ਜੋ ਲੋਕ ਕਿਸਾਨਾਂ ਨੂੰ ਵਾਤਾਵਰਨ ਦੇ ਪ੍ਰਦੂਸ਼ਣ ਲਈ ਜੁੰਮੇਵਾਰ ਮੰਨਦੇ ਹਨ ਉਹ ਇਹ ਖ਼ਬਰ ਜਰੂਰ ਪੜ੍ਹਨ

November 24, 2017

ਜੋ ਲੋਕ ਕਿਸਾਨਾਂ ਨੂੰ ਵਾਤਾਵਰਨ ਦੇ ਪ੍ਰਦੂਸ਼ਣ ਲਈ ਜੁੰਮੇਵਾਰ ਮੰਨਦੇ ਹਨ ਉਹ ਇਹ ਖ਼ਬਰ ਜਰੂਰ ਪੜ੍ਹਨ ਕਿਓਂਕਿ ਹਮੇਸ਼ਾ ਦੀ ਤਰਾਂ ਇਸ ਵਾਰ ਵੀ ਪਰਾਲੀ ਨੂੰ ਅੱਗ ਲਗਾਈ ਗਈ ਪਰ ਇਸ ਵਾਰ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿਚ 45 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ । ਹੁਣ ਸੋਚਣ ਵਾਲੀ ਗੱਲ ਇਹ ਹੈ ਕੇ ਜੇਕਰ ਕਿਸਾਨਾਂ ਨੇ 45 ਫ਼ੀਸਦੀ ਘੱਟ ਅੱਗ ਲਗਾਈ ਹੈ ਤਾਂ ਉਹ ਹੋਰ ਕਿਹੜੇ ਕਾਰਨ ਹਨ ਜਿਨ੍ਹਾਂ ਨਾਲ ਇਸ ਸਾਲ ਵਾਤਾਵਰਨ ਏਨਾ ਜ਼ਿਆਦਾ ਗੰਧਲਾ ਹੋ ਗਿਆ ?

ਪੰਜਾਬ ਵਿਚ ਝੋਨੇ ਦੀ ਰਹਿੰਦ-ਖੂੰਹਦ ਨੂੰ ਕਿਸਾਨਾਂ ਵਲੋਂ ਪਹਿਲੀ ਵਾਰ 27 ਸਤੰਬਰ 2017 ਨੂੰ ਲਗਾਈ ਅੱਗ ਰੀਕਾਰਡ ਕੀਤੀ ਗਈ ਸੀ ਜਿਸ ਦੇ ਲਗਾਤਾਰ ਚਲਦਿਆਂ ਸੂਬੇ ਵਿਚ ਧੁੰਦ ਅਤੇ ਧੂੰਏਂ ਦੀ ਗਹਿਰੀ ਚਾਦਰ ਲੰਮਾ ਸਮਾਂ ਛਾਈ ਰਹੀ ਪਰ ਝੋਨੇ ਦੀ ਆਖ਼ਰੀ ਕਟਾਈ 19 ਨਵੰਬਰ ਤਕ ਕਰਦਿਆਂ ਅਤੇ ਪੂਰੇ 55 ਦਿਨ ਬੀਤਣ ਤੋਂ ਬਾਅਦ ਹੁਣ ਸੂਬੇ ਦੇ ਚੌਗਿਰਦੇ ਅੰਦਰ ਪੂਰੀ ਤਰ੍ਹਾਂ ਰਾਹਤ ਅਤੇ ਸ਼ਾਂਤੀ ਦਾ ਮਾਹੌਲ ਹੈ।

ਸੂਬਾ ਸਰਕਾਰ ਦੀ ਇਹ ਸੁਹਿਰਦ ਕੋਸ਼ਿਸ਼ ਰਹੀ ਹੈ ਕਿ ਕਿਸਾਨਾਂ ਤੇ ਅੱਗ ਲਗਾਉਣ ਸੰਬੰਧੀ ਕੇਸ ਦਰਜ ਕਰਨ ਦੀ ਬਜਾਏ ਉਨ੍ਹਾਂ ਨੂੰ ਸਮਝਾਇਆ ਜਾਵੇ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਕੀ ਕੀ ਨੁਕਸਾਨ ਹਨ। ਇਹੀ ਕਾਰਨ ਸੀ ਕਿ ਇਸ ਵਾਰ ਕਿਸਾਨਾਂ ਵਲੋਂ ਲਗਾਈਆਂ ਅੱਗਾਂ ਦੇ ਸਿਰਫ਼ 45,384 ਕੇਸ ਰਿਕਾਰਡ ਕੀਤੇ ਗਏ ਜਦ ਕਿ 2016 ਵਿਚ ਇਸੇ ਤਰ੍ਹਾਂ ਦੀ ਅੱਗ ਦੇ 81,044 ਕੇਸ ਰਿਕਾਰਡ ਕੀਤੇ ਗਏ ਸਨ।

ਇਸ ਸਾਲ ਕਿਸਾਨਾਂ ਵਲੋਂ ਪ੍ਰਤੀ ਦਿਨ ਔਸਤਨ 840 ਖੇਤਾਂ ਨੂੰ ਅੱਗ ਲਗਾਈ ਜਾਂਦੀ ਰਹੀ ਜਦ ਕਿ ਪਿਛਲੇ ਸਾਲ ਰੋਜ਼ਾਨਾ ਔਸਤਨ 1500 ਖੇਤਾਂ ਨੂੰ ਅੱਗ ਹਵਾਲੇ ਕੀਤਾ ਜਾਂਦਾ ਰਿਹਾ। ਸੂਬੇ ਦੇ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਸੱਭ ਤੋਂ ਵੱਧ ਮਾਮਲੇ ਜ਼ਿਲਾ੍ਹ ਸੰਗਰੂਰ, ਬਠਿੰਡਾ ਅਤੇ ਫ਼ਿਰੋਜ਼ਪੁਰ ਵਿਚ ਦਰਜ ਕੀਤੇ ਗਏ ਜਿੱਥੇ ਕਰਮਵਾਰ 6,968,3,693 ਅਤੇ 3,470 ਅੱਗ ਹਾਦਸੇ ਰਿਕਾਰਡ ਕੀਤੇ ਗਏ ਪਰ ਇਸ ਦੇ ਐਨ ਉਲਟ ਪਠਾਨਕੋਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਰੋਪੜ (ਰੂਪਨਗਰ) ਵਿਚ ਕਰਮਵਾਰ 12,168 ਅਤੇ 244 ਮਾਮਲੇ ਦਰਜ ਕੀਤੇ ਗਏ।

ਇਹ ਸਚਮੁੱਚ ਕਮਾਲ ਹੈ ਕਿ ਪੰਜਾਬ ਸਰਕਾਰ ਦੀ ਥੋੜ੍ਹੀ ਜਿਹੀ ਮਿਹਨਤ ਨਾਲ ਹੀ ਤਕਰੀਬਨ ਪਰਾਲੀ ਦੀਆ ਅੱਗਾਂ ਨੂੰ 45 ਫ਼ੀਸਦੀ ਤਕ ਕਾਬੂ ਕਰ ਲਿਆ ਗਿਆ ਹੈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਸੀਨੀਅਰ ਅੀਧਕਾਰੀ ਦਾ ਕਹਿਣਾ ਹੈ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਥੋੜ੍ਹੀ ਜਿਹੀ ਹੋਰ ਮੱਦਦ ਕਰ ਦੇਵੇ ਤਾਂ ਪਰਾਲੀ ਅਗਨੀ ਕਾਂਡਾਂ ‘ਤੇ ਪੂਰੀ ਤਰ੍ਹਾਂ ਕਾਬੂ ਪਾਇਆ ਜਾ ਸਕਦਾ ਹੈ।

ਸ਼ੁਰੂਆਤੀ ਦੌਰ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਅੱਗ ਲਗਾਉਣ ਵਾਲੇ ਕਿਸਾਨਾਂ ਵਿਰੁਧ ਸਖ਼ਤ ਕਾਰਵਾਈ ਦਾ ਸੰਕੇਤ ਦਿਤਾ ਗਿਆ ਸੀ ਅਤੇ ਸੂਬੇ ਅੰਦਰ ਲਗਭਗ 100 ਕਿਸਾਨਾਂ ਵਿਰੁਧ ਪਰਚਾ ਵੀ ਦਰਜ ਕਰਵਾਇਆ ਗਿਆ ਸੀ ਪਰ ਸਰਕਾਰ ਵਲੋਂ ਨਰਮੀ ਵਰਤਣ ਦੇ ਦਿਤੇ ਸੰਕੇਤਾਂ ਤੋਂ ਬਾਅਦ ਸਭ ਕੁੱਝ ਵਿਚ ਵਿਚਾਲੇ ਛੱਡ ਦਿਤਾ ਗਿਆ।