NRI ਪੰਜਾਬੀਆਂ ਵਲੋਂ ਕਿਸਾਨਾਂ ਨੂੰ ਪਰਾਲੀ ਸੰਭਾਲਣ ਦਾ ਸਾਰਾ ਖਰਚਾ ਦੇਣ ਦੀ ਪਹਿਲ

October 21, 2017

ਪੰਜਾਬ ਵਿਚ ਪਰਾਲੀ ਨਾ ਸਾੜਨ ਦੇ ਬਣੇ ਵੱਡੇ ਮੁੱਦੇ ’ਤੇ ਕਿਸਾਨਾਂ ਨੇ ਇਕ ਦੂਜੇ ਦੀ ਮਦਦ ਕਰਨ ਦਾ ਰਾਹ ਲੱਭਿਆ ਹੈ। ਇਸ ਮਾਮਲੇ ਵਿਚ ਕੈਨੇਡਾ ਦੇ ਪਰਵਾਸੀ ਪੰਜਾਬੀਆਂ ਨੇ ਵੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਤਲਵੰਡੀ ਮਾਧੋ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ ਪਰਾਲੀ ਸੰਭਾਲ ਮਲਚਰ ਅਤੇ ਪਲਟਾਵੇਂ ਹਲ ਇਸ ਉਮੀਦ ਨਾਲ ਲਏ ਸਨ ਕਿ ਉਹ ਇਨ੍ਹਾਂ ਸੰਦਾਂ ਨੂੰ ਕਿਰਾਏ ’ਤੇ ਦੇ ਕੇ ਕੁਝ ਪੈਸੇ ਕਮਾ ਲੈਣਗੇ। ਛੋਟੇ ਕਿਸਾਨਾਂ ਦੇ ਹਾਲਾਤ ਦੇਖ ਕੇ ਉਸ ਦਾ ਮਨ ਬਦਲ ਗਿਆ। ਮਲਚਰ ਤੇ ਪਲਟਾਵੇਂ ਹਲਾਂ ਸਮੇਤ ਹੋਰ ਸੰਦਾਂ ’ਤੇ 10-12 ਲੱਖ ਰੁਪਏ ਖਰਚਣ ਦੇ ਬਾਵਜੂਦ ਉਸ ਨੇ ਛੋਟੇ ਕਿਸਾਨਾਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ।

ਗੁਰਵਿੰਦਰ ਸਿੰਘ ਬੋਪਾਰਾਏ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਛੋਟੇ ਕਿਸਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜ ਏਕੜ ਤੱਕ ਵਾਲੇ ਕਿਸਾਨਾਂ ਦੀ ਪਰਾਲੀ ਸੰਭਾਲਣ ਲਈ ਆਪਣੀ ਮਸ਼ੀਨਰੀ ਮੁਫਤ ਦੇਣਗੇ ਤੇ ਇਸ ਬਦਲੇ ਸਿਰਫ ਕਿਸਾਨਾਂ ਨੂੰ ਆਪਣੇ ਪੱਲਿਓਂ ਤੇਲ ਹੀ ਪਵਾਉਣਾ ਪਵੇਗਾ। ਬਹੁਤ ਸਾਰੇ ਕਿਸਾਨਾਂ ਨੇ ਗੁਰਵਿੰਦਰ ਸਿੰਘ ਤੱਕ ਪਹੁੰਚ ਵੀ ਕੀਤੀ ਹੈ।

ਫੇਸਬੁੱਕ ’ਤੇ ਇਸ ਗੱਲ ਨੂੰ ਹੁੰਗਾਰਾ ਵੀ ਮਿਲ ਰਿਹਾ ਹੈ ਤੇ ਕਨੇਡਾ ਦੇ ਇਕ ਐਨ.ਆਰ.ਆਈ. ਨੇ ਇਹ ਪੇਸ਼ਕਸ਼ ਕੀਤੀ ਹੈ ਕਿ ਉਹ ਤੇਲ ਦਾ ਖਰਚਾ ਦੇਣ ਲਈ ਤਿਆਰ ਹਨ ਤੇ ਕਿਸਾਨਾਂ ਦੀ ਪਰਾਲੀ ਸੰਭਾਲਣ ਲਈ ਉਹ ਅੱਗੇ ਆਉਣ। ਕਿਸਾਨ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਉਨ੍ਹਾਂ ਕੋਲ 10-12 ਏਕੜ ਦੀ ਖੇਤੀ ਹੈ। ਜਿਹੜੀ ਮਸ਼ੀਨਰੀ ਇਸ ਵਾਰ ਉਸ ਨੇ ਪਰਾਲੀ ਸੰਭਾਲਣ ਲਈ ਖ੍ਰੀਦੀ ਹੈ ਉਸ ਦੀ ਪ੍ਰੇਰਣਾ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੋਂ ਮਿਲੀ ਹੈ, ਜਿਹੜੇ ਪਿਛਲੇ 8 ਸਾਲਾਂ ਤੋਂ ਪਰਾਲੀ ਦੇ ਮੁੱਦੇ ਨੂੰ ਉਠਾਉਂਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਦੋ ਟਰੈਕਟਰ ਚੱਲਣਗੇ, ਇਕ ਟਰੈਕਟਰ ਮਲਚਰ ਵਾਸਤੇ ਤੇ ਇਕ ਟਰੈਕਟਰ ਪਲਟਾਵੇਂ ਹਲਾਂ ਲਈ। ਇਸ ਤਰ੍ਹਾਂ ਰੋਜ਼ਾਨਾ 17 ਤੋਂ 18 ਖੇਤਾਂ ਦੀ ਪਰਾਲੀ ਨੂੰ ਖੇਤਾਂ ’ਚ ਹੀ ਵਾਹਿਆ ਜਾ ਸਕਦਾ ਹੈ। ਇਸ ਨਾਲ ਭਵਿੱਖ ਵਿਚ ਕਿਸਾਨਾਂ ਦੀ ਖਾਦ ਦੀ ਖਪਤ ਵੀ ਘਟੇਗੀ।

ਕਨੇਡਾ ’ਚ ਰਹਿੰਦੇ ਸ਼ੇਰਪੁਰ ਦੋਨਾ ਦੇ ਪੰਜਾਬੀ ਸਤਨਾਮ ਸਿੰਘ ਹੁੰਦਲ ਨੇ ਉਨ੍ਹਾਂ ਦੇ ਫੇਸਬੁੱਕ ਅਕਾਊਂਟ ’ਤੇ ਇਹ ਪੇਸ਼ਕਸ਼ ਕੀਤੀ ਹੈ ਕਿ ਉਹ ਤੇਲ ਦਾ ਖਰਚਾ ਦੇਣ ਲਈ ਤਿਆਰ ਹਨ। ਸ੍ਰੀ ਹੁੰਦਲ ਨੇ ਕਿਹਾ ਹੈ ਕਿ ਪੰਜਾਬ ਦੇ ਕਿਸਾਨ ਸੂਬਾ ਸਰਕਾਰ ’ਤੇ ਕਿਸੇ ਗੱਲ ਦੀ ਟੇਕ ਨਾ ਰੱਖਣ ਸਗੋਂ ਇਕ ਦੂਜੇ ਦਾ ਸਾਥ ਦੇ ਕੇ ਇਸ ਸੰਕਟ ਵਿਚੋਂ ਨਿਕਲਣ। ਪਰਵਾਸੀ ਪੰਜਾਬੀ ਵੀ ਉਨ੍ਹਾਂ ਦੀ ਬਣਦੀ ਮਦਦ ਕਰਨ ਲਈ ਤਿਆਰ ਹਨ।

ਲੋਹੀਆਂ ਨੇੜੇ ਟੁਰਨਾ ਪਿੰਡ ਦੇ ਇਕ ਕਿਸਾਨ ਨੇ ਵੀ ਗੁਰਵਿੰਦਰ ਸਿੰਘ ਬੋਪਾਰਾਏ ਨਾਲ ਸੰਪਰਕ ਕਰਕੇ ਕਿਹਾ ਹੈ ਕਿ ਉਸ ਦੇ ਡੇਢ ਏਕੜ ਰਕਬੇ ਵਿਚ ਲੱਗੇ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਲਈ ਉਸ ਦੀ ਮਦਦ ਕਰਨ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਵੀ ਟੁਰਨਾ ਪਿੰਡ ਦਾ ਕਿਸਾਨ ਝੋਨਾ ਵੱਢ ਲਵੇਗਾ ਤਾਂ ਉਸੇ ਦਿਨ ਉਸ ਦੀ ਪਰਾਲੀ ਖੇਤਾਂ ਵਿਚ ਵਾਹ ਦਿੱਤੀ ਜਾਵੇਗੀ।