ਇਸ ਤਰਾਂ ਕਰੋ ਮਿਰਚਾਂ ਦੀ ਉੱਨਤ ਖੇਤੀ ਇਕ ਏਕੜ ਵਿਚੋਂ ਹੋ ਸਕਦੀ ਹੈ ਤਿੰਨ ਲੱਖ ਤੱਕ ਦੀ ਆਮਦਨ

ਮਿਰਚਾਂ ਦਾ ਮੂਲ ਸਥਾਨ ਅਮਰੀਕਾ ਹੈ | ਪੰਜਾਬ ਵਿਚ 6.82 ਹਜ਼ਾਰ ਹੈਕਟੇਅਰ ਰਕਬੇ ਵਿਚ ਮਿਰਚਾਂ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਇਸ ਦੀ ਪੈਦਾਵਾਰ 11.78 ਹਜ਼ਾਰ ਟਨ ਹੁੁੰਦੀ ਹੈ | ਹਰੀ ਮਿਰਚ ਆਚਾਰ ਬਣਾਉਣ ਵਾਸਤੇ ਵਰਤੀ ਜਾਂਦੀ ਹੈ ਅਤੇ ਲਾਲ ਮਿਰਚ ਤੋਂ ਪਾਊਡਰ, ਪੇਸਟ ਅਤੇ ਉਲਿਉਰੇਜਿਨ ਤਿਆਰ ਕੀਤੇ ਜਾਂਦੇ ਹਨ ਜੋ ਮਸਾਲੇ ਦੇ ਤੌਰ ‘ਤੇ ਵਰਤੇ ਜਾਂਦੇ ਹਨ ਅਤੇ ਇਸ ਦਾ ਉਲਿੳਰੇਜਿਨ ਅਨੇਕਾਂ ਦਵਾਈਆਂ ਵਿਚ ਵਰਤਿਆ ਜਾਂਦਾ ਹੈ |

ਮੁਨਾਫ਼ਾ

ਮਿਰਚ ਦੀ ਖੇਤੀ ਵੱਲ ਕਿਸਾਨਾਂ ਦਾ ਰੁਝਾਨ ਵੱਧਦਾ ਜਾ ਰਿਹਾ ਹੈ | ਇਸ ਦਾ ਮੁੱਖ ਕਾਰਨ ਇਹ ਹੈ ਕਿ ਹਰੀ ਮਿਰਚ ਦਾ ਭਾਅ ਜੇਕਰ ਕਿਸਾਨਾਂ ਨੂੰ ਘੱਟ ਮਿਲੇ ਤਾਂ ਉਹ ਇਸ ਨੂੰ ਪਕਾ ਕੇ ਵਧੀਆ ਭਾਅ ‘ਤੇ ਵੇਚ ਸਕਦੇ ਹਨ ਅਤੇ ਵਧੀਆ ਮੁਨਾਫ਼ਾ ਕਮਾ ਸਕਦੇ ਹਨ | ਚੰਗੀ ਕਿੱਸਮ ਦੀ ਲਾਲ ਮਿਰਚ ਦਾ ਰੇਟ 12000 ਕੁਇੰਟਲ ਤੱਕ ਹੋ ਸਕਦਾ ਹੈ |ਇਸ ਤੋਂ ਇਲਾਵਾ ਸੁੱਕੀ ਹੋਈ ਲਾਲ ਮਿਰਚ ਦਾ ਪਾਊਡਰ ਜਾ ਪੇਸਟ ਬਣਾ ਕੇ ਵੇਚ ਸਕਦੇ ਹੋ ਜਿਸਦੀ ਕੀਮਤ ਲਗਭਗ 200-300 ਪ੍ਰਤੀ ਕਿੱਲੋ ਹੈ |

1 ਏਕੜ ਜਮੀਨ ‘ਚ ਮਿਰਚਾਂ ਦੇ 10 ਹਜ਼ਾਰ ਪੌਦੇ ਲਗਾਏ ਜਾਂਦੇ ਹਨ ਤੇ ਇੱਕ ਸੀਜ਼ਨ ‘ਚ ਕਿਸਾਨ 60 ਤੋਂ 70 ਕੁਇੰਟਲ ਅਤੇ ਵੱਧ ਤੋਂ ਵੱਧ ਸੌ ਕੁਇੰਟਲ ਤੱਕ ਮਿਰਚ ਦਾ ਝਾੜ ਪ੍ਰਾਪਤ ਕਰ ਸਕਦਾ ਹੈ | 2016 ਵਿਚ ਕਿਸਾਨਾਂ ਨੇ ਆਮ ਹੀ 3 ਲੱਖ ਰੁਪਏ ਪ੍ਰਤੀ ਏਕੜ ਤੋਂ ਵੱਧ ਕਮਾਏ ਕਿਉਂਕਿ ਉਸ ਸਾਲ ਹਰੀ ਮਿਰਚ ਦਾ ਪੰਜਾਬ ਦੀਆਂ ਮੰਡੀਆਂ ਵਿਚ ਭਾਅ 15 ਰੁਪਏ ਪ੍ਰਤੀ ਕਿਲੋ ਤੋਂ ਹੇਠਾਂ ਨਹੀ ਆਇਆ ਅਤੇ ਇਹ ਭਾਅ ਵੀ ਸਿਰਫ਼ ਜੁਲਾਈ ਦੇ ਸ਼ੁਰੂ ਸਿਰਫ਼ ਅੱਠ-ਦਸ ਦਿਨ ਹੀ ਰਿਹਾ ਜਦਕਿ ਉਸ ਤੋਂ ਬਾਅਦ ਇਸ ਦਾ ਗ੍ਰਾਫ਼ ਵਧਦਾ ਵਧਦਾ 45 ਰੁਪਏ ਪ੍ਰਤੀ ਕਿਲੋ ਤਕ ਚਲਾ ਗਿਆ। ਆਮ ਤੋਰ ਤੇ ਮਿਰਚਾਂ ਦਾ ਭਾਅ 5-10 ਕਿੱਲੋ ਤੱਕ ਰਹਿੰਦਾ ਹੀ ਹੈ ।ਪਰ ਨੋਟ ਬੰਦੀ ਤੋਂ ਬਾਅਦ ਬਾਕੀ ਸਬਜੀਆਂ ਤਰਾਂ ਹਨ ਦੇ ਭਾਅ ਵੀ ਹੇਠਾਂ ਡਿੱਗ ਪਾਏ ਸਨ ਜਿਸ ਕਰਕੇ ਮਿਰਚਾਂ ਬੀਜਣ ਵਾਲੇ ਕਿਸਾਨਾਂ ਨੂੰ ਇਸ ਸਾਲ ਕਾਫੀ ਨੁਕਸਾਨ ਹੋਇਆ ਸੀ ।

ਕਿਸਮਾਂ

ਪੰਜਾਬ ਸੰਧੂਰੀ: ਇਹ ਇਕ ਅਗੇਤੀ ਕਿਸਮ ਹੈ ਅਤੇ ਲਾਲ ਮਿਰਚ ਦੀ ਤੁੜਾਈ 75 ਦਿਨਾਂ ਵਿਚ ਹੋ ਜਾਂਦੀ ਹੈ | ਇਸ ਦੇ ਫਲ ਲੰਮੇ , ਮੋਟੀ ਛਿੱਲੜ ਵਾਲੇ ਅਤੇ ਗੂੜ੍ਹੇ ਹਰੇ ਹੁੰਦੇ ਹਨ ਪਰ ਪੱਕ ਕੇ ਇਨ੍ਹਾਂ ਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ | ਇਸ ਦੀ ਔਸਤ ਪੈਦਾਵਾਰ 76 ਕੁਇੰਟਲ ਪ੍ਰਤੀ ਏਕੜ ਹੈ |

ਪੰਜਾਬ ਤੇਜ਼: ਇਸ ਦੇ ਫਲ ਲੰਮੇ, ਪਤਲੀ ਛਿੱਲੜ ਵਾਲੇ ਅਤੇ ਹਲਕੇ ਰੰਗ ਦੇ ਹੁੰਦੇ ਹਨ ਪਰ ਪੱਕ ਕੇ ਇਨ੍ਹਾਂ ਦਾ ਰੰਗ ਗੂੜ੍ਹਾ ਲਾਲ ਹੋ ਜਾਂਦਾ ਹੈ | ਇਸ ਦੀ ਔਸਤ ਪੈਦਾਵਾਰ 56 ਕੁਇੰਟਲ ਪ੍ਰਤੀ ਏਕੜ ਹੈ |

ਪੰਜਾਬ ਸੁਰਖ: ਮਿਰਚਾਂ ਕਾਫੀ ਲੰਮੀਆਂ ਹੁੰਦੀਆਂ ਹਨ ਅਤੇ ਜ਼ਿਆਦਾਤਰ ਸਲਾਦ ਵਾਸਤੇ ਵਰਤੀਆਂ ਜਾਂਦੀਆਂ ਹਨ | ਇਹ ਕਿਸਮ ਵਿਸ਼ਾਣੂ ਰੋਗ ਨੂੰ ਕਾਫੀ ਹੱਦ ਤਕ ਸਹਿ ਲੈਂਦੀ ਹੈ | ਇਸ ਦੀ ਔਸਤ ਪੈਦਾਵਾਰ 80 ਕੁਇੰਟਲ ਪ੍ਰਤੀ ਏਕੜ ਹੈ |

ਪੰਜਾਬ ਗੁੱਛੇਦਾਰ : ਇਸ ਕਿਸਮ ਦੀਆਂ ਮਿਰਚਾਂ ਛੋਟੀਆਂ ਹੁੰਦੀਆਂ ਹਨ ਅਤੇ 5-16 ਮਿਰਚਾਂ ਇੱਕਠੀਆਂ ਗੁੱਛਿਆਂ ਵਿਚ ਲੱਗਦੀਆਂ ਹਨ | ਜਦੋਂ ਮਿਰਚ ਨੂੰ ਤੋੜਿਆ ਜਾਂਦਾ ਹੈ ਤਾਂ ਡੰਡੀ ਪਿੱਛੇ ਰਹਿ ਜਾਂਦੀ ਹੇੈ | ਇਹ ਕਿਸਮ ਵੀ ਵਿਸ਼ਾਣੂ-ਰੋਗ ਅਤੇ ਮਿਰਚਾਂ ਦੇ ਗਲਣ ਰੋਗ ਨੂੰ ਸਹਿ ਲੈਂਦੀ ਹੈ | ਇਸ ਦੀ ਔਸਤ ਪੈਦਾਵਾਰ 60 ਕੁਇੰਟਲ ਪ੍ਰਤੀ ਏਕੜ ਹੈ |

ਦੋਗਲੀਆਂ (hybrid)ਕਿਸਮਾਂ- ਸੀ.ਐਚ-1: ਇਹ ਮਿਰਚਾਂ ਦੀ ਦੋਗਲੀ ਕਿਸਮ ਹੈ ਅਤੇੇ ਇਸ ਦੇ ਪੌਦੇ ਲੰਮੇ ਹੁੰਦੇ ਹਨ ਅਤੇ ਟਹਿਣੀਆਂ ਵੀ ਕਾਫੀ ਹੁੰਦੀਆਂ ਹਨ | ਇਸ ਦੇ ਪੌਦੇ ਕਾਫੀ ਸਮੇਂ ਤੱਕ ਫਲ ਦਿੰਦੇ ਰਹਿੰਦੇ ਹਨ | ਮਿਰਚਾਂ ਦਰਮਿਆਨੇ ਅਕਾਰ ਦੀਆਂ ਹੁੰਦੀਆਂ ਹਨ | ਮਿਰਚਾਂ ਕਾਫੀ ਕੌੜੀਆਂ ਹੁੰਦੀਆਂ ਹਨ ਅਤੇ ਪੱਕਣ ਤੇ ਗੂੜੇ ਲਾਲ ਰੰਗ ਦੀਆਂ ਹੋ ਜਾਂਦੀਆਂ ਹਨ, ਜਿਸ ਕਰਕੇ ਇਹ ਕਿਸਮ ਪਾਊਡਰ, ਪੇਸਟ ਅਤੇ ਤੇਲ ਆਦਿ ਬਣਾਉਣ ਵਾਸਤੇ ਵਧੀਆ ਰਹਿੰਦੀ ਹੈ | ਇਹ ਕਿਸਮ ਬਿਮਾਰੀਆਂ ਨੂੰ ਕਾਫੀ ਹੱਦ ਤੱਕ ਸਹਿਣ ਕਰ ਲੈਂਦੀ ਹੈ | ਇਸ ਦੀ ਔਸਤ ਪੈਦਾਵਾਰ 100 ਕੁਇੰਟਲ ਪ੍ਰਤੀ ਏਕੜ ਹੈ |

ਸੀ. ਐਚ-3: ਇਹ ਵੀ ਮਿਰਚਾਂ ਦੀ ਦੋਗਲੀ ਕਿਸਮ ਹੈ | ਇਹ ਕਿਸਮ ਜਲਦੀ ਪੱਕਦੀ ਹੈ | ਅਤੇ ਮਿਰਚਾਂ ਘੱਟ ਕੌੜੀਆਂ ਹੁੰਦੀਆਂ ਹਨ | ਇਸ ਦਾ ਜ਼ਿਆਦਾਤਰ ਪੇਸਟ ਤਿਆਰ ਕੀਤਾ ਜਾਂਦਾ ਹੈ | ਇਹ ਕਿਸਮ ਵਿਸ਼ਾਣੂ ਰੋਗ ਨੂੰ ਹੋਰ ਕਿਸਮਾਂ ਨਾਲੋਂ ਕਾਫੀ ਹੱਦ ਤੱਕ ਸਹਿਣ ਕਰ ਸਕਦੀ ਹੈ ਅਤੇ ਇਸ ਦੀ ਔਸਤ ਪੈਦਾਵਾਰ 110 ਕੁਇੰਟਲ ਪ੍ਰਤੀ ਏਕੜ ਹੈ |

ਪਨੀਰੀ

ਪਨੀਰੀ ਬੀਜਣ ਦਾ ਸਮਾਂ : ਪਨੀਰੀ ਅਕਤੂਬਰ ਤੋਂ ਅੱਧ ਨਵੰਬਰ ਤੱਕ ਬੀਜ ਦੇਣੀ ਚਾਹੀਦੀ ਹੈ | ਇਸ ਵਾਸਤੇ 200 ਗ੍ਰਾਮ ਬੀਜ ਪ੍ਰਤੀ ਏਕੜ ਬੀਜਣ ਵਾਸਤੇ ਕਾਫੀ ਹੈ |

ਪਨੀਰੀ ਪੁੱਟ ਕੇ ਲਾਉਣਾ ਅਤੇ ਫਾਸਲਾ: ਫਰਵਰੀ-ਮਾਰਚ ਵਿਚ ਪਨੀਰੀ ਪੁੱਟ ਕੇ ਲਗਾ ਦੇਣੀ ਚਾਹੀਦੀ ਹੈ | ਬੂਟਿਆਂ ਨੂੰ ਵੱਟਾਂ ਉਪਰ 75 ਸੈਂਟੀਮੀਟਰ ਦੇ ਫਾਸਲੇ ਤੇ ਲਗਾਓ ਅਤੇ ਬੂਟਿਆਂ ਵਿਚਕਾਰ ਫਾਸਲਾ 45 ਸੈਂਟੀਮੀਟਰ ਰੱਖੋ | ਜੇਕਰ ਵੱਟਾਂ ਬੈੱਡ ਮੇਕਰ ਜਾਂ ਆਲੂ ਬੀਜ ਜੰਤਰ ਨਾਲ ਬਣਾਉਣੀਆਂ ਹੋਣ ਤਾਂ ਕਤਾਰਾ ਵਿਚਲਾ ਫਾਸਲਾ ਵਧਾਇਆ ਜਾ ਸਕਦਾ ਹੈ |

ਸਿੰਚਾਈ

ਪਹਿਲਾ ਪਾਣੀ ਪਨੀਰੀ ਪੁੱਟ ਕੇ ਲਾਉਣ ‘ਤੇ ਇਕਦਮ ਬਾਅਦ ਲਗਾ ਦਿਓ | ਇਸ ਤੋਂ ਬਾਅਦ 7-10 ਦਿਨਾਂ ਦੇ ਵਕਫੇ ਮਗਰੋਂ ਪਾਣੀ ਦੇਣਾ ਚਾਹੀਦਾ ਹੈ |

ਕੀੜੇ-ਮਕੌੜੇ ਅਤੇ ਬਿਮਾਰੀਆ ਦੀ ਰੋਕਥਾਮ

ਮਿਰਚਾਂ ‘ਤੇ ਤੇਲਾ, ਜੂੰਆਂ ਅਤੇ ਚਿੱਟੀ ਮੱਖੀ ਜ਼ਿਆਦਾ ਹਮਲਾ ਕਰਦੀ ਹੈ | ਇਨ੍ਹਾਂ ਦੀ ਰੋਕਥਾਮ ਵਾਸਤੇ 400 ਮਿ. ਲੀ. ਮੈਲਾਥੀਆਨ 50 ਈ.ਸੀ. ਨੂੰ 100-125 ਲੀਟਰ ਪਾਣੀ ਵਿਚ ਘੋਲ ਕੇੇ 15-20 ਦਿਨਾਂ ਦੇ ਵਕਫੇ ਮਗਰੋਂ ਸਪਰੇਅ ਕਰਦੇ ਰਹਿਣਾ ਚਾਹੀਦਾ ਹੈ|

ਮਿਰਚਾਂ ਦਾ ਗਲਣਾ : ਇਸ ਰੋਗ ਕਾਰਨ ਮਿਰਚਾਂ ਜਦੋਂ ਪੱਕਣ ‘ਤੇ ਆਉਂਦੀਆਂ ਹਨ ਤਾਂ ਸਿਰੇ ਤੋਂ ਸੁੱਕਣੀਆਂ ਅਤੇ ਗਲਣੀਆਂ ਸ਼ੁਰੂ ਹੋ ਜਾਂਦੀਆਂ ਹਨ | ਇਸ ਦੀ ਰੋਕਥਾਮ ਵਾਸਤੇ ਬੀਜ ਨੂੰ ਬੀਜਣ ਤੋਂ ਪਹਿਲਾਂ 2 ਗ੍ਰਾਮ ਥੀਰਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ | ਇਸ ਤੋਂ ਇਲਾਵਾ ਖੜ੍ਹੀ ਫ਼ਸਲ ‘ਤੇ 750 ਗ੍ਰਾਮ ਇੰਡੋਫਿਲ ਐਮ-45 ਜਾਂ ਬਲਾਈਟੋਕਸ ਨੂੰ 250 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕਰਨਾ ਚਾਹੀਦਾ ਹੈ |

ਪੱਤਿਆਂ ਦਾ ਸੁੰਗੜਨਾ: ਇਹ ਇਕ ਵਿਸ਼ਾਣੂ ਰੋਗ ਹੈ ਅਤੇ ਚਿੱਟੀ ਮੱਖੀ ਦੁਆਰਾ ਫੈਲਦਾ ਹੈ | ਇਸ ਰੋਗ ਕਾਰਨ ਪੌਦੇ ਛੋਟੇ ਰਹਿ ਜਾਂਦੇ ਹਨ ਅਤੇ ਪੱਤੇ ਹੇਠਾਂ ਨੂੰ ਮੁੜਨੇ ਸ਼ੁਰੂ ਹੋ ਜਾਂਦੇ ਹਨ | ਇਸ ਦੀ ਰੋਕਥਾਮ ਵਾਸਤੇ ਬਿਮਾਰ ਪੌਦਿਆਂ ਨੂੰ ਪੁੱਟ ਕੇ ਦਬਾ ਦੇਣਾ ਚਾਹੀਦਾ ਹੈ ਅਤੇ ਬਾਕੀ ਪੌਦਿਆਂ ‘ਤੇ 400 ਮਿ: ਲੀ: ਮੈਲਾਥੀਆਨ 100 ਲਿਟਰ ਪਾਣੀ ਵਿਚ ਘੋਲ ਕੇ 15-20 ਦਿਨਾਂ ਦੇ ਵਕਫੇ ਮਗਰੋਂ ਸਪਰੇਅ ਕਰ ਦੇਣੀ ਚਾਹੀਦੀ ਹੈ |