ਜਦੋਂ ਆਮ ਲੋਕਾਂ ਲਈ ਰਾਹਤ ਤੇ ਕਿਸਾਨਾਂ ਲਈ ਆਫ਼ਤ ਬਣ ਵਰਿਆ ਮੀਂਹ

November 14, 2017

ਉੱਤਰੀ ਭਾਰਤ ਸਮੇਤ ਪੰਜਾਬ ‘ਚ ਦੋ ਮਹੀਨੇ ਮੌਸਮ ਖ਼ੁਸਕ ਰਹਿਣ ਦੇ ਬਾਅਦ ‘ਚ ਅੱਜ ਸੂਬੇ ‘ਚ ਦੇਰ ਸ਼ਾਮ ਪੰਜਾਬ ਵਿੱਚ ਕਈ ਥਾਵਾਂ ‘ਤੇ ਹੋਈ ਬਾਰਿਸ਼ ਨਾਲ ਲੋਕਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਕਿਉਂਕਿ ਇਸ ਨਾਲ ਲੋਕਾਂ ਨੂੰ ਵਾਤਾਵਰਨ ‘ਚ ਛਾਈ ਧੁਆਂਖੀ ਧੁੰਦ ਤੋਂ ਰਾਹਤ ਮਿਲੇਗੀ। ਜਾਣਕਾਰੀ ਅਨੁਸਾਰ 15 ਤੇ 16 ਨਵੰਬਰ ਨੂੰ ਪੰਜਾਬ ਵਿਚ ਕੁਝ ਥਾਵਾਂ ‘ਤੇ ਹਲਕੀ ਬਾਰਿਸ਼, ਛਿੱਟੇ ਪੈਣ ਤੇ ਉਸ ਤੋਂ ਬਾਅਦ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ। ਇਕ ਪਾਸੇ ਜਿੱਥੇ ਆਮ ਲੋਕ ਵਾਤਾਵਰਨ ਸਾਫ ਹੋਣ ਕਰਕੇ ਖੁਸ਼ ਹਨ ਉਥੇ ਇਹ ਮੀਂਹ ਕਿਸਾਨ ਲਈ ਕਾਫੀ ਮੁਸੀਬਤਾਂ ਲੈ ਕੇ ਆਇਆ ਹੈ ।

ਪਰ ਦੂਜੇ ਪਾਸੇ ਕਿਸਾਨਾਂ ਉਪਰ ਇਸ ਬੇਮੌਸਮੀ ਬਾਰਿਸ਼ ਨਾਲ ਕਾਫੀ ਨੁਕਸਾਨ ਹੋਣ ਦਾ ਅਨੁਮਾਨ ਹੈ । ਕਿਓਂਕਿ ਕਿਸਾਨ ਜੋ ਦਾਣਾ ਮੰਡੀ ਵਿੱਚ 5-6 ਦਿਨਾਂ ਤੋਂ ਬਾਸਮਤੀ ਜਾਂ ਝੋਨਾ ਵੇਚਣ ਲਈ ਝੋਨੇ ਦੀ ਨਮੀ ਘੱਟਣ ਦਾ ਇੰਤਜ਼ਾਰ ਵਿੱਚ ਬੈਠੇ ਹੋਏ ਸਨ ਤੇ ਅਚਾਨਕ ਮੀਂਹ ਨਾਲ ਝੋਨਾ ਪੂਰੀ ਤਰਾਂ ਨਾਲ ਦੁਬਾਰਾ ਗਿੱਲਾ ਹੋ ਗਿਆ ਜਿਸ ਕਰਕੇ ਹੁਣ ਉਹਨਾਂ ਨੂੰ ਕਈ ਦਿਨ ਹੋਰ ਮੰਡੀ ਵਿੱਚ ਗੁਜ਼ਾਰਨੇ ਪੈਣਗੇ ਜਾ ਵਾਪਿਸ ਲੈ ਕੇ ਆਉਣਾ ਪਵੇਗਾ । ਨਾਲ ਹੀ ਹੁਣ ਵਪਾਰੀ ਵੀ ਬਾਸਮਤੀ ਲੈਣ ਤੋਂ ਪਹਿਲਾਂ ਨੱਕ ਬੁੱਲ੍ਹ ਕੱਢਣਗੇ ਇਸ ਲਈ ਕਿਸਾਨਾਂ ਨੂੰ ਇਹ ਘੱਟ ਰੇਟ ਵਿੱਚ ਵੇਚਣੀ ਪਵੇਗੀ ।

ਇਸ ਤੋਂ ਇਲਾਵਾ ਜੋਰਾਂ ਉੱਤੇ ਚੱਲ ਰਹੀ ਕਣਕ ਦੀ ਬਿਜਾਈ ‘ਤੇ ਵੀ ਮੀਂਹ ਦਾ ਕਾਫੀ ਪ੍ਰਭਾਵ ਪਵੇਗਾ ਕਿਓਂਕਿ ਜਿਸਨੇ ਥੋੜਾ ਸਮਾਂ ਪਹਿਲਾਂ ਕਣਕ ਬੀਜੀ ਸੀ ਉਸਨੂੰ ਫਿਕਰ ਹੈ ਕਿ ਪਤਾ ਨੀ ਸਾਰੀ ਨਿਕਲ ਆਊ ਜਾ ਕਰੰਡ ਹੋ ਜਾਵੇਗੀ । ਅਤੇ ਜੇਕਰ ਨਾ ਉਗਰੀ ਤਾਂ ਦੁਬਾਰਾ ਬੀਜਣੀ ਪਵੇਗੀ ਇਸ ਲਈ ਸਾਰਾ ਖਰਚਾ ਦੁਬਾਰਾ ਕਰਨਾ ਪਵੇਗਾ । ਜਿਸ ਨੇ ਹੁਣ ਬੀਜਣੀ ਸੀ ਉਸਤੋਂ ਹੁਣ ਬੀਜੀ ਨਹੀਂ ਜਾਣੀ ਕਿਓਂਕਿ ਹੁਣ ਬਹੁਤ ਵਕਤ ਵੱਤਰ ਨਹੀਂ ਆਉਣੀ । ਕਣਕ ਪਛੇਤੀ ਹੋਣ ਕਾਰਨ ਕਣਕ ਦੇ ਝਾੜ ਵਿੱਚ ਵੀ ਫਰਕ ਪਵੇਗਾ । ਇਸ ਲਈ ਇਸ ਬੇਮੌਸਮੀ ਬਾਰਿਸ਼ ਨੇ ਕਿਸਾਨ ਦੇ ਕੰਮ ਕਾਫੀ ਵਾਧਾ ਦਿੱਤਾ ਹੈ । ਪਰ ਇਹ ਸਭ ਹੋਣ ਦੇ ਬਾਵਜੂਦ ਵੀ ਕਿਸਾਨ ਦਾ ਦਿਲ ਬਹੁਤ ਵੱਡਾ, ਪਹਿਲਾਂ ਸਰਕਾਰ ਨੂੰ ਸਹਿੰਦਾ ਰਿਹਾ, ਹੁਣ ਕੁਦਰਤ ਨੂੰ ਵੀ ਸਹਿ ਲਊਗਾ ।