ਪਿਛਲੇ ਸਾਲ ਪਈ ਸੀ ਕਿਸਾਨਾਂ ਉਪਰ ਨੋਟ ਬੰਦੀ ਦੀ ਮਾਰ

ਆਲੂ ਦੀ ਬੈਲਟ ਵਜੋਂ ਜਾਣੇ ਜਾਂਦੇ ਦੋਆਬੇ ਵਿਚਲੇ ਹਲਕਾ ਕਰਤਾਰਪੁਰ ਦੇ ਪਿੰਡਾਂ ਵਿਚ ਆਲੂ ਉਤਪਾਦਕਾਂ ਨੇ ਝੋਨੇ ਦੀ ਫਸਲ ਚੁੱਕ ਕੇ ਆਲੂ ਦੀ ਸਿਆਲੂ ਫਸਲ ਬੀਜਣੀ ਸ਼ੁਰੂ ਕਰ ਦਿੱਤੀ ਹੈ।ਆਲੂ ਦੀ ਫਸਲ ਦਾ ਬਹੁਤਾ ਹਿੱਸਾ ਕੋਲਡ ਸਟੋਰਾਂ ਵਿਚ ਪਿਆ ਹੋਣ ਕਰਕੇ ਬਹੁਤੇ ਆਲੂ ਉਤਪਾਦਕ ਨਿਰਾਸ਼ਾ ਵੀ ਹਨ।

ਆਲੂ ਉਤਪਾਦਕਾਂ ਵੱਲੋਂ ਸਿਆਲੂ ਆਲੂ ਦੀ ਫਸਲ ਲਈ ਆਲੂ ਦੀਆਂ ਵੱਖ-ਵੱਖ ਕਿਸਮਾਂ ਜਿਵੇਂ ਪੁਖਰਾਜ, ਜੋਤੀ, ਬਾਦਸ਼ਾਹ, ਡਾਇਮੰਡ, ਚੰਦਰਮੁਖੀ, ਲਵਕਾਰ ਤੋਂ ਇਲਾਵਾ ਕਿਸਾਨਾਂ ਵੱਲੋਂ ਆਪਣੇ ਤੌਰ ’ਤੇ ਤਿਆਰ ਕੀਤੇ ਬੀਜ ਬੀਜੇ ਜਾਂਦੇ ਹਨ।

ਉਘੇ ਆਲੂ ਉਤਪਾਦਕ ਰਣਜੀਤ ਸਿੰਘ ਕਾਹਲੋਂ, ਨਵਨੀਤ ਸਿੰਘ ਛੀਨਾ ਦਿਆਲਪੁਰ, ਅਮਰੀਕ ਸਿੰਘ ਤਲਵੰਡੀ, ਜਗਰੂਪ ਸਿੰਘ ਚੋਹਲਾ, ਗਗਨਦੀਪ ਸਿੰਘ ਚਕਰਾਲਾ ਨੇ ਦੱਸਿਆ ਕਿ ਬਹੁਤੇ ਆਲੂ ਉਤਪਾਦਕਾਂ ਦਾ ਆਲੂ ਭਾਵੇਂ ਹਾਲੇ ਸਟੋਰਾਂ ਵਿਚ ਪਿਆ ਹੈ, ਫਿਰ ਵੀ ਆਲੂ ਉਤਪਾਦਕ ਸਿਆਲੂ ਆਲੂ ਦੀ ਫਸਲ ਬੀਜਣ ਲਈ ਆਪਣੀ ਤਿਆਰੀ ਕਰ ਰਹੇ ਹਨ ਜਦਕਿ ਕੁਝ ਨੇ ਤਾਂ ਆਲੂ ਦੀ ਬਿਜਾਈ ਕਰਨ ਉਪਰੰਤ ਇਕ ਵਾਰ ਫਸਲ ਨੂੰ ਪਾਣੀ ਵੀ ਲਾ ਦਿੱਤਾ ਹੈ।

ਇਸ ਸਬੰਧੀ ਆਲੂ ਉਤਪਾਦਕ ਯੁਧਵੀਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਿਆਲੂ ਆਲੂ ਦੀ ਬਿਜਾਈ ਕਰਨ ਉਪਰੰਤ 75 ਤੋਂ 90 ਦਿਨਾਂ ਤੱਕ ਫਸਲ ਬਿਲਕੁਲ ਹੀ ਤਿਆਰ ਹੋ ਜਾਂਦੀ ਹੈ। ਜਿਸ ਉਪਰੰਤ ਫਸਲ ਦੀਆਂ ਵੇਲਾਂ ਵੱਢ ਕੇ ਵੱਟਾਂ ਉੱਪਰ ਹੀ ਰੱਖ ਦਿੱਤੀਆਂ ਜਾਂਦੀਆਂ ਹਨ। ਕੁਝ ਅਗਾਂਹਵਧੂ ਕਿਸਾਨ ਆਲੂ ਦੀ ਫਸਲ ਦੀ ਕੱਚੀ ਪੁਟਾਈ ਕਰਕੇ ਨਵਾਂ ਆਲੂ ਬਾਜ਼ਾਰ ਵਿਚ ਲਿਆਉਂਦੇ ਹਨ।

ਸਿਆਲੂ ਆਲੂ ਦੀ ਬਿਜਾਈ ਤੋਂ ਤਿਆਰ ਹੋਣ ਵਾਲੀ ਫਸਲ ਵਿਚ ਘਰੇਲੂ ਖਪਤ ਲਈ ਅਤੇ ਬੀਜ ਤਿਆਰ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਆਲੂ ਦੀ ਬਿਜਾਈ ਮੌਕੇ ਸਟੋਰਾਂ ਵਿਚ ਪਿਆ ਬੀਜ ਖ੍ਰੀਦਣ ਲਈ ਮਹਾਰਾਸ਼ਟਰ, ਬਿਹਾਰ, ਉੱਤਰ ਪ੍ਰਦੇਸ ਅਤੇ ਕਰਨਾਟਕ ਸਮੇਤ ਕਈ ਹੋਰ ਸੂਬਿਆਂ ਵਿਚ ਵੀ ਵਪਾਰੀ ਆ ਕੇ ਬੀਜ ਵਾਲੇ ਆਲੂ ਖ੍ਰੀਦਦੇ ਹਨ, ਜਿਸ ਨਾਲ ਕਿਸਾਨਾਂ ਨੂੰ ਕਾਫੀ ਲਾਭ ਮਿਲਦਾ ਹੈ। ਜ਼ਿਕਰਯੋਗ ਹੈ ਕਿ ਆਲੂ ਦੇ ਮੰਦੇ ਦਾ ਜਿਥੇ ਕਿਸਾਨਾਂ ਨੂੰ ਨੁਕਸਾਨ ਹੋਣ ਕਾਰਨ ਆਰਥਿਕ ਬੋਝ ਸਹਿਣਾ ਪਿਆ ਹੈ ਉਥੇ ਨਾਲ ਹੀ ਵਪਾਰੀਆਂ ਨੇ ਮਹਿੰਗੇ ਮੁੱਲ ਵਿਚ ਪ੍ਰਚੂਨ ਆਲੂ ਵੇਚ ਕੇ ਭਾਰੀ ਮੁਨਾਫਾ ਕਮਾਇਅਆ ਹੈ।