ਇਹ ਹਨ ਉੱਨਤ ਕਿਸਮਾਂ ਤੇ ਬਿਜਾਈ ਦਾ ਢੰਗ

April 2, 2018

ਬਾਜਰੇ ਨੂੰ ਦਾਣਿਆਂ ਅਤੇ ਚਾਰੇ ਦੇ ਉਦੇਸ਼ ਲਈ ਉਗਾਇਆ ਜਾਂਦਾ ਹੈ, ਪਰ ਦੋਗਲੇ ਨੇਪੀਅਰ ਬਾਜਰੇ ਦੀ ਖੇਤੀ ਚਾਰੇ ਦੀ ਫ਼ਸਲ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਬਾਜਰਾ ਅਤੇ ਹਾਥੀ ਘਾਹ ਦੇ ਸੁਮੇਲ ਤੋਂ ਇਹ ਘਾਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਤਿਆਰ ਕੀਤਾ ਗਿਆ ਹੈ। ਇਹ ਬਹੁ-ਸਾਲੀ ਫ਼ਸਲ ਹੈ ਪਰ ਬਹੁਤਾ ਚਾਰਾ ਮਾਰਚ ਤੋਂ ਨਵੰਬਰ ਤੱਕ ਮਿਲਦਾ ਹੈ। ਇਕ ਵਾਰ ਲਗਾਈ ਫ਼ਸਲ 2-3 ਸਾਲ ਰਹਿੰਦੀ ਹੈ।

ਜਲਵਾਯੂ ਅਤੇ ਜ਼ਮੀਨ:

ਇਸ ਨੂੰ ਗਰਮ ਅਤੇ ਸਿੱਲ੍ਹਾ ਜਲਵਾਯੂ ਚਾਹੀਦਾ ਹੈ ਅਤੇ ਪੰਜਾਬ ਦੇ ਸਾਰੇ ਸੇਂਜੂ ਰਕਬੇ ਵਿਚ ਉਗਾਇਆ ਜਾ ਸਕਦਾ ਹੈ। ਇਹ ਚਾਰਾ ਹਰ ਕਿਸਮ ਦੀ ਜ਼ਮੀਨ ਵਿਚ ਉਗਾਇਆ ਜਾ ਸਕਦਾ ਹੈ ਪਰ ਜ਼ਿਆਦਾ ਚਾਰਾ ਲੈਣ ਲਈ ਭਾਰੀ ਜ਼ਮੀਨ ਵਿਚ ਬੀਜਣਾ ਚਾਹੀਦਾ ਹੈ।

ਉੱਨਤ ਕਿਸਮਾਂ

  • ਪੀ. ਬੀ. ਐੱਨ. 346 (2016): ਇਹ ਬਹਾਰ ਰੁੱਤ ਵਿਚ ਅਗੇਤੀ ਫੁੱਟਣ ਵਾਲੀ ਲੂੰ-ਰਹਿਤ, ਲੰਮੀ, ਮੁਲਾਇਮ, ਚੌੜੇ ਪੱਤਿਆਂ ਵਾਲੀ ਕਿਸਮ ਹੈ। ਇਸ ਦੇ ਹਰੇ ਚਾਰੇ ਦਾ ਝਾੜ 715 ਕੁਇੰਟਲ ਪ੍ਰਤੀ ਏਕੜ ਹੈ।
  • ਪੀ. ਬੀ. ਐੱਨ. 233 (2000): ਇਹ ਲੂੰ-ਰਹਿਤ, ਲੰਮੀ, ਮੁਲਾਇਮ, ਚੌੜੇ ਪੱਤਿਆਂ ਵਾਲੀ ਕਿਸਮ ਹੈ। ਇਹ ਕਿਸਮ ਪੀ. ਬੀ. ਐੱਨ. 83 ਨਾਲੋਂ ਵਧੇਰੇ ਸਮੇਂ ਤੱਕ ਵਧਦੀ ਰਹਿੰਦੀ ਹੈ, ਕਿਉਂਕਿ ਇਹ ਬਹਾਰ ਰੁੱਤ ਵਿਚ ਅਗੇਤੀ ਫੁੱਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਰਦੀ ਸ਼ੁਰੂ ਹੋਣ ਤੱਕ ਵਧਦੀ ਰਹਿੰਦੀ ਹੈ। ਇਸ ਦਾ ਔਸਤਨ ਝਾੜ 1100 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
  • ਪੀ. ਬੀ. ਐੱਨ. 83 (1984): ਇਹ ਇਕ ਲੂੰ ਰਹਿਤ ਕੂਲੇ ਪੱਤਿਆਂ ਵਾਲੀ, ਛੇਤੀ ਵਧਣ ਵਾਲੀ ਅਤੇ ਪਛੇਤੀ ਨਿਸਰਣ ਵਾਲੀ ਦੋਗਲੀ ਕਿਸਮ ਹੈ। ਇਸ ਦਾ ਵਾਧਾ ਹਮੇਸ਼ਾ ਚੰਗਾ ਹੁੰਦਾ ਹੈ। ਸਰਦੀਆਂ ਵਿਚ ਪਛੇਤੀ ਵਧਦੀ ਰਹਿੰਦੀ ਹੈ ਅਤੇ ਬਹਾਰ ਰੁੱਤੇ ਛੇਤੀ ਫੁੱਟਦੀ ਹੈ। ਇਸ ਲਈ ਇਹ ਕਿਸਮ ਘੱਟ ਸਮਾਂ ਸਿੱਥਲ ਅਵਸਥਾ ਵਿਚ ਰਹਿੰਦੀ ਹੈ। ਇਸ ਦੇ ਹਰੇ ਚਾਰੇ ਦਾ ਝਾੜ 960 ਕੁਇੰਟਲ ਪ੍ਰਤੀ ਏਕੜ ਹੈ।

ਬਿਜਾਈ ਦਾ ਸਮਾਂ:

ਫ਼ਰਵਰੀ ਦੇ ਅੰਤਲੇ ਹਫ਼ਤੇ ਤੋਂ ਅੱਧ ਅਪ੍ਰੈਲ ਤੱਕ। ਬਿਜਾਈ ਦਾ ਢੰਗ: ਇਹ ਜੜ੍ਹਾਂ ਅਤੇ ਕਲਮਾਂ ਤੋਂ ਉਗਾਇਆ ਜਾਂਦਾ ਹੈ। ਜੜ੍ਹਾਂ 30 ਸੈਂਟੀਮੀਟਰ ਲੰਬੀਆਂ ਅਤੇ ਕਲਮਾਂ ਉੱਤੇ 2 ਤੋਂ 3 ਗੰਢਾਂ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਲਾਉਣ ਲਈ 11,000 ਜੜ੍ਹਾਂ ਜਾਂ ਕਲਮਾਂ ਕਾਫ਼ੀ ਹਨ।

ਫਾਸਲਾ:

ਵਧੀਆ ਵਿਕਾਸ ਅਤੇ ਝਾੜ ਲਈ ਬੂਟਿਆਂ ਅਤੇ ਕਤਾਰਾਂ ਵਿਚ ਫ਼ਾਸਲਾ 90×40 ਸੈਂਟੀਮੀਟਰ ਜਾਂ 60×60 ਸੈਂਟੀਮੀਟਰ ਰੱਖੋ।

ਨਦੀਨਾਂ ਦੀ ਰੋਕਥਾਮ:

ਦੋਗਲੇ ਨੇਪੀਅਰ ਬਾਜਰੇ ਦੀ ਕਲਮਾਂ ਲਗਾਉਣ ਤੋਂ ਬਾਅਦ ਜੇਕਰ ਦੋ ਗੋਡੀਆਂ 21 ਅਤੇ 42 ਦਿਨਾਂ ਬਾਅਦ ਕਰੋ ਤਾਂ ਮੌਸਮੀ ਨਦੀਨਾਂ ‘ਤੇ ਕਾਬੂ ਪਾਇਆ ਜਾ ਸਕਦਾ ਹੈ।

ਖਾਦਾਂ:

  • ਬੀਜਣ ਤੋਂ ਪਹਿਲਾਂ 20 ਟਨ ਰੂੜੀ ਦੀ ਖਾਦ ਅਤੇ ਬੀਜਣ ਤੋਂ 15 ਦਿਨ ਪਿਛੋਂ 30 ਕਿਲੋ ਨਾਈਟ੍ਰੋਜਨ (66 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ।
  • ਖਾਦਾਂ (ਕਿਲੋਗ੍ਰਾਮ ਪ੍ਰਤੀ ਏਕੜ)
  • ਯੂਰੀਆ ਸੁਪਰਫ਼ਾਸਫੇਟ 66 240 ਤੱਤ (ਕਿਲੋਗ੍ਰਾਮ ਪ੍ਰਤੀ ਏਕੜ)
  • ਨਾਈਟ੍ਰੋਜਨ ਫ਼ਾਸਫੋਰਸ 30 38

ਯੂਰੀਏ ਦੀ ਏਨੀ ਹੀ ਮਾਤਰਾ ਹਰ ਕਟਾਈ ਤੋਂ ਪਿਛੋਂ ਪਾਓ। ਹਰੇਕ ਸਾਲ 38 ਕਿਲੋ ਫ਼ਾਸਫੋਰਸ (240 ਕਿਲੋ ਸੁਪਰਫ਼ਾਸਫੇਟ) ਦੋ ਕਿਸ਼ਤਾਂ ਵਿਚ ਪਾਓ। ਪਹਿਲਾ ਹਿੱਸਾ ਬਸੰਤ ਰੁੱਤ ਅਤੇ ਦੂਜਾ ਮਾਨਸੂਨ ਦੇ ਮੌਸਮ ਵਿਚ ਪਾਓ।

ਸਿੰਚਾਈ:

ਬਿਜਾਈ ਦੇ ਬਾਅਦ ਸਿੰਚਾਈ ਕਰੋ। ਗਰਮੀਆਂ ਦੇ ਮਹੀਨੇ ਵਿਚ ਜਾਂ ਖੁਸ਼ਕ ਮੌਸਮ ਵਿਚ 10-15 ਦਿਨਾਂ ਦੇ ਬਾਅਦ ਪਾਣੀ ਦਿੰਦੇ ਰਹੋ।

ਕਟਾਈ:

ਬਿਜਾਈ ਤੋਂ 50 ਦਿਨ ਬਾਅਦ ਫ਼ਸਲ ਕਟਾਈ ਲਈ ਤਿਆਰ ਹੋ ਜਾਂਦੀ ਹੈ। ਪਹਿਲੀ ਕਟਾਈ ਦੇ ਬਾਅਦ, ਦੂਜੀ ਕਟਾਈ ਫ਼ਸਲ ਦੇ 1 ਮੀਟਰ ਉੱਚਾ ਹੋਣ ‘ਤੇ ਕਰੋ। ਫ਼ਸਲ ਨੂੰ 2 ਮੀਟਰ ਤੋਂ ਜ਼ਿਆਦਾ ਉੱਚਾ ਨਾ ਹੋਣ ਦਿਓ, ਇਸ ਨਾਲ ਚਾਰੇ ਦੇ ਪੌਸ਼ਕ ਤੱਤ ਘੱਟ ਜਾਂਦੇ ਹਨ। ਇਸ ਤਰ੍ਹਾਂ ਦੇ ਚਾਰੇ ਪਾਚਣ ਲਈ ਭਾਰੇ ਹੁੰਦੇ ਹਨ।

ਰਲਵੀਂ ਫ਼ਸਲ ਬੀਜਣਾ:

ਸਰਦੀਆਂ ਦੇ ਮਹੀਨਿਆਂ ਵਿਚ ਜਦ ਇਸ ਦਾ ਵਾਧਾ ਨਹੀਂ ਹੁੰਦਾ ਤਾਂ ਇਸ ਵਿਚ ਜਵੀ ਜਾਂ ਸੇਂਜੀ ਜਾਂ ਮੇਥੇ ਜਾਂ ਸਰ੍ਹੋਂ ਬੀਜੋ।