ਗੜ੍ਹਸ਼ੰਕਰ ਦੇ ਕਿਸਾਨਾਂ ਨੇ ਲੱਭਿਆ ਆਪਣੇ ਖੇਤਾਂ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਦਾ ਪੱਕਾ ਹੱਲ

October 16, 2017

ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮਾਰਗ ਤੋਂ ਪੋਜੇਵਾਲ, ਸਿੰਘਪੁਰ ਅਤੇ ਕਾਹਨਪੁਰ ਖੂਹੀ ਨੇੜਿਓਂ ਪਿੰਡ ਸਮੁੰਦੜੀਆਂ ਤੋਂ ਰਸਤੇ ਉੱਪਰ ਨੂੰ ਚੜ੍ਹਦੇ ਹਨ। ਰੋਪੜ ਜ਼ਿਲ੍ਹੇ ਦੇ ਕਾਹਨਪੁਰ ਖੂਹੀ-ਬਾਥੜੀ ਸੜਕ ਤੋਂ ਖੇੜਾ ਕਲਮੋਟ ਅਤੇ ਭੰਗਲ ਪਿੰਡਾਂ ਤੋਂ ਵੀ ਰਸਤੇ ਇਸ ਖੇਤਰ ਨੂੰ ਆ ਮਿਲਦੇੇ ਹਨ।

ਇਸ ਖੇਤਰ ਵਿਚ ਬਰਸਾਤ ਦਾ ਮੌਸਮ ਹੋਣ ਕਾਰਨ ਮੱਕੀ ਦੀ ਫਸਲ ਤਾਂ ਹੋ ਜਾਂਦੀ ਹੈ ਪਰ ਇਸ ਦੀ ਬਿਜਾਈ ਤੋਂ ਲੈ ਕੇ ਦਾਣੇ ਕੋਠੀ ‘ਚ ਪਹੁੰਚਣ ਤੱਕ ਔਕੜਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਹੈ। ਬੀਤ ਇਲਾਕੇ ਦੀ ਮੱਕੀ ਆਪਣੀ ਵੱਖਰੀ ਪਛਾਣ ਕਰਕੇ ਪੰਜਾਬ ਦੀਆਂ ਮੰਡੀਆਂ ਵਿਚ ਮਸ਼ਹੂਰ ਹੈ। ਇਸ ਤੋਂ ਇਲਾਵਾ ਲੋਕ ਕਮਾਦ ਵੀ ਬੀਜਦੇ ਹਨ। ਜੇ ਜੰਗਲੀ ਜਾਨਵਰਾਂ ਤੋਂ ਬਚ ਜਾਵੇ ਤਾਂ ਇਹ ਘਰੇਲੂ ਖਪਤ ਹੀ ਪੂਰੀ ਕਰਦਾ ਹੈ।

ਕਿਸਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਜੰਗਲੀ ਜਾਨਵਰਾਂ ਦੁਆਰਾ ਫਸਲ ਦੇ ਉਜਾੜੇ ਦੀ ਹੈ। ਖੇਤਾਂ ਦੇ ਨਾਲ-ਨਾਲ ਡੂੰਘੇ ਚੋਅ, ਜੰਗਲ ਅਤੇ ਖੱਡਾਂ ਜੰਗਲੀ ਜਾਨਵਰਾਂ ਲਈ ਆਵਾਸ-ਘਰ ਹਨ। ਮੱਕੀ ਦੀ ਫਸਲ ਦੀ ਰਾਖੀ ਕਰਨ ਲਈ ਖੇਤਾਂ ਵਿਚਕਾਰ ਮਣ੍ਹੇ ਬਣਾਏ ਜਾਂਦੇ ਹਨ। ਪਸ਼ੂਆਂ ਦੇ ਵੱਡੇ-ਵੱਡੇ ਝੁੰਡ ਖੇਤਾਂ ਦੇ ਖੇਤ ਲਿਤਾੜ ਜਾਂਦੇ ਹਨ।

ਪਹਿਲਾਂ ਇਸ ਇਲਾਕੇ ਦੇ ਲੋਕਾਂ ਦੀ ਖੇਤਾਂ ਦੁਆਲੇ ਕੰਡਿਆਲੀ ਤਾਰ ਲਗਾਉਣ ਦੀ ਮੰਗ ਹੁੰਦੀ ਸੀ ਪਰ ਸਮਾਂ ਬੀਤਣ ਨਾਲ ਕੰਡਿਆਲੀ ਤਾਰ ਦੀ ਮੰਗ ਜਾਲ਼ੀਦਾਰ ਤਾਰ ਵਿਚ ਬਦਲ ਗਈ। ਇਸ ਇਲਾਕੇ ਦੇ ਪਿੰਡ ਨੈਣਵਾਂ ਦੇ ਕਿਸਾਨ ਕਈ ਸਾਲਾਂ ਤੋਂ ਇਕੱਠੇ ਹੋ ਕੇ ਰਾਤ ਵੇਲੇ ਜੰਗਲੀ ਜਾਨਵਰਾਂ ਤੋਂ ਬਚਾਅ ਲਈ ਰਾਤ ਭਰ ਪਹਿਰਾ ਦਿੰਦੇ ਸਨ। ਫਿਰ ਉਨ੍ਹਾਂ ਨੇ ਇਸ ਸਮੱਸਿਆ ਦੇ ਪੱਕੇ ਹੱਲ ਲਈ ਏਕਾ ਕੀਤਾ। ਗੁਰਬਾਣੀ ਦੇ ਮਹਾਂਵਾਕ ‘ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ’ ਅਨੁਸਾਰ ਪਿੰਡ ਦਾ ਇਕੱਠ ਕਰਕੇ ਕਰੀਬ ਪੌਣੇ ਦੋ ਸੌ ਕਿੱਲੇ ਨੂੰ ਜਾਲ਼ੀਦਾਰ ਵਾੜ ਕਰ ਦਿੱਤੀ।

ਪਿੰਡ ਦੇ ਇਕ ਕਿਸਾਨ ਨੇ ਦੱਸਿਆ ਕਿ ਇਸ ਮਕਸਦ ਲਈ 2500 ਰੁਪਏ ਪ੍ਰਤੀ ਕਨਾਲ ਇਕੱਠੇ ਕੀਤੇ ਗਏ। ਕਿਸਾਨਾਂ ਦੇ ਇਸ ਉੱਦਮ ਦੀ ਕਾਫੀ ਚਰਚਾ ਹੈ। ਪੁਰਾਣੀ ਕਹਾਵਤ ‘ਇਕੱਠ ਲੋਹੇ ਦੀ ਲੱਠ’ ਨੂੰ ਸੱਚ ਕਰ ਦਿਖਾਇਆ ਇਨ੍ਹਾਂ ਮਿਹਨਤੀ ਲੋਕਾਂ ਨੇ। ਜ਼ਿਕਰਯੋਗ ਹੈ ਕਿ ਇਸ ਇਲਾਕੇ ਦੇ ਕਿਸਾਨ ਕਿੱਲਿਆਂ ਜਾਂ ਵਿੱਘਿਆਂ ਦੇ ਨਹੀਂ ਸਗੋਂ ਕਨਾਲਾਂ ਅਤੇ ਮਰਲਿਆਂ ਦੇ ਮਾਲਕ ਹਨ। ਪਿੰਡ ਦਾ ਕਾਫੀ ਰਕਬਾ ਹਾਲੇ ਇਸ ਕਾਰਜ ਦੇ ਅਧੀਨ ਹੈ। ਜੇਕਰ ਇਕੱਲਾ ਕਿਸਾਨ ਆਪਣੇ ਖੇਤ ਨੂੰ ਇਹ ਜਾਲੀਦਾਰ ਤਾਰ ਨਿੱਜੀ ਤੌਰ ‘ਤੇ ਲਗਵਾਉਂਦਾ ਹੈ ਤਾਂ ਚਾਰ ਗੁਣਾ ਖਰਚ ਆਉਂਦਾ ਹੈ।

ਕਿਸਾਨਾਂ ਦੇ ਦੱਸਣ ਅਨੁਸਾਰ ਜੰਗਲੀ ਸੂਰ ਹਾਲੇ ਵੀ ਤਾਰ ਥੱਲਿਓਂ ਮਿੱਟੀ ਖੋਦ ਕੇ ਖੇਤਾਂ ਵਿਚ ਵੜ ਜਾਂਦੇ ਹਨ ਪਰ ਵੱਡੇ ਪਸ਼ੂਆਂ ਤੋਂ ਪੂਰੀ ਤਰਾਂ ਰਾਹਤ ਮਿਲ ਗਈ ਹੈ। ਜਾਲ਼ੀਦਾਰ ਵਾੜ ਅੰਦਰ ਆਏ ਖੇਤਾਂ ਵਿਚ ਐਤਕੀਂ ਮੱਕੀ, ਕੱਦੂ ਅਤੇ ਖੀਰੇ ਦੀ ਭਰਵੀਂ ਫਸਲ ਦੀ ਹੋਂਦ ਨਾਲ ਕਿਸਾਨਾਂ ਦੇ ਚਿਹਰਿਆਂ ‘ਤੇ ਤਸੱਲੀ ਭਰੀ ਖੁਸ਼ੀ ਹੈ।

ਕਮਾਦ ਦੀ ਖੇਤੀ ਤੋਂ ਤੌਬਾ ਕਰ ਚੁੱਕੇ ਕਿਸਾਨ ਹੁਣ ਮੁੜ ਘਰ ਦਾ ਗੁੜ ਅਤੇ ਸ਼ੱਕਰ ਤਿਆਰ ਕਰਨ ਬਾਰੇ ਸੋਚ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਭਵਿੱਖ ਵਿਚ ਇਸੇ ਤਰ੍ਹਾਂ ਫਸਲ ਹੁੰਦੀ ਰਹੀ ਤਾਂ ਜਾਲੀਦਾਰ ਤਾਰ ‘ਤੇ ਆਏ ਖਰਚ ਦੀ ਜਲਦੀ ਭਰਵਾਈ ਹੋ ਜਾਵੇਗੀ। ਇਸ ਪਿੰਡ ਦੇ ਲੋਕਾਂ ਦੀ ਇਹ ਪਹਿਲ ਬਾਕੀ ਪਿੰਡਾਂ ਲਈ ਵੀ ਰਾਹ-ਦਸੇਰਾ ਬਣੇਗੀ।