ਆਉਣ ਵਾਲੇ ਦਿਨਾਂ ਵਿੱਚ ਇਸ ਤਰਾਂ ਰਹੇਗਾ ਪੰਜਾਬ ਦਾ ਮੌਸਮ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵਲੋਂ ਭਵਿੱਖਬਾਣੀ ਕੀਤੀ ਗਈ ਹੈ ਕਿ ਪੰਜਾਬ ਅੰਦਰ ਆਉਣ ਵਾਲੇ 24 ਘੰਟੇ ਮੌਸਮ ਖ਼ੁਸ਼ਕ ਰਹੇਗਾ ਅਤੇ ਉਸ ਤੋਂ ਬਾਅਦ ਅਗਲੇ 48 ਘੰਟਿਆਂ ਦੌਰਾਨ ਕਿਤੇ-ਕਿਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ | ਉਸ ਤੋਂ ਬਾਅਦ ਮੌਸਮ ਖ਼ੁਸ਼ਕ ਰਹਿਣ ਦਾ ਅਨੁਮਾਨ ਹੈ |

ਪ੍ਰਾਪਤ ਜਾਣਕਾਰੀ ਅਨੁਸਾਰ 17 ਤੇ 18 ਮਾਰਚ ਨੂੰ ਕਿਤੇ-ਕਿਤੇ ਹਲਕਾ ਮੀਂਹ ਪੈਣ ਦਾ ਅਨੁਮਾਨ ਹੈ | ਪੀ.ਏ.ਯੂ. ਦੇ ਮਾਹਿਰਾਂ ਨੇ ਕਿਸਾਨਾਂ ਨੂੰ ਖੇਤੀ ਧੰਦੇ ਮੌਸਮ ਨੂੰ ਧਿਆਨ ‘ਚ ਰੱਖ ਕੇ ਕਰਨ ਦੀ ਸਲਾਹ ਦਿੱਤੀ ਹੈ |

ਪੰਜਾਬ ਦੇ ਨੀਮ ਪਹਾੜੀ ਇਲਾਕਿਆਂ, ਮੈਦਾਨੀ ਇਲਾਕਿਆਂ ਤੇ ਦੱਖਣ-ਪੱਛਮੀ ਇਲਾਕਿਆਂ ‘ਚ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਤੋਂ 33 ਡਿਗਰੀ ਸੈਲਸੀਅਸ, ਘੱਟ ਤੋਂ ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਤੋਂ 17 ਡਿਗਰੀ ਸੈਲਸੀਅਸ, ਸਵੇਰ ਦੀ ਨਮੀ 72 ਤੋਂ 88 ਫ਼ੀਸਦੀ ਅਤੇ ਸ਼ਾਮ ਦੀ ਨਮੀ 40 ਤੋਂ 55 ਫ਼ੀਸਦੀ ਰਹਿਣ ਦੀ ਸੰਭਾਵਨਾ ਹੈ |

ਭਾਵੇਂ ਅਗਲੇ 3-4 ਦਿਨ ਬਹੁਤੇ ਖੇਤਰਾਂ ਚ ਮੌਸਮ ਖੁਸਕ ਰਹੇਗਾ, ਪਰ ਅਗਾਮੀ ਦੋ ਦਿਨਾਂ ਦੌਰਾਨ ਖਾਸਕਰ ਗੰਗਾਨਗਰ, ਹਨੂੰਮਾਨਗੜ ਅਤੇ ਪੰਜਾਬ ਦੇ ਮਾਲਵਾ ਖੇਤਰ ਚ ਦੁਪਿਹਰ ਬਾਅਦ ਜਾਂ ਸ਼ਾਮੀ ਕਿਤੇ-ਕਿਤੇ ਗੋਭੀ ਦੇ ਫੁੱਲ ਵਰਗੇ, ਨਿੱਕੇ ਗਰਜ-ਚਮਕ ਵਾਲੇ ਬੱਦਲ ਬਣਨ ਨਾਲ ਛੋਟੀ ਕਾਰਵਾਈ ਦੀ ਉਮੀਦ ਰਹੇਗੀ ।

ਜਿੱਥੇ ਕੋਈ ਨਿੱਕਾ ਤਕੜਾ ਬੱਦਲ ਬਣਿਆ ਤਾਂ ਮੋਟੀ ਗੜੇਮਾਰੀ ਨੂੰ ਵੀ ਅੰਜਾਮ ਦੇ ਸਕਦਾ ਹੈ, ਇੱਥੇ ਦੱਸਣਯੋਗ ਹੈ ਸੂਬੇ ਚ ਵੱਡੇ ਪੱਧਰ ਤੇ ਮੀਂਹ ਦੀ ਆਸ ਨਹੀ ਹੈ।

ਪੱਛਮੀ ਸਿਸਟਮ 21 ਤੋਂ 23 ਮਾਰਚ ਦਰਮਿਆਨ ਇੱਕ ਮੱਧਮ ਤੀਬਰਤਾ ਦਾ ਪੱਛਮੀ ਸਿਸਟਮ ਪਹਾੜੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਸ ਸਦਕਾ ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਖੇਤਰਾਂ ਚ ਹਲਕੇ-ਦਰਮਿਆਨੇ ਮੀਂਹ ਦੀ ਉਮੀਦ ਬਣਦੀ ਵਿਖ ਰਹੀ ਹੈ।