ਬਾਸਮਤੀ ਇਸ ਵਾਰ ਛੱਡ ਰਿਹਾ ਹੈ ਮਹਿਕਾਂ, ਏਨੇ ਰੁਪਏ ਪਹੁੰਚੇ ਬਾਸਮਤੀ ਦੇ ਭਾਅ

ਮਾਲਵਾ ਪੱਟੀ ਦੇ ਰੇਤਲੇ ਇਲਾਕੇ ਵਿਚ ਹੋਣ ਵਾਲੀ ਬਾਸਮਤੀ ਇਸ ਵਾਰ ਲੰਬੇ ਸਮੇਂ ਤੋਂ ਮਹਿਕਾਂ ਛੱਡਣ ਲੱਗੀ ਹੈ। ਜਿਹੜੇ ਕਿਸਾਨ ਇਸ ਵਾਰ ਬਾਸਮਤੀ ਨੂੰ ਆਪਣੇ ਖੇਤਾਂ ਵਿਚ ਲਾ ਗਏ, ਉਨ੍ਹਾਂ ਦੀਆਂ ਜੇਬਾਂ ‘ਚੋਂ ਹੁਣ ਖੁਸ਼ਬੂਆਂ ਆਉਣ ਲੱਗੀਆਂ ਹਨ। ਬਾਸਮਤੀ ਬੀਜਣ ਵਾਲਿਆਂ ਦੇ ਖੀਸੇ ਲੰਬਾ ਸਮਾਂ ਖੁਸ਼ਕ ਰਹੇ ਪਰ ਇਸ ਵਾਰ ਭਾਅ ਨੇ ਵਾਰੇ-ਨਿਆਰੇ ਕਰ ਦਿੱਤੇ ਹਨ। ਵਪਾਰੀਆਂ ਦੀਆਂ ਵੱਡੀਆਂ ਕਾਰਾਂ ਕੱਚੀਆਂ ਪਹੀਆਂ ‘ਤੇ ਜਾਕੇ ਬਾਸਮਤੀ ਨੂੰ ਟੋਹਲਣ ਲੱਗੀਆਂ ਹਨ।

ਮਾਨਸਾ ਦੇ ਜ਼ਿਲ੍ਹਾ ਮੰਡੀ ਅਫਸਰ ਦੇ ਦਫ਼ਤਰ ਤੋਂ ਪਤਾ ਲੱਗਿਆ ਹੈ ਕਿ ਇਸ ਵਾਰ ਬਾਸਮਤੀ ਦਾ ਭਾਅ 3 ਹਜ਼ਾਰ ਤੋਂ ਪਾਰ ਹੈ, ਜਦੋਂ ਕਿ ਇਸ ਦਾ ਗੁਆਂਢੀ ਸੂਬੇ ਹਰਿਆਣਾ ਵਿਚ ਰੇਟ 3600 ਤੱਕ ਲੱਗ ਗਿਆ ਹੈ। ਕਰਨਾਲ ਦੀ ਤਰਾਵੜੀ ਮੰਡੀ ਵਿੱਚ ਪੁੱਜੇ ਕਿਸਾਨ ਬੇਹੱਦ ਖੁਸ਼ ਹਨ ਇਥੇ ਬਾਸਮਤੀ ਦੀ ਪਹਿਲੀ ਢੇਰੀ 3,725 ਰੁਪਏ ਪ੍ਰਤੀ ਕੁਇੰਟਲ ਵਿਕੀ ਹੈ ਜਦੋਂ ਕਿ ਪਿਛਲੇ ਸਾਲ ਵੱਧ ਤੋਂ ਵੱਧ ਰੇਟ 3200 ਰੁਪਏ ਪ੍ਰਤੀ ਕੁਇੰਟਲ ਤੱਕ ਅੱਪੜਿਆ ਸੀ ।

ਅਨੇਕਾਂ ਕਿਸਾਨ ਅਤੇ ਵਪਾਰੀ ਬਾਸਮਤੀ ਨੂੰ ਸਟੋਰ ਕਰਨ ਲੱਗੇ ਹਨ ਤਾਂ ਜੋ ਭਵਿੱਖ ਵਿਚ ਮੋਟਾ ਗੱਫਾ ਵਸੂਲਿਆ ਜਾ ਸਕੇ।ਇਸ ਵੇਲੇ ਝੋਨੇ ਦਾ ਸਰਕਾਰੀ ਰੇਟ ਮੰਡੀਆਂ ਵਿਚ 1590 ਰੁਪਏ ਮਿਲ ਰਿਹਾ ਹੈ, ਜਦੋਂ ਕਿ ਪੰਜਾਬ ਦੀਆਂ ਜ਼ਿਆਦਾਤਰ ਮੰਡੀਆਂ ਵਿਚ ਇਸ ਵੇਲੇ 1509 ਦਾ ਰੇਟ 2800 ਰੁਪਏ ਅਤੇ 1121 ਬਾਸਮਤੀ 3200 ਰੁਪਏ ਤੱਕ ਆਮ ਹੀ ਪੁੱਜੀ ਹੋਈ ਹੈ।ਵਪਾਰੀਆਂ ਮੁਤਾਬਕ ਅੰਤਰਰਾਸ਼ਟਰੀ ਬਜਾਰ ਵਿਚ ਇਸ ਵਾਰ ਬਾਸਮਤੀ ਦੀ ਵੱਡੀ ਪੱਧਰ ‘ਤੇ ਮੰਗ ਵਧੀ ਹੈ। ਇਸ ਵਾਰ ਉਤਰੀ ਭਾਰਤ ਵਿਚ ਬਾਸਮਤੀ ਦੇ ਸਾਰੇ ਭੰਡਾਰ ਖਾਲੀ ਹੋਏ ਪਏ ਹਨ।

ਇਸੇ ਦੌਰਾਨ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਇਕ ਵਿਗਿਆਨੀ ਡਾ. ਗੁਰਮੀਤ ਸਿੰਘ ਬੁੱਟਰ ਨੇ ਦੱਸਿਆ ਕਿ ਪੂਸਾ-1121 ਬਾਸਮਤੀ ਨੂੰ ਸਾਲ 2008 ਵਿਚ ਪਾਸ ਕਰ ਦਿੱਤਾ ਸੀ, ਉਸ ਸਮੇਂ ਤੋਂ ਹੀ ਇਹ ਕਿਸਾਨਾਂ ਦੇ ਦਿਲਾਂ ‘ਤੇ ਰਾਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਖੁਸ਼ਬੂਦਾਰ ਚੌਲਾਂ ਦੀ ਕਿਸਮ ਹੈ। ਇਸ ਦੇ ਚੌਲ ਜ਼ਿਆਦਾ ਲੰਬੇ ਅਤੇ ਖਾਣਾ ਲਈ ਸੁਆਦ ਹੁੰਦੇ ਹਨ ਅਤੇ ਇਹ ਰਿੱਝੇ ਹੋਏ ਚੋਲ ਆਪਸ ਵਿਚ ਜੁੜਦੇ ਨਹੀਂ।