ਮਾਰਕਫੈੱਡ ਨੇ ਕਣਕ ਦੇ ਵਧੀਆ ਝਾੜ ਲਈ ਉਤਾਰੀ ਕਿਸਾਨ ਕਿੱਟ

ਕਣਕ ਦੀ ਫ਼ਸਲ ਨੂੰ ਬੀਜਣ ਤੋਂ ਲੈ ਕੇ ਵੱਢਣ ਤੱਕ ਵਰਤੋਂ ਵਿਚ ਆਉਣ ਵਾਲੇ ਸਾਰੇ ਖੇਤੀ ਰਸਾਇਣਾਂ ਨਾਲ ਲੈਸ 10 ਏਕੜ ਦੀ ਇੱਕ ਕਿੱਟ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਵਾਸਤੇ ਮਾਰਕਫੈੱਡ ਨੇ ਬਾਜ਼ਾਰ ਵਿਚ ਉਤਾਰੀ ਹੈ | ਅਮਰਜੀਤ ਸਿੰਘ ਸਮਰਾ ਚੇਅਰਮੈਨ ਮਾਰਕਫੈੱਡ ਅਤੇ ਅਰਸ਼ਦੀਪ ਸਿੰਘ ਥਿੰਦ, ਆਈ.ਏ.ਐੱਸ., ਪ੍ਰਬੰਧ ਨਿਰਦੇਸ਼ਕ ਨੇ ਸਾਂਝੇ ਤੌਰ ‘ਤੇ ਕੁਝ ਅਗਾਂਹਵਧੂ ਕਿਸਾਨਾਂ ਅਤੇ ਸਹਿਕਾਰੀ ਆਗੂਆਂ ਦੀ ਹਾਜ਼ਰੀ ਵਿਚ ਮਾਰਕਫੈੱਡ, ਮੁੱਖ ਦਫ਼ਤਰ ਵਿਖੇ ਇਸ ਨੂੰ ਜਾਰੀ ਕੀਤਾ |

ਸਮਰਾ ਨੇ ਆਖਿਆ ਕਿ ਅਦਾਰਾ ਮਾਰਕਫੈੱਡ ਵੱਲੋਂ ਵਾਜਬ ਰੇਟਾਂ ਅਤੇ ਕਿਸਾਨਾਂ ਦੀ ਵਧੇਰੇ ਬੱਚਤ ਨੂੰ ਧਿਆਨ ਵਿਚ ਰੱਖਦਿਆਂ ਇਹ ਕਿੱਟ ਜਾਰੀ ਕੀਤੀ ਗਈ ਹੈ ਜਿਸ ਵਿਚੋਂ 11 ਏਕੜ ਲਈ ਲੋੜੀਂਦੇ ਖੇਤੀ ਰਸਾਇਣ ਉਪਲਬਧ ਕਰਾ ਕੇ 10 ਏਕੜ ਦੀ ਕੀਮਤ ਵਸੂਲੀ ਜਾਵੇਗੀ | ਪ੍ਰਬੰਧ ਨਿਰਦੇਸ਼ਕ, ਮਾਰਕਫੈੱਡ ਨੇ ਐਲਾਨ ਕੀਤਾ ਕਿ ਮਾਰਕਫੈੱਡ ਦੀਆਂ ਪੰਜਾਬ ਵਿਚੋਂ 110 ਤੋਂ ਵੱਧ ਸ਼ਾਖਾਵਾਂ ਰਾਹੀਂ ਅਗਾਂਹਵਧੂ ਕਿਸਾਨਾਂ ਨਾਲ ਸੰਪਰਕ ਕਰਕੇ ਇਹ ਕਿੱਟ ਮੁਹੱਈਆ ਕਰਵਾਈ ਜਾਵੇਗੀ ਜਿਸ ਵਿਚੋਂ ਖੇਤੀ ਰਸਾਇਣਾਂ ਦੇ ਨਾਲ-ਨਾਲ ਸੁਰੱਖਿਅਤ ਵਰਤੋਂ ਲਈ ਦਸਤਾਨੇ, ਗੈਸ-ਮਾਸਕ ਅਤੇ ਫਲੱਡ ਜੈੱਟ ਨੋੋਜ਼ਲ ਕਿਸਾਨਾਂ ਨੂੰ ਮੁਫ਼ਤ ਮੁਹੱਈਆ ਕਰਾਏ ਜਾ ਰਹੇ ਹਨ | ਇਸ ਤੋਂ ਇਲਾਵਾ 10 ਏਕੜ ਮਗਰ ਇਕ ਏਕੜ ਦੀ ਦਵਾਈ ਮੁਫ਼ਤ ਦਿੱਤੀ ਜਾ ਰਹੀ ਹੈ |

ਕਾਰਜਕਾਰੀ ਨਿਰਦੇਸ਼ਕ ਬੀ.ਐੱਮ. ਸ਼ਰਮਾ ਨੇ ਆਖਿਆ ਕਿ ਮਾਰਕਫੈੱਡ ਦੇ ਖੇਤਰੀ ਅਧਿਕਾਰੀਆਂ ਨੂੰ ਕਿਸਾਨ ਕੈਂਪ ਲਾ ਕੇ ਵਿਧੀ ਅਨੁਸਾਰ ਹੀ ਦਵਾਈਆਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ | ਮੋਹਾਲੀ ਦੇ ਉੱਘੇ ਕਿਸਾਨ ਪਰਮਿੰਦਰ ਸਿੰਘ ਚਲਾਕੀ ਅਤੇ ਭੁਪਿੰਦਰ ਸਿੰਘ ਨੇ ਮਾਰਕਫੈੱਡ ਦੇ ਇਸ ਉੱਦਮ ਦਾ ਸਵਾਗਤ ਕੀਤਾ | ਇਸ ਮੌਕੇ ਘੜੂੰਆਂ ਤੋਂ ਮਾਰਕਫੈੱਡ ਦੇ ਬੋਰਡ ਦੇ ਮੈਂਬਰ ਸਰਬਜੀਤ ਸਿੰਘ ਘੜੂੰਆਂ ਤੇ ਮਾਰਕਫੈੱਡ, ਮੋਹਾਲੀ ਪਲਾਂਟ ਦੇ ਮੁਖੀ ਸੰਜੀਵ ਸ਼ਰਮਾ ਵੀ ਹਾਜ਼ਰ ਸਨ |