ਜਾਣੋ ਕੈਪਟਨ ਸਰਕਾਰ ਦੇ ਪਹਿਲੇ ਬਜਟ ਵਿੱਚ ਕਿਸਾਨਾਂ ਨੂੰ ਕਰਜ਼ਾ ਮਾਫ਼ੀ ਸਮੇਤ ਹੋਰ ਕਿ ਕੁਝ ਮਿਲਿਆ

ਅੱਜ ਕੈਪਟਨ ਸਰਕਾਰ ਵੱਲੋਂ ਰਾਜ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਕਾਂਗਰਸ ਸਰਕਾਰ ਦਾ ਪਲੇਠਾ ਬਜਟ ਪੇਸ਼ ਕੀਤਾ ਗਿਆ, ਇਸ ਬਜਟ ਵਿੱਚ ਕਰਜ਼ਾ ਮਾਫ਼ੀ ਸਮੇਤ ਹੋਰ ਕਈ ਵੱਡੇ ਫੈਂਸਲੇ ਵੀ ਲਾਏ ਗਏ। ਮਨਪ੍ਰੀਤ ਕਿਸਾਨੀ ਕਰਜ਼ੇ ਮੁਆਫ਼ ਕਰਨ ਸਬੰਧੀ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਬਜਟ ‘ਚ 1500 ਕਰੋੜ ਰੁਪਏ ਦਾ ਉਪਬੰਦ ਕਰਨ ਦਾ ਵੀ ਐਲਾਨ ਕੀਤਾ।

ਪਰ ਕਿਹਾ ਕਿ ਉਹ ਅਜੇ ਇਹ ਦੱਸਣ ਦੀ ਸਥਿਤੀ ‘ਚ ਨਹੀਂ ਹਨ ਕਿ ਕਿਸਾਨਾਂ ਦਾ ਕਿੰਨਾ ਕਰਜ਼ਾ ਮੁਆਫ਼ ਕੀਤਾ ਜਾਣਾ ਹੈ, ਕਿਉਂਕਿ ਇਸ ਲਈ ਸਰਕਾਰ ਵੱਲੋਂ ਮਾਹਿਰਾਂ ਦੀ ਕਮੇਟੀ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 10,20,000 ਦੇ ਕਰੀਬ ਕਿਸਾਨਾਂ ਨੂੰ ਸਾਡੀ ਸਰਕਾਰ ਵੱਲੋਂ ਐਲਾਨੀ ਗਈ ਕਰਜ਼ਾ ਮੁਆਫ਼ੀ ਦਾ ਲਾਭ ਮਿਲੇਗਾ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਛੋਟੇ ਤੇ ਦਰਮਿਆਨੇ ਕਿਸਾਨਾਂ ਦੇ ਕਰਜ਼ੇ ਆਪਣੇ ਸਿਰ ਲਵੇਗੀ ਅਤੇ ਇਸ ਲਈ ਸਰਕਾਰ ਨੂੰ ਭਾਵੇਂ ਬੈਂਕਾਂ ਨੂੰ ਗਾਰੰਟੀਆਂ ਵੀ ਕਿਉਂ ਨਾ ਦੇਣੀਆਂ ਪੈਣ। ਉਨ੍ਹਾਂ ਕਿਹਾ ਕਿ ਹੁਣ ਰਾਜ ਸਰਕਾਰ ਇਨਾਂ ਕਰਜ਼ਿਆਂ ਸਬੰਧੀ ਬੈਂਕਾਂ ਨਾਲ ਸਿੱਧੀ ਗੱਲਬਾਤ ਕਰੇਗੀ।

ਉਨ੍ਹਾਂ ਕਿਹਾ ਕਿ ਕਿਸਾਨਾਂ ਸਿਰ ਦੁਬਾਰਾ ਕਰਜ਼ਾ ਨਾ ਚੜੇ ਅਤੇ ਕਿਸਾਨਾਂ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਅਸੀਂ ਉਨ੍ਹਾਂ ਦੇ ਬੱਚਿਆਂ ਨੂੰ ਪੇਸ਼ਾਵਰਾਨਾ ਸਿੱਖਿਆ ਤੇ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਵੀ ਵਿਆਪਕ ਯੋਜਨਾ ਬਣਾਈ ਹੈ।

ਬਿਜਲੀ ‘ਤੇ ਦਿੱਤੀ ਜਾਂਦੀ ਸਬਸਿਡੀ ਦਾ ਬਿੱਲ ਚਾਲੂ ਸਾਲ ਦੌਰਾਨ 10 ਹਜ਼ਾਰ ਕਰੋੜ ਤੱਕ ਪੁੱਜ ਜਾਣ ਸਬੰਧੀ ਪੁੱਛੇ ਜਾਣ ‘ਤੇ ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਨੂੰ ਟਿਊਬਵੈਲਾਂ ਲਈ ਮੁਫ਼ਤ ਬਿਜਲੀ ਦੇਣ ਲਈ ਵਚਨਬੱਧ ਹੈ। ਹਾਲਾਂਕਿ ਬਿਜਲੀ ਸਬਸਿਡੀ ਦਾ ਬੋਝ ਰਾਜ ਸਰਕਾਰ ‘ਤੇ ਕਾਫ਼ੀ ਵੱਡਾ ਹੈ।

ਉਨ੍ਹਾਂ ਕਿਹਾ ਕਿ ਚਾਲੂ ਮਾਲੀ ਸਾਲ ਦੌਰਾਨ ਟਿਊਬਵੈਲਾਂ ਨੂੰ ਸੋਲਰ ਬਿਜਲੀ ਦੇਣ ਲਈ 100 ਕਰੋੜ ਰੁਪਏ ਰੱਖੇ ਗਏ ਹਨ ਅਤੇ ਅਜਿਹੇ ਪੰਪ ਲਾਉਣ ਵਾਲੇ ਕਿਸਾਨਾਂ ਨੂੰ 80 ਪ੍ਰਤੀਸ਼ਤ ਸਬਸਿਡੀ ਦਿੱਤੀ ਜਾਵੇਗੀ।