ਰਾਜਵੀਰ ਸਿੰਘ ਮਹਿਰਾਜ ਤੋਂ ਸਿੱਖੋ ਮੱਛੀ ਪਾਲਣ ਦੇ ਗੁਣ, ਮੱਛੀ ਪਾਲਣ ਤੋਂ ਕਰਦਾ ਹੈ ਸਲਾਨਾ 25 ਲੱਖ ਦੀ ਕਮਾਈ

ਮਾਲਵੇ ਖਿੱਤੇ ਦੇ ਨੌਜਵਾਨ ਵੱਲੋਂ ਟਿੱਬਿਆਂ ਦੀ ਧਰਤੀ ’ਤੇ ਮੱਛੀਆਂ ਦੀ ਕਾਸ਼ਤ ਕਰਨ ਨਾਲ ਮੱਛੀ ਪਾਲਣ ਦਾ ਧੰਦਾ ਕਮਾਈ ਅਤੇ ਰੁਜ਼ਗਾਰ ਦਾ ਤਾਕਤਮਈ ਸਾਧਨ ਬਣ ਕੇ ਉੱਭਰਿਆ ਹੈ। ਖੇਤੀ ਵੰਨ-ਸੁਵੰਨਤਾ ਦਾ ਰਾਹ ਅਪਨਾਉਣ ਵਾਲੇ ਨੀਲੀ ਕ੍ਰਾਂਤੀ ਦੇ ਇਨਕਲਾਬੀ ਭਰਾਵਾਂ ਨੇ ਆਪਣੀ ਮਿਹਨਤ ਸਦਕਾ ਮੱਛੀ ਪਾਲਣ ਦੇ ਧੰਦੇ ਵਿੱਚ ਨਵ੍ਹਾਂ ਜਲਵਾ ਕਰ ਵਿਖਾਇਆ ਹੈ। ਬਠਿੰਡਾ ਜ਼ਿਲ੍ਹੇ ਦੇ ਵੱਡੇ ਪਿੰਡ ਮਹਿਰਾਜ ਦੇ ਆਮ ਕਿਸਾਨ ਘਰਾਣੇ ਵਿੱਚੋਂ ਰਾਜਵੀਰ ਸਿੰਘ ਉਰਫ਼ ਰਾਜਾ ਵੱਲੋਂ ਅਪਣਾਇਆ ਮੱਛੀ ਪਾਲਣ ਦਾ ਧੰਦਾ ਸ਼ਲਾਘਾਯੋਗ ਉਪਰਾਲਾ ਹੈ।

ਇਹ ਦੋਵੇਂ ਭਰਾ ਕੁਲਦੀਪ ਸਿੰਘ ਤੇ ਰਾਜਵੀਰ ਸਿੰਘ ਮੱਛੀ ਪਾਲਣ ਦੇ ਧੰਦੇ ਦੇ ਨਾਲ ਨਾਲ ਖੇਤੀਬਾੜੀ ਦਾ ਕੰਮ ਵੀ ਕਰਦੇ ਹਨ।ਰਾਜਵੀਰ ਸਿੰਘ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਖੇਤੀਬਾੜੀ ਕੈਂਪ ਲਾਉਣ ਜਾਂਦਾ ਸੀ ਤਾਂ ਉੱਥੇ ਉਸ ਦੀ ਮੁਲਾਕਾਤ ਮੱਛੀ ਪ੍ਰਸਾਰ ਅਫਸਰ ਅਜੀਤ ਸਿੰਘ ਤੇ ਸੁਖਦੇਵ ਸਿੰਘ ਨਾਲ ਹੋਈ, ਜਿਨ੍ਹਾਂ ਨੇ ਕਈ ਕੈਂਪਾਂ ਵਿੱਚ ਮੱਛੀ ਫਾਰਮ ਪਾਲਕ ਤੇ ਕਿਸਾਨਾਂ ਨਾਲ ਉਸ ਦਾ ਮੇਲ-ਮਿਲਾਪ ਕਰਵਾਇਆ। ਦੋ ਸਾਲ ਬਾਅਦ ਆਪਣੇ ਪਿਤਾ ਦੀ ਪ੍ਰੇਰਨਾ ਸਦਕਾ ਸਾਲ 2002 ਵਿੱਚ ਸਿੱਧੂ ਮੱਛੀ ਫਾਰਮ ਬਣਾਇਆ ਤੇ ਆਪਣੇ ਖੇਤ ਵਿੱਚ 5 ਏਕੜ ਦਾ ਮੱਛੀ ਪਾਲਣ ਲਈ ਤਲਾਅ ਤਿਆਰ ਕੀਤਾ।

ਇਸ ’ਤੇ ਦੋ ਲੱਖ ਰੁਪਏ ਦਾ ਖ਼ਰਚ ਆਇਆ। ਮੱਛੀ ਸੀਡ ਹਰਿਆਣਾ ਮਦੇੜੀ ਦੇ ਮਸ਼ਹੂਰ ਫਾਰਮ ਤੋ ਲਿਆਂਦਾ ਗਿਆ। ਆਪਣੀ ਮਿਹਨਤ ਤੇ ਲਗਨ ਸਕਦਾ ਅਤੇ ਮੌਸਮ, ਫੀਡ ਤੇ ਦਵਾਈਆਂ ਦਾ ਖਿਆਲ ਰੱਖਦਿਆਂ ਪਹਿਲੀ ਵਾਰ ’ਚ ਹੀ ਰਾਜਵੀਰ ਸਿੰਘ ਨੇ ਵਧੀਆ ਕਮਾਈ ਕੀਤੀ।ਰਾਜਵੀਰ ਨੇ ਮੱਛੀ ਪਾਲਣ ਦੇ ਧੰਦੇ ਨਾਲ ਮੱਛੀ ਪਾਲਣ ਕੇਂਦਰ ਬਠਿੰਡਾ ਤੋਂ ਸਿਖਲਾਈ ਵੀ ਲਈ। ਸਮੇਂ ਸਮੇਂ ’ਤੇ ਕੁਝ ਕਰਨ ਲਈ ਉਹ ਮੱਛੀ ਦੇ ਉੱਘੇ ਕਾਰੋਬਾਰੀਆਂ ਨਾਲ ਰਾਬਤਾ ਰੱਖਦਾ ਹੈ ਅਤੇ ਹੁਣ ਤੱਕ ਮੱਛੀ ਪਾਲਣ ਸਬੰਧੀ ਕਈ ਸੂਬਿਆਂ ਤੇ ਪ੍ਰਦੇਸ਼ਾਂ ਦੇ ਦੌਰੇ ਕਰ ਚੁੱਕਾ ਹੈ।

ਉਸ ਕੋਲ ਹੁਣ ਤਲਾਅ ਤੋਂ ਇਲਾਵਾ 20 ਪਿੰਡਾਂ ਦੇ ਪੰਚਾਇਤੀ ਛੱਪੜ ਠੇਕੇ ਉਪਰ ਹਨ। ਮੱਛੀ ਪਾਲਣ ਦੇ ਧੰਦੇ ਵਿੱਚੋਂ ਸਾਰੇ ਖ਼ਰਚੇ ਕੱਢ ਕੇ ਤਕਰੀਬਨ 25 ਲੱਖ ਰੁਪਏ ਸਾਲਾਨਾ ਕਮਾਈ ਕਰ ਕੇ ਨੌਜਵਾਨਾਂ ਲਈ ਰਾਹ ਦਸੇਰਾ ਬਣਿਆ ਹੈ। ਸਰਕਾਰ ਵੱਲੋਂ ਮਾਨਤਾ ਪ੍ਰਾਪਤ ਮੱਛੀ ਪਾਉਣ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ, ਜਿਨ੍ਹਾਂ ਵਿੱਚ ਵਿਦੇਸ਼ੀ ਮੱਛੀ ਸਿਲਵਰ ਕਾਰਪ, ਗਰਾਸ ਕਾਰਪ, ਕਾਮਨ ਕਾਰਪ ਅਤੇ ਦੇਸੀ ਮੱਛੀਆਂ ਵਿੱਚ ਕੱਤਲਾ, ਰੋਹੂ, ਮੁਰਾਖ ਆਦਿ ਸ਼ਾਮਲ ਹਨ। ਇੱਕ ਹੈਕਟੇਅਰ ਵਿੱਚ 12 ਹਜ਼ਾਰ ਤੋ 15 ਹਜ਼ਾਰ ਤਕ ਪੂੰਗ ਪੈਂਦਾ ਹੈ। ਮੱਛੀ ਦੀ ਖੁਰਾਕ ਲਈ ਫੀਡ ਹੈਦਰਾਬਾਦ ਤੋਂ ਲਿਆਂਦੀ ਜਾਂਦੀ ਹੈ । ਰਾਜਵੀਰ ਦੇ ਇਸ ਧੰਦੇ ਨਾਲ ਕੋਈ 35 ਆਦਮੀਆਂ ਨੂੰ ਰੁਜ਼ਗਾਰ ਮਿਲਿਆ ਹੈ।

ਮੱਛੀਆਂ ਦੇ ਤਲਾਅ ਉੱਪਰ ਸ਼ਿਕਾਰੀ ਪੰਛੀਆਂ ਤੋ ਬਚਾਅ ਲਈ ਜਾਲ ਪਾਇਆ ਗਿਆ ਹੈ। ਤਲਾਅ ਵਿੱਚ 20 ਲੱਖ ਬੱਚਾ ਸਟੋਰ ਕਰਨ ਦੀ ਸਮਰੱਥਾ ਹੈ, ਜਿਨ੍ਹਾਂ ਨੂੰ ਅੱਗੇ ਪੰਚਾਇਤੀ ਛੱਪੜਾਂ ਵਿੱਚ ਪਾਇਆ ਜਾਂਦਾ ਹੈ। ਇੱਕ ਹੈਕਟੇਅਰ ਵਿੱਚੋਂ 5 ਤੋ 6 ਟਨ ਮੱਛੀ ਨਿਕਲਦੀ ਹੈ ਅਤੇ ਇਸ ਦਾ ਵਜ਼ਨ 1 ਤੋ 2 ਕਿੱਲੋ ਤਕ ਦਾ ਹੁੰਦਾ ਹੈ। ਰਾਜਵੀਰ ਨੇ ਸਾਲ 2007 ਵਿੱਚ ਪੰਜਾਬ ਅੰਦਰ ਸਭ ਤੋ ਪਹਿਲਾਂ ਘੱਟ ਖ਼ਰਚੇ ’ਤੇ ਜ਼ਿਆਦਾ ਆਮਦਨ ਦਾ ਰਿਕਾਰਡ ਬਣਾਇਆ ਹੈ। ਧੰਦੇ ਨੂੰ ਕਾਮਯਾਬ ਕਰਨ ਲਈ ਬੰਗਾਲ ਦੇ ਡਾਕਟਰਾਂ ਦੀ ਟੀਮ ਨੂੰ ਦੋ ਸਾਲ ਲਈ ਤਨਖ਼ਾਹ ’ਤੇ ਰੱਖਿਆ ਜੋ ਸਮੇਂ ਸਮੇਂ ਸਿਰ ਫਾਰਮ ਆ ਕੇ ਮੱਛੀਆਂ ਚੈੱਕ ਕਰਦੇ ਸਨ।

ਤਲਾਅ ਦੇ ਆਸੇ-ਪਾਸੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਜਾਮਣ, ਅਮਰੂਦ ਅਤੇ ਹੋਰ ਦਰਖ਼ਤ ਲਾਏ ਗਏ ਹਨ। ਰਾਜਵੀਰ ਰਾਜਾ ਨੇ ਕਿਹਾ ਕਿ ਇਸ ਧੰਦੇ ਵਿੱਚ ਸ਼ੁੱਧ ਲਾਭ ਹੋਣ ਦੇ ਨਾਲ ਨਾਲ ਮੰਡੀਕਰਨ ਦੀ ਸਹੂਲਤ ਲਈਂ ਮੱਛੀ ਪਾਲਕ ਕਿਸਾਨਾਂ ਨੂੰ ਇੱਕ ਵੀ ਪੈਸਾ ਖ਼ਰਚਣਾ ਨਹੀਂ ਪੈਦਾ। ਮੱਛੀ ਦੇ ਠੇਕੇਦਾਰ ਫ਼ੋਨ ’ਤੇ ਹੀ ਰੇਟ ਤੈਅ ਕਰ ਕੇ ਮੱਛੀ ਲੈ ਜਾਂਦੇ ਹਨ। ਕੰਮ ਸ਼ੁਰੂ ਕਰਨ ਸਮੇਂ ਮੱਛੀ ਦਾ ਮੁੱਲ 1500 ਰੁਪਏ ਪ੍ਰਤੀ ਕੁਇੰਟਲ ਸੀ ਜਦੋਂਕਿ ਅੱਜ ਮਾਰਕੀਟ ਮੁੱਲ 12 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਹੈ। ਮੱਛੀ ਦੀ ਮਾਰਕੀਟਿੰਗ ਲੁਧਿਆਣਾ, ਪਟਿਆਲਾ, ਚੰਡੀਗੜ੍ਹ ਅਤੇ ਸ੍ਰੀਨਗਰ ਵਿੱਚ ਕੀਤੀ ਜਾਂਦੀ ਹੈ ।

ਰਾਜਵੀਰ ਨੇ ਨਵੀਂ ਵਿਉਂਤਬੰਦੀ ਕਰਦਿਆਂ 10 ਏਕੜ ਜ਼ਮੀਨ ਵਿੱਚ ਆਧੁਨਿਕ ਤਲਾਅ ਬਣਾ ਕੇ ਕਿਸ਼ਤੀਆਂ ਛੱਡਣ ਦਾ ਪ੍ਰੋਗਰਾਮ ਬਣਾਇਆ ਹੈ। ਲਾਈਟਾਂ ਲਾਉਣ ਤੋਂ ਇਲਾਵਾ ਏਰੀਏਟਰ ਵੀ ਲਾਇਆ ਜਾਵੇਗਾ। ਇਸ ਦੇ ਚਾਰੇ ਪਾਸੇ ਫੁੱਲਦਾਰ ਬੂਟੇ ਅਤੇ ਦਰਖ਼ਤ ਲਾਏ ਜਾਣਗੇ। ਇਸ ਤਰ੍ਹਾਂ ਫਾਰਮ ਨੂੰ ਪਿਕਨਿਕ ਦੇ ਤੋਰ ’ਤੇ ਵਿਕਸਤ ਕੀਤਾ ਜਾਵੇਗਾ। ਨੌਜਵਾਨਾਂ ਨੂੰ ਸਹਾਇਕ ਧੰਦਿਆਂ ਬਾਰੇ ਜਾਣਕਾਰੀ ਦੇਣਾ, ਨਸ਼ਿਆਂ ਤੇ ਵਿਹਲ ਦੀ ਬਿਮਾਰੀ ਨਾਲ ਪੀੜਤ ਨੌਜਵਾਨਾਂ ਨੂੰ ਸੁਚੇਤ ਕਰਨਾ ਰਾਜਵੀਰ ਦਾ ਸੁਪਨਾ ਹੈ।