ਪਰਾਲੀ ਨੂੰ ਅੱਗ ਲਗਾਉਣ ਤੋਂ ਕਿਸਾਨ ਖੁਦ ਕਿਉ ਕਰਨ ਲੱਗੇ ਸੰਕੋਚ

ਪੰਜਾਬ ਅੰਦਰ ਪਰਾਲੀ ਨਾ ਫੂਕੇ ਜਾਣ ਬਾਰੇ ਪਤਾ ਨਹੀਂ ਕਿਸਾਨ ਹੀ ਵਧੇਰੇ ਜਾਗਿ੍ਤ ਹੋ ਗਏ ਹਨ ਜਾਂ ਫਿਰ ਸਰਕਾਰ ਵਲੋਂ ਅਪਣਾਏ ਸਖ਼ਤ ਵਤੀਰੇ ਦਾ ਨਤੀਜਾ ਹੈ ਕਿ ਕਿਸਾਨਾਂ ਵਲੋਂ ਪਰਾਲੀ ਫੂਕਣ ਦੀਆਂ ਘਟਨਾਵਾਂ ‘ਚ ਵੱਡੀ ਪੱਧਰ ‘ਤੇ ਕਮੀ ਆ ਗਈ ਹੈ | ਰਾਜ ਅੰਦਰ ਪਿਛਲੇ ਕਰੀਬ 10 ਦਿਨ ਤੋਂ ਝੋਨੇ ਦੀ ਕਟਾਈ ਦਾ ਕੰਮ ਅਰੰਭ ਹੋ ਚੁੱਕਿਆ ਹੈ ਤੇ ਹੁਣ ਤੱਕ 20 ਫੀਸਦੀ ਦੇ ਕਰੀਬ ਝੋਨੇ ਦੀ ਕਟਾਈ ਹੋ ਚੁੱਕੀ ਹੈ | 15 ਫੀਸਦੀ ਤੋਂ ਵਧੇਰੇ ਝੋਨਾ ਤਾਂ ਮੰਡੀਆਂ ਵਿਚ ਵਿਕਣ ਲਈ ਵੀ ਆ ਚੁੱਕਾ ਹੈ, ਪਰ ਪੂਰੇ ਪੰਜਾਬ ‘ਚੋਂ ਪ੍ਰਦੂਸ਼ਣ ਕੰਟਰੋਲ ਬੋਰਡ ਕੋਲ ਇਸ ਵੇਲੇ 350 ਥਾਵਾਂ ‘ਤੇ ਅੱਗ ਲਗਾਏ ਜਾਣ ਦੀ ਸੂਚਨਾ ਹਾਸਲ ਹੋਈ ਹੈ |

ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਗਾਏ ਜਾਣ ਦੀਆਂ ਘਟਨਾਵਾਂ ‘ਚ ਵੱਡੀ ਪੱਧਰ ਕਮੀ ਆਈ ਦੱਸੀ ਜਾਂਦੀ ਹੈ | ਕੌਮੀ ਗਰੀਨ ਟਿ੍ਬਿਊਨਲ ਨੇ ਪਰਾਲੀ ਨੂੰ ਅੱਗਾਂ ਲਗਾਏ ਜਾਣ ਤੋਂ ਰੋਕਣ ਲਈ ਕਿਸਾਨਾਂ ਨੂੰ ਮਸ਼ੀਨਰੀ ਤੇ ਵਿੱਤੀ ਸਹਾਇਤਾ ਲਈ ਮੁੱਢਲੀ ਜ਼ਿੰਮੇਵਾਰੀ ਰਾਜ ਸਰਕਾਰ ਸਿਰ ਪਾਈ ਗਈ ਸੀ, ਪਰ ਸਰਕਾਰ ਨੇ ਵਿੱਤੀ ਬੋਝ ਚੁੱਕਣ ਤੋਂ ਬਿਲਕੁਲ ਹੀ ਪੱਲਾ ਝਾੜ ਲਿਆ ਹੈ | ਪਰ ਲਗਦਾ ਹੈ ਕਿ ਪਰਾਲੀ ਫੂਕਣ ਨਾਲ ਵਾਤਾਵਰਨ ਜ਼ਹਿਰੀਲਾ ਹੋਣ ਬਾਰੇ ਸੋਝੀ ਕਿਸਾਨਾਂ ਵਿਚ ਵੀ ਵੱਡੇ ਪੱਧਰ ‘ਤੇ ਪੈਦਾ ਹੋਈ ਹੈ |

ਇਸ ਕਰਕੇ ਪੂਰੇ ਪੰਜਾਬ ਵਿਚੋਂ ਹੀ ਆਪ ਮੁਹਾਰੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਪਰਾਲੀ ਨਾ ਫੂਕੇ ਜਾਣ ਲਈ ਮਤੇ ਪਾਏ ਜਾ ਰਹੇ ਹਨ | ਕਈ ਪੰਚਾਇਤਾਂ ਨੇ ਤਾਂ ਪਰਾਲੀ ਫੂਕਣ ਵਾਲੇ ਕਿਸਾਨਾਂ ਵਿਰੁੱਧ ਕਾਰਵਾਈ ਦੀ ਵੀ ਮਤਿਆਂ ਵਿਚ ਗੱਲ ਕੀਤੀ ਹੈ | ਇਸੇ ਤਰ੍ਹਾਂ ਬਹੁਤ ਸਾਰੇ ਕਿਸਾਨਾਂ ਵਲੋਂ ਵਿਅਕਤੀਗਤ ਤੌਰ ‘ਤੇ ਪਰਾਲੀ ਨਾ ਫੂਕੇ ਜਾਣ ਦੇ ਐਲਾਨ ਕੀਤੇ ਹਨ ਤੇ ਇਸ ਬਾਰੇ ਪੱਤਰ ਲਿਖ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਸਹੁੰ ਪੱਤਰ ਸੌਾਪੇ ਹਨ | ਲਗਪਗ ਸਾਰੇ ਹੀ ਜ਼ਿਲਿ੍ਹਆਂ ਵਿਚ ਵੱਖ-ਵੱਖ ਪੰਚਾਇਤਾਂ ਵਲੋਂ ਪਰਾਲੀ ਨਾ ਫੂਕੇ ਜਾਣ ਬਾਰੇ ਮਤੇ ਪਾਸ ਕੀਤੇ ਗਏ ਹਨ |

ਅਜਿਹੀਆਂ ਪੰਚਾਇਤਾਂ ‘ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਹਿਲਾਂਵਾਲੀ, ਪਠਾਨਕੋਟ ਨੇੜਲੇ ਪਿੰਡ ਨੰਗਲ ਭੂਰ, ਰੋਇਲ ਫਾਰਮਰਜ਼ ਕਲੱਬ, ਪਿੰਡ ਬੁਲਾਰਾ ਜ਼ਿਲ੍ਹਾ ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਨਾਈਮਜਾਰਾ, ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮੁਸਤਫਾਬਾਦ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਹੈਬਤਪੁਰ, ਜ਼ਿਲ੍ਹਾ ਸੰਗਰੂਰ ਦੇ ਪਿੰਡ ਲਕੋਈ ਸਮੇਤ ਦਰਜਨਾਂ ਪੰਚਾਇਤਾਂ ਨੇ ਮਤੇ ਪਾਉਣੇ ਸ਼ੁਰੂ ਕੀਤੇ ਹਨ |

ਖੇਤੀ ਵਿਰਾਸਤ ਮਿਸ਼ਨ ਨੇ ਕਿਹਾ ਹੈ ਕਿ ਖੇਤੀ, ਸਿਹਤ ਤੇ ਵਾਤਾਵਰਨ ਨੂੰ ਲੈ ਕੇ ਉਸ ਦੇ ਨਾਲ ਜੁੜੇ 3 ਹਜ਼ਾਰ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਪਹਿਲਾਂ ਹੀ ਕਿਸੇ ਵੀ ਤਰ੍ਹਾਂ ਦੇ ਡਰ ਜਾਂ ਲਾਲਚ ਤੋਂ ਮੁਕਤ ਇਸ ਨੇਕ ਕਾਰਜ ਨੂੰ ਆਪਣੀ ਮਰਜ਼ੀ ਨਾਲ ਕਰਨ ਲਈ ਸਮਰਪਿਤ ਹਨ | ਮਿਸ਼ਨ ਦੇ ਮੁਖੀ ਉਮੇਂਦਰ ਦੱਤ ਦੇ ਨਾਂਅ ਜਾਰੀ ਪੱਤਰ ‘ਚ ਇਹ ਪ੍ਰਣ ਲਿਖਿਆ ਹੈ | ਵੱਖ-ਵੱਖ ਪਿੰਡਾਂ ਦੇ ਮੋਹਰੀ ਕਿਸਾਨਾਂ ਵਲੋਂ ਵੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਇਹ ਸਹੁੰ ਪੱਤਰ ਲਿਖ ਕੇ ਭੇਜੇ ਹਨ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ |

ਅਜਿਹੇ ਅਹਿਮ ਕਿਸਾਨਾਂ ਵਿਚ ਅਮਲੋਹ ਬਲਾਕ ਦੇ 100 ਏਕੜ ਝੋਨੇ ਦੀ ਬਿਜਾਈ ਵਾਲੇ ਪਿੰਡ ਬਰੋਗਾ ਜੇਰ ਦੇ ਕਿਸਾਨ ਪ੍ਰਮਿੰਦਰ ਸਿੰਘ ਅਤੇ 85 ਏਕੜ ਝੋਨੇ ਦੀ ਖੇਤੀ ਵਾਲੇ ਸਲਾਣਾ ਜੀਵਨ ਸਿੰਘ ਪਿੰਡ ਦੇ ਨਾਜਰ ਸਿੰਘ ਤੇ ਨੱਖਾ ਸਿੰਘ, ਪਿੰਡ ਜਲਵੇਹੜਾ ‘ਚ 120 ਏਕੜ ਵਾਲੇ ਕਰਮਜੀਤ ਸਿੰਘ ਤੇ ਜੋਗਿੰਦਰ ਸਿੰਘ ਅਤੇ ਖਮਾਣੋਂ ਬਲਾਕ ਦੇ ਪਿੰਡ ਹਵਾਰਾ ਕਲਾਂ ਦੇ 100 ਏਕੜ ਝੋਨੇ ਦੀ ਫਸਲ ਵਾਲੇ ਪੋਲਾ ਸਿੰਘ ਤੇ ਮਹਿਮਾ ਸਿੰਘ ਨੇ ਪਰਾਲੀ ਨਾ ਸਾੜਨ ਦਾ ਪ੍ਰਣ ਲਿਆ ਹੈ |

ਕਪੂਰਥਲਾ ਜ਼ਿਲ੍ਹੇ ਦੇ ਪਿੰਡ ਵਡਾਲਾ ਖੁਰਦ ਦੇ ਉੱਦਮੀ ਕਿਸਾਨ ਜਗੀਰ ਸਿੰਘ ਵਡਾਲਾ ਨੇ 40 ਏਕੜ ਝੋਨੇ ਦੀ ਪਰਾਲੀ ਨਾ ਫੂਕਣ ਦਾ ਅਹਿਦ ਲਿਆ ਹੈ | ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸ: ਕਾਹਨ ਸਿੰਘ ਪੰਨੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਰੋਜ਼ ਸੈਂਕੜੇ ਕਿਸਾਨ ਪਰਾਲੀ ਨੂੰ ਅੱਗ ਨਾ ਲਗਾਏ ਜਾਣ ਦਾ ਭਰੋਸਾ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਅੰਦਰ ਪੈਦਾ ਹੋ ਰਹੀ ਇਹ ਜਾਗਿ੍ਤੀ ਪੰਜਾਬ ਲਈ ਸ਼ੁੱਭ ਸ਼ਗਨ ਹੈ |