ਇਸ ਵਾਰ ਝੋਨਾ ਵੇਚਣ ‘ਤੇ ਮਿਲਣਗੇ 40,000 ਰੁਪਏ ਪ੍ਰਤੀ ਏਕੜ ਵਧੇਰੇ

ਲੋਕ ਸਭਾ ਹਲਕਾ ਗੁਰਦਾਸਪੁਰ ਜ਼ਿਮਨੀ ਚੋਣ ਦੇ ਉਮੀਦਵਾਰ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਚੌਲ ਉਤਪਾਦਕ ਕਿਸਾਨਾਂ ਨੂੰ 40 ਹਜ਼ਾਰ ਰੁਪਏ ਫ਼ੀ ਏਕੜ ਜ਼ਿਆਦਾ ਮੁੱਲ ਦੇਣ ਦਾ ਐਲਾਨ ਕੀਤਾ ਹੈ। ਦਰਅਸਲ, ਜਾਖੜ ਨੇ ਇਹ ਪੈਸੇ ਆਪਣੀ ਜੇਬ ਵਿੱਚੋਂ ਨਹੀਂ ਦੇਣੇ, ਇਸ ਪਿੱਛੇ ਉਨ੍ਹਾਂ ਇਹ ਤਰਕ ਦਿੱਤਾ ਹੈ ਕਿ ਪਿਛਲੇ ਸਾਲ ਦੇ ਇਸ ਵਾਰ ਮੁਕਾਬਲੇ ਝੋਨੇ ਦੀ ਕੀਮਤ ਵਧੀ ਹੋਈ ਹੈ।

ਜਾਖੜ ਮੁਤਾਬਕ ਬਾਸਮਤੀ ਚੌਲਾਂ ਦੀ 1509 ਕਿਸਮ ਦੀ ਕੀਮਤ ਬੀਤੇ ਵਰ੍ਹੇ 900 ਰੁਪਏ ਫ਼ੀ ਕੁਇੰਟਲ ਸੀ, ਉੱਥੇ ਹੀ ਇਸ ਵਾਰ ਇਸ ਕਿਸਮ ਦਾ ਮੁੱਲ 2600 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਇਸੇ ਤਰ੍ਹਾਂ 1121 ਦਾ ਮੁੱਲ ਪਹਿਲਾਂ 1400 ਰੁਪਏ ਰਿਹਾ ਸੀ ਜੋ ਕਿ ਵਧ ਕੇ ਹੁਣ 3500 ਰੁਪਏ ਫ਼ੀ ਕੁਇੰਟਲ ਹੋ ਗਿਆ ਹੈ।

ਕਾਂਗਰਸ ਪ੍ਰਧਾਨ ਮੁਤਾਬਕ ਝੋਨੇ ਦੀ ਕੀਮਤ ਵਿੱਚ ਹੋਏ ਵਾਧੇ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਲਈ ਲੋੜੀਂਦੇ ਪ੍ਰਬੰਧ ਹੋ ਗਏ ਹਨ ਤੇ ਕਿਸਾਨਾਂ ਨੂੰ ਤੁਰੰਤ ਭੁਗਤਾਨ ਕੀਤੇ ਜਾਣ ਲਈ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ

ਜਾਖੜ ਨੇ ਹੋਰਨਾਂ ਮੰਤਰੀਆਂ ਤੇ ਨੇਤਾਵਾਂ ਦੀ ਮੌਜੂਦਗੀ ਵਿੱਚ ਕਿਸਾਨਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਫ਼ਸਲ ਚੁੱਕਣ ਦੇ 48 ਘੰਟਿਆਂ ਦੇ ਅੰਦਰ ਅੰਦਰ ਉਨ੍ਹਾਂ ਨੂੰ ਪੂਰਾ ਭੁਗਤਾਨ ਕਰ ਦਿੱਤਾ ਜਾਵੇਗਾ।