ਜਦੋਂ ਕਿਸਾਨਾਂ ਦੇ ਏਕੇ ਨੇ ਦਵਾਇਆ ਪੀੜਿਤ ਕਿਸਾਨ ਨੂੰ ਇਨਸਾਫ

ਬਠਿੰਡੇ ਦੇ ਫਾਇਨਾਂਸਰਾਂ ਵੱਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲ ਦੇ ਕਿਸਾਨ ਸੰਦੀਪ ਸਿੰਘ ਦਾ ਜਬਰੀ ਖੋਹਿਆ ਟਰੈਕਟਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੰਘਰਸ਼ ਬਾਅਦ ਪੀੜਤ ਕਿਸਾਨ ਪਰਿਵਾਰ ਨੂੰ ਵਾਪਿਸ ਦਿਵਾ ਦਿੱਤਾ। ਇਸ ਤੋਂ ਬਾਅਦ ਯੂਨੀਅਨ ਵੱਲੋਂ ਜੇਤੂ ਰੈਲੀ ਕੀਤੀ ਗਈ।

ਜਥੇਬੰਦੀ ਦੇ ਮਾਨਸਾ ਜ਼ਿਲੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਕਿਸਾਨ ਸੰਦੀਪ ਸਿੰਘ ਨੇ ਬਠਿੰਡਾ ਦੇ ਐਲ ਐਂਡ ਟੀ ਫਾਇਨੈਂਸ਼ੀਅਲ ਸਰਵਿਸਿਜ਼ ਕੋਲੋਂ ਟਰੈਕਟਰ ਲਈ ਕਰਜ਼ਾ ਲਿਆ ਸੀ, ਉਸ ਨੇ 6.30 ਲੱਖ ਰੁਪਏ ਕੰਪਨੀ ਨੂੰ ਵਾਪਸ ਵੀ ਕਰ ਦਿੱਤੇ ਸੀ।

ਇਸੇ ਦੌਰਾਨ ਇੱਕ ਸੜਕ ਹਾਦਸੇ ਵਿੱਚ ਸੰਦੀਪ ਸਿੰਘ ਦੀ ਮੌਤ ਹੋ ਗਈ ਤੇ ਮਗਰੋਂ ਉਸ ਦਾ ਪਿਤਾ ਕਰਜ਼ੇ ਦੀ ਕਿਸ਼ਤ ਨਾ ਦੇ ਸਕਿਆ। ਇਸ ਤੋਂ ਬਾਅਦ ਫਾਇਨਾਂਸਰ ਖੇਤ ਵਿੱਚ ਕੰਮ ਕਰਦਿਆਂ ਸੰਦੀਪ ਦੇ ਪਿਤਾ ਗੁਰਜੰਟ ਸਿੰਘ ਦੀ ਹਾਜ਼ਰੀ ਵਿੱਚ ਜਬਰੀ ਟਰੈਕਟਰ ਖੋਹ ਕੇ ਬਠਿੰਡਾ ਲੈ ਗਏ। ਕੰਪਨੀ ਦੇ ਅਧਿਕਾਰੀਆਂ ਨੇ ਟਰੈਕਟਰ ਬਦਲੇ ਸਾਢੇ ਤਿੰਨ ਲੱਖ ਰੁਪਏ ਇਕੱਠੇ ਹੋਰ ਦੇਣ ਦੀ ਮੰਗ ਕੀਤੀ।

ਕੱਲ੍ਹ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਇਕੱਠੇ ਹੋਏ ਕਿਸਾਨਾਂ ਨੇ ਬਠਿੰਡਾ ਸਥਿਤ ਕੰਪਨੀ ਦੇ ਦਫਤਰ ਦਾ ਘਿਰਾਓ ਕੀਤਾ। ਜਥੇਬੰਦੀ ਦੇ ਆਗੂ ਬਿਨਾਂ ਸ਼ਰਤ ਟਰੈਕਟਰ ਪੀੜਤ ਪਰਿਵਾਰ ਨੂੰ ਦੇਣ ਦੀ ਮੰਗ ਕਰ ਰਹੇ ਸੀ।

ਦੁਪਹਿਰੇ 12 ਵਜੇ ਤੋਂ ਸ਼ੁਰੂ ਹੋਇਆ ਘਿਰਾਓ ਰਾਤ 1:30 ਵਜੇ ਤੱਕ ਜਾਰੀ ਰਿਹਾ। ਕਿਸਾਨਾਂ ਦੇ ਏਕੇ ਅੱਗੇ ਝੁਕਦਿਆਂ ਆਖਰ ਕੰਪਨੀ ਨੇ ਜਬਰੀ ਖੋਹਿਆ ਟਰੈਕਟਰ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਬਿਨਾਂ ਸ਼ਰਤ ਕਿਸਾਨ ਜਥੇਬੰਦੀ ਹਵਾਲੇ ਕਰ ਦਿੱਤਾ। ਅੱਜ ਜਦੋਂ ਟਰੈਕਟਰ ਲੈ ਕੇ ਕਿਸਾਨਾਂ ਦਾ ਜਥਾ ਪਿੰਡ ਬਾਜੇਵਾਲਾ ਵਿੱਚ ਪਹੁੰਚਿਆ ਤਾਂ ਪਿੰਡ ਵਾਸੀਆਂ ਵੱਲੋਂ ਇਕੱਠ ਕੀਤਾ ਗਿਆ ਜੋ ਜੇਤੂ ਰੈਲੀ ਹੋ ਨਿੱਬੜਿਆ।

ਕਿਸਾਨ ਆਗੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕਰਜ਼ਾ ਕੁਰਕੀ ਖਤਮ ਕਰਨ ਦਾ ਨਾਅਰਾ ਦੇ ਕੇ ਕੈਪਟਨ ਸਰਕਾਰ ਸੱਤਾ ਵਿੱਚ ਆਈ ਹੈ ਪਰ ਉਸ ਦੇ ਰਾਜ ਵਿੱਚ ਕਰਜ਼ੇ ਕੁਰਕੀਆਂ ਖਤਮ ਹੋਣ ਦੀ ਥਾਂ ਕਿਸਾਨਾਂ ਦੇ ਖੇਤੀ ਸੰਦ ਵੀ ਦਿਨ ਦਿਹਾੜੇ ਖੋਹੇ ਜਾ ਰਹੇ ਹਨ, ਜਿਸ ਨੂੰ ਜਥੇਬੰਦੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗੀ।