ਮੌਸਮ ਅਤੇ ਸਰਕਾਰ ਦੇ ਚੱਕਰ ਵਿੱਚ ਕਿਸਾਨਾਂ ਨੂੰ ਖਾਣੇ ਪੈ ਰਹੇ ਹਨ ਧੱਕੇ ।

ਮੌਸਮ ਅਤੇ ਸਰਕਾਰ ਦੇ ਚੱਕਰ ਵਿੱਚ ਫੱਸ ਕੇ ਕਿਸਾਨਾਂ ਨੂੰ ਧੱਕੇ ਖਾਣੇ ਪੈ ਰਹੇ ਹਨ । ਦਰਅਸਲ ਝੋਨੇ ਦੀ ਫ਼ਸਲ ਇਕ ਮਹੀਨੇ ਤੋਂ ਮੰਡੀਆਂ ਵਿੱਚ ਆ ਰਹੀ ਹੈ ਪਰ ਹੁਣ ਮੌਸਮ ਅਚਾਨਕ ਠੰਢਾ ਤੇ ਧੁੰਦ ਵਾਲਾ ਹੋਣ ਕਾਰਨ ਝੋਨੇ ਵਿੱਚ ਨਮੀ ਦੀ ਮਾਤਰਾ ਵਧੇਰੇ ਆਉਣ ਲੱਗੀ ਹੈ। ਇਸ ਕਰਕੇ ਮੰਡੀਆਂ ਵਿੱਚ ਵਧੇਰੇ ਨਮੀ ਵਾਲੇ ਝੋਨੇ ਦੀ ਖਰੀਦ ਰੁਕ ਗਈ ਹੈ ਜਿਸ ਕਿਸਾਨਾਂ ਭੜਕੇ ਹੋਏ ਨਜ਼ਰ ਆ ਰਹੇ ਹਨ ।

ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਨੇ 17 ਫ਼ੀਸਦ ਨਮੀ ਨਿਰਧਾਰਤ ਕਰ ਦਿੱਤੀ ਹੈ ਪਰ ਜੋ ਮੌਸਮ ਚੱਲ ਰਿਹਾ ਹੈ, ਉਸ ਵਿੱਚ ਵਧੇਰੇ ਨਮੀ ਹੋਣਾ ਕੁਦਰਤੀ ਹੈ। ਉਨ੍ਹਾਂ ਕਿਹਾ ਕਿ ਨਿਰਧਾਰਤ ਨਮੀ ਤੋਂ ਵਧੇਰੇ ਵਾਲਾ ਝੋਨਾ ਤਾਂ ਪਹਿਲਾਂ ਹੀ ਮੰਡੀਆਂ ਵਿੱਚ ਪਹੁੰਚ ਰਿਹਾ ਸੀ ਪਰ ਅਚਾਨਕ ਬਦਲੇ ਮੌਸਮ ਤੇ ਪੈ ਰਹੀ ਧੁੰਦ ਨੇ ਨਮੀ ਦੀ ਮਾਤਰਾ ਵਧਾ ਦਿੱਤੀ ਹੈ। ਜੇਕਰ ਮੌਸਮ ਇਹੋ ਜਿਹਾ ਰਹਿੰਦਾ ਹੈ ਤਾਂ ਨਮੀ ਘੱਟ ਹੋਣ ਦੇ ਆਸਾਰ ਵੀ ਘੱਟ ਹਨ। ਇਸ ਲਈ ਸਰਕਾਰ ਨਮੀ ਪੱਖੋਂ ਕੁਝ ਰਿਆਇਤ ਦੇਵੇ ਤਾਂ ਜੋ ਝੋਨਾ ਮੰਡੀਆਂ ਵਿੱਚ ਨਾ ਰੁਲੇ।

ਹਠੂਰ ਦੀ ਦਾਣਾ ਮੰਡੀ ਵਿੱਚ ਆੜ੍ਹਤੀਆ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰ ਯੂਨੀਅਨ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਧਾਨ ਰਾਜੇਸ਼ ਕੁਮਾਰ ਨੇ ਕਿਹਾ ਕਿ ਝੋਨੇ ਵਿੱਚ 20 ਤੋਂ 25 ਫ਼ੀਸਦ ਤੱਕ ਨਮੀ ਆ ਰਹੀ ਹੈ ਜਦਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ 17 ਫ਼ੀਸਦ ਤੱਕ ਨਮੀ ਵਾਲਾ ਝੋਨਾ ਖਰੀਦਣ ਦੀਆਂ ਹਨ।

ਝੋਨੇ ਦੀ ਨਮੀ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਸਰਕਾਰ 10 ਜੂਨ ਦੀ ਬਜਾਏ 25 ਮਈ ਨੂੰ ਝੋਨਾ ਲਾਉਣ ਦੀ ਹਦਾਇਤ ਕਰੇ ਤਾਂ ਜੋ ਕਿਸਾਨਾਂ ਦਾ ਝੋਨੇ ਮੰਡੀਆਂ ਵਿੱਚ ਸੁੱਕਾ ਆਵੇ। ਉਨ੍ਹਾਂ ਖੇਤੀਬਾੜੀ ਵਿਭਾਗ ਨੂੰ ਵੀ ਬੇਨਤੀ ਕੀਤੇ ਕਿ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੇ ਝੋਨੇ ਦਾ ਬੀਜ ਤਿਆਰ ਕਰੇ ਤਾਂ ਜੋ ਸਮਾਂ ਅਤੇ ਪਾਣੀ ਦੀ ਬਚਤ ਹੋ ਸਕੇ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਝੋਨੇ ਦੀ ਫਸਲ ਖਰੀਦਣ ਲਈ ਨਮੀ ਦੀ ਸ਼ਰਤ ਵਿੱਚ ਨਰਮੀ ਦੇਕੇ ਇਹ 17 ਤੋਂ ਵਧਾ ਕੇ 21 ਫ਼ੀਸਦ ਕੀਤੀ ਜਾਵੇ।