ਵੱਡੀ ਖ਼ਬਰ, ਇਸ ਤਰੀਕ ਨੂੰ ਬਲਾਕ ਰਹਿਣਗੇ ਪੰਜਾਬ ਦੇ ਸਾਰੇ ਹਾਈਵੇਅ, ਜਾਣੋ ਕਾਰਨ

ਜੇਕਰ ਤੁਸੀਂ ਅਕਸਰ ਹਾਈਵੇ ‘ਤੇ ਆਉਣ-ਜਾਣ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਜਰੂਰੀ ਖਬਰ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਰੋਡਵੇਜ਼, ਪਨਬੱਸ, ਪੀ. ਆਰ. ਟੀ. ਸੀ. ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਨੇ ਇੱਕ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ 1 ਅਗਸਤ, 2022 ਨੂੰ ਪੰਜਾਬ ਦੇ ਸਾਰੇ ਹਾਈਵੇ ਬਲਾਕ ਕੀਤੇ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਵੱਲੋਂ ਕਿਹਾ ਗਿਆ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਨਾਲ ਕੋਈ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ 26 ਜੁਲਾਈ ਨੂੰ ਉਹ ਗੇਟ ਰੈਲੀਆਂ ਕਰਨਗੇ ਅਤੇ 1 ਅਗਸਤ ਨੂੰ ਪੰਜਾਬ ਦੇ ਸਾਰੇ ਮੁੱਖ ਰੋਡ ਬਲਾਕ ਕੀਤੇ ਜਾਣਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ 2 ਅਗਸਤ ਤੋਂ ਮੁੱਖ ਦਫ਼ਤਰ ਪਟਿਆਲਾ ਵਿਖੇ ਭੁੱਖ-ਹੜਤਾਲ ਸ਼ੁਰੂ ਕੀਤੀ ਜਾਵੇਗੀ।

ਇਸਤੋਂ ਬਾਅਦ 11 ਅਗਸਤ ਨੂੰ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਅਤੇ 14, 15 ਅਤੇ 16 ਅਗਸਤ ਨੂੰ ਤਿੰਨ ਦਿਨਾਂ ਦੀ ਹੜਤਾਲ ਕੀਤੀ ਜਾਵੇਗੀ। ਇਸੇ ਦੌਰਾਨ ਉਹ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਦਾ ਵੀ ਘਿਰਾਓ ਕਰਨਗੇ। ਇਸ ਦੌਰਾਨ ਰੋਸ ਰੈਲੀ ਕਰਕੇ ਮੁੱਖ ਮੰਤਰੀ ਨੂੰ ਸਵਾਲ ਪੁੱਛਣ ਲਈ ਰੋਸ ਮਾਰਚ ਕੱਢਿਆ ਜਾਵੇਗਾ।

ਜਾਣਕਾਰੀ ਦੇ ਅਨੁਸਾਰ ਯੂਨੀਅਨ ਵੱਲੋਂ ਮੰਗ ਕੀਤੀ ਗਈ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ, ਡਿਊਟੀ ਤੋਂ ਫ਼ਾਰਗ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ, ਤਨਖ਼ਾਹ ਵਾਧਾ ਲਾਗੂ ਕੀਤਾ ਜਾਵੇ, ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਕਰਕੇ ਮਹਿਕਮੇ ਦੀਆਂ ਬੱਸਾਂ ਪਾਈਆਂ ਜਾਣ, ਆਊਟਸੋਰਸਿੰਗ ਦੀ ਭਰਤੀ ਬੰਦ ਕੀਤੀ ਜਾਵੇ ਅਤੇ ਮਹਿਕਮਾ ਆਪ ਕੰਟਰੈਕਟ ਜਾਂ ਪੱਕੀ ਭਰਤੀ ਕਰੇ। ਜੇਕਰ ਸਰਕਾਰ ਇਹ ਮੰਗਾਂ ਨਹੀਂ ਮੰਨਦੀ ਤਾਂ ਇਹ ਸੰਘਰਸ਼ ਉਲੀਕਿਆ ਜਾਵੇਗਾ।