ਸਾਲਾਨਾ 85 ਲੱਖ ਦਾ ਦੁੱਧ ਵੇਚਦਾ ਹੈ ਰਣਜੀਤ ਸਿੰਘ ਮਾਨ

ਨਾਭਾ ਮੁੱਖ ਮਾਰਗ ‘ਤੇ ਰੱਖੜਾ ਪਿੰਡ ਤੋਂ ਡੇਢ ਕਿਲੋਮੀਟਰ ਦੀ ਦੂਰੀ ‘ਤੇ ਰਣਜੀਤ ਸਿੰਘ ਮਾਨ ਦਾ ‘ਮਾਨ ਡੇਅਰੀ ਫਾਰਮ’ ਦੇ ਨਾਂਅ ਨਾਲ ਜਾਣਿਆ ਜਾਂਦਾ 110 ਗਾਵਾਂ ‘ਤੇ ਆਧਾਰਿਤ ਡੇਅਰੀ ਫਾਰਮ ਖੇਤੀ ਸਹਾਇਕ ਧੰਦਿਆਂ ਦੇ ਖੇਤਰ ਵਿਚ ਆਪਣੇ-ਆਪ ਵਿਚ ਹੀ ਇਕ ਮਾਡਲ ਹੈ। ਗਾਵਾਂ ਦੇ ਇਸ ਵੱਗ ‘ਚ ਹੋਲਸੀਟੀਅਨ ਫਰੀਜ਼ਨ (ਐਚ ਐਫ਼), ਜਰਸੀ ਤੇ ਸਾਹੀਵਾਲ ਬਰੀਡ ਦੀਆਂ ਗਾਵਾਂ ਸ਼ਾਮਿਲ ਹਨ।

ਇਨ੍ਹਾਂ ਗਾਵਾਂ ਤੋਂ ਮਾਨ 10 ਕੁਇੰਟਲ ਦੁੱਧ ਹਰ ਰੋਜ਼ ਪ੍ਰਾਪਤ ਕਰਦਾ ਹੈ। ਇਹ ਦੁੱਧ ਜ਼ਿਆਦਾ ਮਾਤਰਾ ‘ਚ ਨੈਸਲੇ ਤੇ ਵੇਰਕਾ ਮਿਲਕ ਪਲਾਂਟ ਖ਼ਰੀਦ ਕੇ ਲੈ ਜਾਂਦੇ ਹਨ। ਕੁਝ ਖਪਤਕਾਰ ਵੀ ਇੱਥੋਂ ਦੁੱਧ ਖ਼ਰੀਦ ਕੇ ਲੈ ਜਾਂਦੇ ਹਨ। ਨੈਸਲੇ ਵਲੋਂ 28-29 ਰੁਪਏ ਪ੍ਰਤੀ ਲਿਟਰ ਅਤੇ ਵੇਰਕਾ ਵਲੋਂ 24 ਰੁਪਏ ਪ੍ਰਤੀ ਲਿਟਰ ਦੁੱਧ ਖਰੀਦਿਆ ਜਾਂਦਾ ਹੈ। ਮਾਨ ਸਾਰਾ ਦੁੱਧ ਨੈਸਲੇ ਨੂੰ ਇਸ ਲਈ ਨਹੀਂ ਪਾਉਂਦਾ ਮਤੇ ਨਿੱਜੀ ਖੇਤਰ ਦਾ ਇਹ ਪਲਾਂਟ ਕਿਸੇ ਵੇਲੇ ਵੀ ਇਹ ਦੁੱਧ ਲੈਣਾ ਬੰਦ ਕਰ ਦੇਵੇ ਜਾਂ ਮਾਤਰਾ ਘਟਾ ਦੇਵੇ।

ਵੇਰਕਾ ਨੂੰ 4-5 ਰੁਪਏ ਸਸਤਾ ਦੇ ਕੇ ਵੀ ਉਹ ਆਪਣੇ-ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੈ। ਭਾਵੇਂ ਨਿੱਜੀ ਖਪਤਕਾਰ ਇਸ ਡੇਅਰੀ ਫਾਰਮ ਤੋਂ 35 ਰੁਪਏ ਲਿਟਰ ਦੁੱਧ ਖ਼ਰੀਦ ਕੇ ਲੈ ਜਾਂਦੇ ਹਨ ਪਰ ਉਹ ਬੜੇ ਸੰਤੁਸ਼ਟ ਹਨ, ਕਿਉਂਕਿ ਦੁੁੱਧ ਵਿਚ ਸ਼ੁੱਧਤਾ ਅਤੇ ਪੌਸ਼ਟਿਕਤਾ ਪੂਰੀ ਹੁੰਦੀ ਹੈ। ਮਾਨ ਗਾਵਾਂ ਨੂੰ ਫੀਡ ਤੇ ਚਾਰਾ ਸੰਤੁਲਤ ਪੂਰੇ ਵਿਟਾਮਿਨਾਂ ਨਾਲ ਭਰਪੂਰ ਸਮੇਂ ਸਿਰ ਖਿਲਾਉਂਦਾ ਹੈ। ਉਸ ਦਾ 12 ਏਕੜ ਦਾ ਫਾਰਮ ਹੈ, ਜਿਸ ‘ਤੇ ਡੇਅਰੀ ਫਾਰਮ ਸਥਾਪਿਤ ਹੈ। ਇੱਥੇ ਉਹ ਬਰਸੀਮ ਤੇ ਹੋਰ ਕਿਸਮ ਦੇ ਨੇਪੀਅਰ ਬਾਜਰਾ, ਚਰ੍ਹੀ, ਮੱਕੀ ਆਦਿ ਜਿਹੇ ਚਾਰੇ ਪੈਦਾ ਕਰਦਾ ਹੈ।

ਉਹ ਕਹਿੰਦਾ ਹੈ ਕਿ ਗਾਵਾਂ ਨੂੰ ਪੌਸ਼ਟਿਕਤਾ ਭਰਪੂਰ ਫੀਡ ਦੇਣ ਲਈ ਡਰਾਈ ਮੈਟਰ ਵੀ ਬਹੁਤ ਜ਼ਰੂਰੀ ਹੈ। ਉਸ ਨੇ ਆਧੁਨਿਕ ਸਾਇਲੋ ਪਿੱਟ ਬਣਾ ਰੱਖਿਆ ਹੈ, ਜਿੱਥੇ ਉਹ ਆਚਾਰ ਵੀ ਬਣਾਉਂਦਾ ਹੈ। ਇਸ ਸਾਇਲੋ ਪਿੱਟ ਲਈ ਉਸ ਨੂੰ ਕੇਂਦਰ ਸਰਕਾਰ ਤੋਂ 1.05 ਲੱਖ ਰੁਪਏ ਦੀ ਗਰਾਂਟ ਮਿਲੀ ਸੀ। ਪੁਰਾਣੇ ਸਮੇਂ ਦੇ ਗ੍ਰੈਜੂਏਟ 73 ਵਰ੍ਹੇ ਦੇ ਸ: ਮਾਨ ਨੇ ਇਹ ਡੇਅਰੀ ਫਾਰਮ ਬੜੇ ਛੋਟੇ ਪੱਧਰ ‘ਤੇ 1972 ‘ਚ ਥੋੜ੍ਹੀਆਂ ਜਿਹੀਆਂ ਦੇਸੀ ਗਾਵਾਂ ਰੱਖ ਕੇ ਸ਼ੁਰੂ ਕੀਤਾ ਸੀ।

ਉਸ ਨੇ ਆਪਣਾ ਬਰੀਡਿੰਗ ਪ੍ਰੋਗਰਾਮ ਚਾਲੂ ਕਰਕੇ ਇਸ ਚੌਣੇ ਨੂੰ ਵਧਾਇਆ। ਕੋਈ ਗਾਂ ਬਾਹਰੋਂ ਨਹੀਂ ਖ਼ਰੀਦੀ। ਬਰੀਡਿੰਗ ਵਿਚ ਮਾਨ ਨੇ ਐਨੀ ਮੁਹਾਰਤ ਹਾਸਲ ਕੀਤੀ ਕਿ ਇਕ ਸਮੇਂ ਸਾਹੀਵਾਲ ਬੁੱਲ ਨਾਲ ਕਰਾਸ ਕੀਤੀ ਗਾਂ ਤੋਂ 40 ਲਿਟਰ ਪ੍ਰਤੀ ਦਿਨ ਦੁੱਧ ਦੀ ਪ੍ਰਾਪਤੀ ਕੀਤੀ। ਇਸ ਡੇਅਰੀ ਫਾਰਮ ਦੀ ਸਭ ਤੋਂ ਉੱਤਮ ਗਾਂ ਨੇ 70 ਲਿਟਰ ਪ੍ਰਤੀ ਦਿਨ ਤੱਕ ਵੀ ਦੁੱਧ ਦਿੱਤਾ ਹੈ। ਮਾਨ ਕਹਿੰਦਾ ਹੈ ਕਿ ਕਿਸੇ ਨੂੰ ਵਿਸ਼ਵਾਸ ਨਹੀਂ ਆਵੇਗਾ ਕਿ ਉਸ ਦੀ ਇਕ ਗਾਂ 40 ਸਾਲ ਦੀ ਉਮਰ ਪਾ ਕੇ ਮਰੀ ਹੈ। ਇਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹ ਇਨ੍ਹਾਂ ਗਾਵਾਂ ਦੀ ਕਿੰਨੀ ਦੇਖਭਾਲ ਤੇ ਸੇਵਾ ਕਰਦਾ ਹੈ।

ਉਹ ਕਹਿੰਦਾ ਹੈ ਕਿ ਜੇ ਤੁਸੀਂ ਦੁੱਧ 40-50 ਲਿਟਰ ਲੈਂਦੇ ਹੋ ਤਾਂ ਉਸ ਗਾਂ ਨੂੰ ਵਿਟਾਮਿਨ ਭਰਪੂਰ 70 ਕਿਲੋ ਖੁਰਾਕ ਵੀ ਦੇਣੀ ਬਣਦੀ ਹੈ, ਜੋ ਆਮ ਪਾਲਕ ਨਹੀਂ ਦਿੰਦੇ। ਉਸ ਦਾ ਦਾਅਵਾ ਹੈ ਕਿ ਉਸ ਦੇ ਡੇਅਰੀ ਫਾਰਮ ‘ਤੇ ਜੇ ਕੋਈ ਗਾਂ ਬਿਮਾਰ ਹੋ ਜਾਂਦੀ ਹੈ ਤਾਂ ਉਸ ਦਾ ਦੁੱਧ ਵੱਖਰਾ ਰੱਖਿਆ ਜਾਂਦਾ ਹੈ। ਉਸ ਲਈ ਵੱਖਰੇ ਕਮਰਾ ਅਤੇ ਸਾਜ਼ੋ-ਸਾਮਾਨ ਹੈ ਤੇ ਉਸ ਨੂੰ ਇਲਾਜ ਕਰਕੇ ਹੀ ਬਾਹਰ ਲਿਆਂਦਾ ਜਾਂਦਾ ਹੈ।

ਹਰ ਗਾਂ ਦਾ ਮਤਵਾਤਰ ਡਾਕਟਰੀ ਮੁਆਇਨਾ ਕੀਤਾ ਜਾਂਦਾ ਹੈ, ਜਿਸ ਲਈ ਨਿੱਜੀ ਖੇਤਰ ਦੇ ਡਾਕਟਰ ਵੀ ਮਾਨ ਨੇ ਨਿਯਤ ਕੀਤੇ ਹੋਏ ਹਨ। ਉਹ ਕਹਿੰਦਾ ਹੈ ਕਿ ਇਹ ਵੀ ਇਕ ਮਿੱਥ ਹੈ ਕਿ ਦੇਸੀ ਗਾਂ ਦਾ ਦੁੱਧ ਵਧੇਰੇ ਲਾਭਦਾਇਕ ਹੈ। ਜੇ ਐਚ. ਐਫ. ਜਾਂ ਜਰਸੀ ਗਾਂ ਨੂੰ ਪੂਰੀ ਪੌਸ਼ਟਿਕ ਖੁਰਾਕ ਦਿੱਤੀ ਜਾਵੇ ਤਾਂ ਉਸ ਦਾ ਦੁੱਧ ਸਗੋਂ ਵਧੇਰੇ ਸਿਹਤਮੰਦ ਤੇ ਲਾਹੇਵੰਦ ਹੁੰਦਾ ਹੈ। ਉਹ ਕਹਿੰਦਾ ਹੈ ਕਿ ਇਕ ਖਪਤਕਾਰ ਉਸ ਦੇ ਡੇਅਰੀ ਫਾਰਮ ਦੇ 5 ਕਿਲੋ ਦੁੱਧ ਨਾਲ ਪੂਰਾ ਪੌਸ਼ਟਿਕ ਇਤਨੀ ਹੀ ਮਾਤਰਾ ‘ਚ ਦੁੱਧ ਵਰਤ ਕੇ ਵੀ 200 ਗ੍ਰਾਮ ਦੇਸੀ ਘਿਓ ਅਤੇ ਘਰ ਦੀ ਲੋੜ ਲਈ ਪਨੀਰ ਦੀ ਪ੍ਰਾਪਤੀ ਕਰ ਸਕਦਾ ਹੈ, ਜੋ ਦੇਸੀ ਗਾਂ ਦੇ ਦੁੱਧ ਤੋਂ ਉਪਲਬੱਧ ਨਹੀਂ।

ਸ: ਮਾਨ ਸਾਲਾਨਾ 85 ਲੱਖ ਰੁਪਏ ਦਾ ਦੁੱਧ ਵੇਚਦਾ ਹੈ, ਜਿਸ ਵਿਚੋਂ ਸਾਰੇ ਖ਼ਰਚੇ ਕੱਢ ਕੇ ਅਤੇ ਬਰੀਡਿੰਗ ਰਾਹੀਂ ਚੌਣਾ ਵਧਾ ਕੇ ਅਸਾਸਾ ਵਧਾਉਣ ਤੋਂ ਇਲਾਵਾ 15 ਲੱਖ ਰੁਪਇਆ ਸਾਲਾਨਾ ਉਸ ਨੂੰ ਸ਼ੁੱਧ ਬੱਚਤ ਹੋ ਜਾਂਦੀ ਹੈ। ਉਹ ਕਹਿੰਦਾ ਹੈ ਕਿ ਉਸ ਦੀ ਸਫ਼ਲਤਾ ਦਾ ਰਾਜ਼ ਉਸ ਵਲੋਂ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਹੈ।

ਮਾਨ ਆਪਣੇ 12 ਏਕੜ ਫਾਰਮ ਤੇ ਚਾਰਿਆਂ ਤੋਂ ਇਲਾਵਾ ਕੁਝ ਰਕਬੇ ‘ਤੇ ਤਿੰਨ ਫ਼ਸਲਾਂ ਮੱਕੀ ਦੀਆਂ ਤੇ ਇਕ ਕਣਕ ਦੀ ਲੈ ਕੇ 110 ਕੁਇੰਟਲ ਪ੍ਰਤੀ ਏਕੜ ਉਤਪਾਦਨ ਦੀ ਪ੍ਰਾਪਤੀ ਕਰ ਲੈਂਦਾ ਹੈ, ਜੋ ਇਕ ਰਿਕਾਰਡ ਹੈ। ਉਹ ਕਹਿੰਦਾ ਹੈ ਕਿ ਜੋ ਡੇਅਰੀ ਫਾਰਮ ਸਫ਼ਲ ਨਹੀਂ ਹੋਏ, ਉਨ੍ਹਾਂ ਦੀ ਅਸਫ਼ਲਤਾ ਦਾ ਕਾਰਨ ਯੋਗ ਯੋਜਨਾਬੰਦੀ ਨਾ ਹੋਣਾ, ਮਾਲਕਾਂ ਵਲੋਂ ਆਪ ਮਿਹਨਤ ਨਾ ਕਰਨਾ ਅਤੇ ਲਾਗਤ ਦੀ ਘਾਟ ਹਨ।