ਮਿੱਟੀ ਤੇ ਪਾਣੀ ਦੀ ਪਰਖ਼ ਲਈ ਨਮੂਨੇ ਲੈਣ ਦੇ ਢੰਗ

ਖਾਦਾਂ ਦੀ ਸੰਤੁਲਿਤ ਵਰਤੋਂ ਲਈ ਮਿੱਟੀ ਦੀ ਪਰਖ਼ ਕਰਾਉਣੀ ਜ਼ਰੂਰੀ ਹੈ ਤਾਂ ਜੋ ਅਸੀਂ ਖੇਤਾਂ ਵਿਚ ਫਸਲਾਂ ਦੀ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਕੇ ਫਜ਼ੂਲ ਖ਼ਰਚ ਘਟਾ ਸਕੀਏ। ਇਹ ਜਾਂਚ ਕੱਲਰ ਵਾਲੀ ਜ਼ਮੀਨ ਦੇ ਸੁਧਾਰ ਅਤੇ ਉਸ ਲਈ ਜਿਪਸਮ ਦੀ ਸਹੀ ਮਾਤਰਾ ਦਾ ਪਤਾ ਲੈਣ, ਬਾਗ ਲਗਾਉਣ ਵਾਸਤੇ ਜ਼ਮੀਨ ਦੀ ਯੋਗਤਾ ਜਾਨਣ ਲਈ ਵੀ ਜ਼ਰੂਰੀ ਹੈ। ਅਣਗਹਿਲੀ ਕਾਰਨ ਲਏ ਨਮੂਨੇ, ਪਰਖਣ ਵੇਲੇ ਖੇਤ ਬਾਰੇ ਸਹੀ ਜਾਣਕਾਰੀ ਨਹੀਂ ਦੇ ਸਕਣਗੇ।

ਫਸਲਾਂ ਵਾਸਤੇ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਦੀ ਉੱਪਰਲੀ ਤਹਿ ਤੋ ਘਾਹ ਫੂਸ ਪਰੇ ਕਰਕੇ ਖੁਰਪੇ ਨਾਲ 6 ਇੰਚ ਡੂੰਘਾ ਟੋਇਆ ਪੁੱਟਕੇ ਇੱਕ ਪਾਸੇ ਇਕ ਇੰਚ ਮਿੱਟੀ ਦੀ ਤਹਿ ਉੱਪਰੋਂ ਥੱਲੇ ਤੱਕ ਇਕਸਾਰ ਕੱਟੋ। ਇਸ ਮਿੱਟੀ ਨੂੰ ਸਾਫ਼ ਕੱਪੜੇ ਜਾ ਬਰਤਨ ਵਿੱਚ ਪਾਉ। ਇਸੇ ਤਰ੍ਹਾਂ 7-8 ਹੋਰ ਥਾਵਾਂ ਤੋ ਮਿੱਟੀ ਲਵੋ। ਇਸ ਮਿੱਟੀ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਨਾਲ ਮਿਲਾਕੇ ਉਸ ਵਿੱਚੋ ਅੱਧਾ ਕਿਲੋਗ੍ਰਾਮ ਮਿੱਟੀ ਲੈ ਲਵੋ।

ਜੇ ਮਿੱਟੀ ਗਿੱਲੀ ਹੋਵੇ ਤਾਂ ਛਾਂ ਵਿੱਚ ਸੁਕਾਓ। ਇਸ ਨਮੂਨੇ ਨੂੰ ਕੱਪੜੇ ਦੀ ਥੈਲੀ ਵਿੱਚ ਪਾ ਕੇ ਕਿਸਾਨ ਦਾ ਨਾਮ, ਪਤਾ ਅਤੇ ਖੇਤ ਨੰਬਰ ਲਿਖਕੇ ਇੱਕ ਪਰਚੀ ਉਸ ਉੱਤੇ ਰੱਖ ਦੇਵੋ।ਇਸ ਤਰੀਕੇ ਨਾਲ ਖੇਤ ਵਿੱਚੋ ਰਲਵਾ-ਮਿਲਵਾ ਨਮੂਨਾ ਲੈਣਾ ਚਾਹੀਦਾ ਹੈ। ਜੇਕਰ ਕਿਸੇ ਖੇਤ ਦੇ ਕੁਝ ਹਿੱਸੇ ਵਿੱਚ ਜ਼ਮੀਨ ਦੀ ਕਿਸਮ ਤੇ ਉਪਜਾਊ ਸ਼ਕਤੀ ਵੱਖਰੀ ਹੋਵੇ, ਉਸ ਹਿੱਸੇ ਦੀ ਮਿੱਟੀ ਦਾ ਅਲੱਗ ਨਮੂਨਾ ਲਵੋ।

ਕੱਲਰ ਵਾਲੀ ਜ਼ਮੀਨ ਵਿੱਚੋ ਮਿੱਟੀ ਦਾ ਨਮੂਨਾ ਲੈਣ ਲਈ ਜ਼ਮੀਨ ਵਿੱਚ 3 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਉੱਪਰੋਂ ਸ਼ੁਰੂ ਕਰਕੇ ਹੇਠਾਂ 6 ਇੰਚ ਤੱਕ 1 ਫੁੱਟ ਅਤੇ 2 ਫੁੱਟ ਦੀ ਡੂੰਘਾਈ ’ਤੇ ਨਿਸ਼ਾਨ ਲਗਾਉ ।ਹਰ ਡੂੰਘਾਈ ਤੋਂ ਖੁਰਪੇ ਦੀ ਮਦਦ ਨਾਲ ਤਕਰੀਬਨ 1 ਇੰਚ ਮੋਟੀ ਤਹਿ ਉਤਾਰ ਕੇ ਅੱਧਾ ਗ੍ਰਾਮ ਮਿੱਟੀ ਲਵੋ। ਇਸ ਤਰ੍ਹਾਂ ਕੁੱਲ ਚਾਰ ਨਮੂਨੇ ਲਵੋ। ਹਰ ਡੂੰਘਾਈ ਤੋ ਨਮੂਨੇ ਲੈ ਕੇ ਵਿਧੀ 1 ਤਰ੍ਹਾਂ ਸੰਭਾਲੋ, ਪਰਚੀ ਉੱਪਰ ਨਮੂਨੇ ਦੀ ਡੂੰਘਾਈ ਵੀ ਲਿਖੋ।

ਬਾਗ ਲਗਾਉਣ ਲਈ ਮਿੱਟੀ ਦੀ ਪਰਖ ਵਾਸਤੇ ਨਮੂਨਾ ਲੈਣ ਲਈ ਖੇਤ ਦੇ ਵਿਚਕਾਰ 6 ਫੁੱਟ ਡੂੰਘਾ ਟੋਇਆ ਪੁੱਟ ਕੇ ਸਿੱਧੇ ਪਾਸੇ ਤੋ ਉੱਪਰ ਹੇਠਾਂ ਵੱਲ ਨਿਸ਼ਾਨ ਲਾ ਕੇ ਨਿਸ਼ਾਨ 6 ਇੰਚ ‘ਤੇ 2 ਨਿਸ਼ਾਨ 1 ਫੁੱਟ’ ਤੇ ਲਾ ਕੇ ਹਰ ਫੁੱਟ ’ਤੇ ਨਿਸ਼ਾਨ ਲਾਉ। ਖੁਰਪੇ ਨਾਲ 6 ਇੰਚ ਦੇ ਨਿਸ਼ਾਨ ਤੱਕ 1 ਇੰਚ ਮੋਟੀ ਤਹਿ ਇੱਕ ਸਾਰ ਲਾਉ ਜਿਸ ਦਾ ਭਾਰ ਲਗਪਗ ਅੱਧਾ ਕਿਲੋਗ੍ਰਾਮ ਹੋਵੇ। ਇਸੇ ਤਰ੍ਰਾਂ 6 ਨਮੂਨੇ 1-1 ਫੁੱਟ ਦੂਰੀ ’ਤੇ ਲਉ ਅਤੇ ਵੱਖ-ਵੱਖ ਥੈਲੀਆਂ ਵਿੱਚ ਪਾਉ ਜਿਸ ਦੀ ਗਿਣਤੀ 7 ਹੋ ਜਾਵੇਗੀ। ਥੈਲੀ ਦੇ ਕਿਸਾਨ ਅਤੇ ਖੇਤਾਂ ਦੀ ਪੂਰੀ ਜਾਣਕਾਰੀ ਲਿਖ ਕੇ ਪਾਈ ਜਾਵੇ।

ਜੇ ਕਿਸੇ ਡੂੰਘਾਈ ਤੇ ਕੋਈ ਰੋੜਿਆ ਦੀ ਤਹਿ ਹੋਵੇ, ਉਸਦਾ ਨਮੂਨਾ ਅਲੱਗ ਲੈ ਕੇ ਵੱਖਰੀ ਥੈਲੀ ਵਿੱਚ ਪਾਉਣਾ ਚਾਹੀਦਾ ਹੈ, ਜਿਸ ਵਿੱਚ ਇੱਕ ਪਰਚੀ ਉੱਤੇ ਤਹਿ ਦੀ ਡੂੂੰਘਾਈ ਲਿਖੀ ਹੋਵੇ । ਕੱਲਰ ਵਾਲੀ ਜ਼ਮੀਨ ਅਤੇ ਬਾਗਾਂ ਵਾਸਤੇ ਮਿੱਟੀ  ਦਾ ਨਮੂਨਾ ਬਰਮੇ ਦੀ ਮਦਦ ਨਾਲ  ਵੀ ਲਿਆ ਜਾ ਸਕਦਾ ਹੈ।

ਪਾਣੀ ਦੇ ਨਮੂਨੇ

ਟਿਊਬਵੈੱਲ ਦੇ ਪਾਣੀ ਦੇ ਨਮੂਨੇ ਲੈਣ ਲਈ ਟਿਊਬਵੱਲ ਨੂੰ ਅੱਧੇ ਘੰਟੇ ਵਾਸਤੇ ਚਲਾਓ। ਫਿਰ ਸਾਫ ਸੁਥਰੀ ਖਾਲੀ ਬੋਤਲ ਨੂੰ ਇਸੇ ਪਾਣੀ ਨਾਲ ਧੋ ਕੇ ਭਰ ਲਓ। ਬੋਤਲ ਨੂੰ ਸਾਬਣ ਜਾਂ ਕੱਪੜੇ ਧੋਣ ਵਾਲੇ ਪਾਊਡਰ ਨਾਲ ਸਾਫ ਨਾ ਕਰੋ। ਇਸ ਉਤੇ ਸਾਫ ਢੱਕਣ ਜਾਂ ਕਾਰਕ ਲਾਕੇ ਕਿਸਾਨ ਦਾ ਨਾਂ, ਪਤਾ, ਬਲਾਕ ਅਤੇ ਜ਼ਿਲ੍ਹਾ, ਟਿਊਬਵੈਲ ਦੀ ਡੂੰਘਾਈ, ਨਹਿਰੀ ਪਾਣੀ ਕਿੰਨੀ ਮਾਤਰਾ ਵਿੱਚ ਲਗਦਾ ਹੈ, ਜ਼ਮੀਨ ਦੀ ਕਿਸਮ, ਫਸਲਾਂ ਜਿਨ੍ਹਾਂ ਨੂੰ ਇਹ ਪਾਣੀ ਲਾਉਣਾ ਹੈ, ਜਾਣਕਾਰੀ ਦਿਓ।

ਇਹ ਸਾਰੇ ਨਮੂਨੇ ਨੇੜੇ ਦੀ ਕਿਸੇ ਮਿੱਟੀ ਪਰਖ ਪ੍ਰਯੋਗਸ਼ਾਲਾ ਵਿੱਚ ਪਹੁੰਚਾਉ। ਮਿੱਟੀ ਤੇ ਪਾਣੀ ਦੀ ਪਰਖ ਦੇ ਨਤੀਜੇ, ਸਿੱਧੇ ਜ਼ਿਮੀਂਦਾਰਾਂ ਨੂੰ ਇੱਕ ਮਿੱਟੀ ਪਰਖ ਰਿਪੋਰਟ ਦੀ ਸ਼ਕਲ ਚ ਡਾਕ ਰਾਹੀਂ ਭੇਜੇ ਜਾਂਦੇ ਹਨ ਜਾ ਕਿਸਾਨ ਆਪ ਲੈ ਸਕਦੇ ਹਨ। ਮਿੱਟੀ ਦੀ ਪਰਖ ਹਰ 2-3 ਸਾਲ ਦੇ ਵਕਫੇ ’ਤੇ ਕਰਵਾ ਲੈਣੀ ਚਾਹੀਦੀ ਹੈ। ਮਿੱਟੀ ਅਤੇ ਪਾਣੀ ਦੀ ਖਰਖ ਅਨੁਸਾਰ ਖਾਦਾਂ ਅਤੇ ਪਾਣੀ ਦੀ ਸਹੀ ਵਰਤੋ ਕਰਕੇ ਪੂਰਾ-ਪੂਰਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਬੇਲੋੜੇ  ਖ਼ਰਚਿਆ ਤੋ ਬਚਣਾ ਚਾਹੀਦਾ ਹੈ।