ਬੁਰੀ ਖ਼ਬਰ, ਹੁਣ ਖੇਤੀ ਹੋਵੇਗੀ ਹੋਰ ਵੀ ਮਹਿੰਗੀ, ਜਲਦ ਹੋਵੇਗਾ ਐਲਾਨ

ਜਿੱਥੇ ਇੱਕ ਪਾਸੇ ਕਿਸਾਨ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੇ ਹਨ ਅਤੇ ਇਸੇ ਵਿਚਕਾਰ ਕਿਸਾਨਾਂ ਲਈ ਇੱਕ ਬੁਰੀ ਖ਼ਬਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਹੁਣ ਖੇਤੀ ਹੋਰ ਵੀ ਮਹਿੰਗੀ ਹੋ ਜਾਵੇਗੀ। ਇਸਦਾ ਸਭਤੋਂ ਵੱਡਾ ਕਾਰਨ ਹੈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਿਹਾ ਰਿਕਾਰਡ ਤੋੜ ਵਾਧਾ। ਪੂਰੇ ਭਾਰਤ ਵਿੱਚ ਪਹਿਲਾਂ ਤੋਂ ਹੀ ਅਸਮਾਨੀ ਚੜ੍ਹੀਆਂ ਹੋਈਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਹੁਣ ਹੋਰ ਵਧਣ ਦੇ ਆਸਾਰ ਹਨ।

ਇਨ੍ਹਾਂ ਕੀਮਤਾਂ ਦੇ ਵਧਣ ਦਾ ਕਾਰਨ ਕੱਚੇ ਤੇਲ ਦੀ ਲਗਾਤਾਰ ਵਧਦੀ ਕੀਮਤ ਹੈ। ਜਾਣਕਾਰੀ ਦੇ ਅਨੁਸਾਰ ਵੀਰਵਾਰ ਨੂੰ ਬ੍ਰੈਂਟ ਕੱਚਾ ਤੇਲ ਮਾਰਚ ਤੋਂ ਬਾਅਦ ਪਹਿਲੀ ਵਾਰ 50 ਡਾਲਰ ਪ੍ਰਤੀ ਬੈਰਲ ਦੇ ਉੱਪਰ ਚਲਾ ਗਿਆ ਹੈ। ਹਾਲਾਂਕਿ, ਕੱਚੇ ਤੇਲ ਦੀ ਮੌਜੂਦਾ ਮੰਗ ਦੇ ਹਿਸਾਬ ਨਾਲ ਸਪਲਾਈ ਵਿੱਚ ਕੋਈ ਬਹੁਤੀ ਕਮੀ ਨਹੀਂ ਹੈ।

ਡੀਜ਼ਲ ਦੀਆਂ ਕੀਮਤਾਂ ਵਧਣ ਦਾ ਸਿੱਧਾ ਅਸਰ ਕਿਸਾਨੀ ਤੇ ਪੈਂਦਾ ਹੈ ਕਿਉਂਕਿ ਬਿਜਾਈ, ਸਿੰਚਾਈ ਤੇ ਵਾਢੀ ਦੇ ਲਈ ਡੀਜ਼ਲ ਦੀ ਲੋੜ ਪੈਂਦੀ ਹੈ। ਦੱਸ ਦੇਈਏ ਕਿ ਬ੍ਰੈਂਟ ਦੀ ਕੀਮਤ 1.8 ਫ਼ੀਸਦੀ ਦੇ ਉਛਾਲ ਨਾਲ 50.65 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਈ ਹੈ। ਇਸ ਵਿੱਚ ਲਗਾਤਾਰ ਤੇਜ਼ੀ ਦਾ ਦੌਰ ਜਾਰੀ ਹੈ ਅਤੇ ਕੀਮਤ ਹੋਰ ਵੀ ਵੱਧ ਸਕਦੀ ਹੈ।

ਕੱਚਾ ਤੇਲ ਮਹਿੰਗਾ ਹੋਣਾ ਭਾਰਤ ਲਈ ਇਕ ਵੱਡਾ ਝਟਕਾ ਹੈ। ਕਿਉਂਕਿ ਭਾਰਤ ਵੱਲੋਂ 80 ਫ਼ੀਸਦੀ ਤੋਂ ਜ਼ਿਆਦਾ ਕੱਚਾ ਤੇਲ ਦੂਜੇ ਦੇਸ਼ਾਂ ਤੋਂ ਖਰੀਦਿਆ ਜਾਂਦਾ ਹੈ। ਇਸੇ ਕਾਰਨ ਲੰਮੇ ਸਮੇਂ ਤੱਕ ਇਸ ਦੇ ਮਹਿੰਗਾ ਬਣੇ ਰਹਿਣ ਨਾਲ ਨਵੀਂ ਖੇਪ ਹੋਰ ਵੀ ਮਹਿੰਗੀ ਮਿਲੇਗੀ ਅਤੇ ਤੇਲ ਕੰਪਨੀਆਂ ਜਲਦ ਹੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵੱਡੇ ਵਾਧੇ ਦਾ ਐਲਾਨ ਕਰ ਸਕਦੀਆਂ ਹਨ।