ਕਿਸਾਨਾਂ ਲਈ ਬੁਰੀ ਖਬਰ, ਝੋਨੇ ਦੀ ਫਸਲ ‘ਤੇ ਹੋਇਆ ਨਵੇਂ ਵਾਇਰਸ ਦਾ ਹਮਲਾ

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਹਰ ਵਾਰ ਕਿਸਾਨਾਂ ਨੂੰ ਝੋਨੇ ਵਿੱਚ ਕਈ ਤਰਾਂ ਦੀਆਂ ਸਮੱਸਿਆਵਾਂ ਅਤੇ ਬਿਮਾਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਕਿਸਾਨਾਂ ਦੇ ਸਾਹਮਣੇ ਇੱਕ ਨਵੀਂ ਮੁਸੀਬਤ ਆਕੇ ਖੜੀ ਹੋ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਝੋਨੇ ਉੱਪਰ ਵਾਇਰਸ ਦਾ ਹਮਲਾ ਹੋਇਆ ਹੈ। ਇਸ ਵਾਇਰਸ ਦਾ ਨਾਮ ‘ਸਦਰਨ ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ’ (SRBSDV) ਦੱਸਿਆ ਜਾ ਰਿਹਾ ਹੈ।

ਇਸ ਵਾਇਰਸ ਦੇ ਹਮਲੇ ਨਾਲ ਝੋਨੇ ਦੇ ਪੌਦਿਆਂ ਦਾ ਵਿਕਾਸ ਰੁਕ ਗਿਆ ਹੈ। ਜਾਣਕਾਰੀ ਦੇ ਅਨੁਸਾਰ ਸਭ ਤੋਂ ਪਹਿਲਾਂ ਇਸ ਵਾਇਰਸ ਦਾ ਹਮਲਾ ਸਾਲ 2001 ਵਿੱਚ ਚੀਨ ਦੇ ਦੱਖਣੀ ਹਿੱਸੇ ਵਿੱਚ ਹੋਇਆ ਸੀ ਅਤੇ ਇਸ ਨਾਲ ਫਸਲਾਂ ਬਹੁਤ ਪ੍ਰਭਾਵਿਤ ਹੋਈਆਂ ਸੀ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ SRBSDV ਵਾਇਰਸ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਝੋਨੇ ਦੇ ਪੌਦਿਆਂ ਦੇ ਵਿਕਾਸ ਨੂੰ ਰੋਕਣ ਲਈ ਜ਼ਿੰਮੇਵਾਰ ਪਾਇਆ ਗਿਆ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਹਿਲੀ ਵਾਰ SRBSDV ਦੇ ਪ੍ਰਕੋਪ ਦਾ ਪਤਾ ਲੱਗਾ ਹੈ। ਪੀਏਯੂ ਦੇ ਅਨੁਸਾਰ ਝੋਨੇ ਦੇ ਬੂਟਿਆਂ ਦੇ ਛੋਟੇ ਰਹਿਣ ਦਾ ਅਸਲ ਕਾਰਨ SRBSDV ਹੈ। ਇਸ ਸਬੰਧੀ ਉਨ੍ਹਾਂ ਨੂੰ ਸ੍ਰੀ ਫਤਹਿਗੜ੍ਹ ਸਾਹਿਬ, ਪਟਿਆਲਾ, ਹੁਸ਼ਿਆਰਪੁਰ, ਲੁਧਿਆਣਾ, ਪਠਾਨਕੋਟ, ਐਸਏਐਸ ਨਗਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਤੋਂ ਝੋਨੇ ਦੇ ਬੂਟੇ ਨਾ ਵਧਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ।

ਸ਼ਿਕਾਇਤਾਂ ਮਿਲਣ ਤੋਂ ਬਾਅਦ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕੀਤਾ ਅਤੇ ਸੰਕਰਮਿਤ ਪੌਦਿਆਂ ਦੇ ਸੈਂਪਲ ਲਏ। ਇਨ੍ਹਾਂ ਪੌਦਿਆਂ ਦੀ ਜਾਂਚ ਵਿੱਚ ਟੀਮ ਨੇ ਪਾਇਆ ਕਿ 15-25 ਜੂਨ ਦੌਰਾਨ ਬੀਜੀਆਂ ਗਈਆਂ ਫ਼ਸਲਾਂ ਉੱਤੇ ਇਸ ਵਾਇਰਸ ਦਾ ਸਭਤੋਂ ਵੱਧ ਪ੍ਰਭਾਵ ਪਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਸੰਕਰਮਿਤ ਪੌਦੇ ਬਹੁਤ ਛੋਟੇ ਸਨ ਅਤੇ ਉਨ੍ਹਾਂ ਦੇ ਪੱਤੇ ਪਤਲੇ ਤੇ ਸਿੱਧੇ ਸਨ।

ਪੌਦਿਆਂ ਦੀਆਂ ਜੜ੍ਹਾਂ ਤੇ ਤਣੇ ਦੋਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਹ ਪੌਦੇ ਆਮ ਪੌਦਿਆਂ ਦੇ ਮੁਕਾਬਲੇ ਲੰਬਾਈ ਵਿੱਚ ਇੱਕ ਤਿਹਾਈ ਤੋਂ ਅੱਧੇ ਹਨ। ਪੌਦਿਆਂ ਦੀਆਂ ਜੜ੍ਹਾਂ ਖੋਖਲੀਆਂ ਸਨ ਤੇ ਆਸਾਨੀ ਨਾਲ ਪੁੱਟੀਆਂ ਜਾ ਸਕਦੀਆਂ ਸਨ। ਖੇਤਾਂ ਵਿੱਚ ਝੋਨੇ ਦੀਆਂ ਲਗਪਗ ਸਾਰੀਆਂ ਕਿਸਮਾਂ ਵਿੱਚ ਇਹੋ ਜਿਹੀਆਂ ਸਮੱਸਿਆਵਾਂ ਦੇਖਣ ਨੂੰ ਮਿਲੀਆਂ। ਇਹ ਵਾਇਰਸ ਉਨ੍ਹਾਂ ਝੋਨੇ ਦੇ ਖੇਤਾਂ ਵਿੱਚ ਜ਼ਿਆਦਾ ਦੇਖਿਆ ਗਿਆ ਜਿੱਥੇ 25 ਜੂਨ ਤੋਂ ਪਹਿਲਾਂ ਲਵਾਈ ਹੋਈ ਸੀ।