਂ ਦਲੀਲਾਂ ਨਾਲ ਹਾਈਕੋਰਟ ਕੋਲੋਂ ਮੰਗ ਕੀਤੀ ਗਈ ਹੈ ਕਿ ਸਰਕਾਰ ਨੂੰ ਅਮੀਰ ਕਿਸਾਨਾਂ ਨੂੰ ਮਿਲਦੀ ਆਮਦਨ ਕਰ ‘ਤੇ ਛੋਟ ਬੰਦ ਕਰਨ ਦੀ ਹਦਾਇਤ ਕੀਤੀ ਜਾਣੀ ਚਾਹੀਦੀ ਹੈ |