ਮੌਨਸੂਨ ਪੋਣਾ ਨੇ ਦਿੱਤੀ ਕੇਰਲਾ ’ਚ ਦਸਤਕ , ਇਸ ਤਰੀਕ ਨੂੰ ਪਹੁੰਚ ਸਕਦੀਆਂ ਹਨ ਪੰਜਾਬ

ਗਰਮੀ ਨਾਲ ਝੁਲਸ ਰਹੇ ਦੇਸ਼ ਲਈ ਚੰਗੀ ਖ਼ਬਰ ਹੈ। ਦੱਖਣੀ ਪੱਛਮੀ ਮੌਨਸੂਨ ਨੇ ਮੰਗਲਵਾਰ ਨੂੰ ਆਮ ਨਾਲੋਂ ਦੋ ਦਿਨ ਪਹਿਲਾਂ ਹੀ ਕੇਰਲਾ ਅਤੇ ਉੱਤਰ ਪੂਰਬ ਵਿਚ ਦਸਤਕ ਦੇ ਦਿੱਤੀ ਹੈ। ਕੇਰਲਾ ਤੱਟ ਤੋਂ ਇਲਾਵਾ ਮਣੀਪੁਰ ਅਤੇ ਅਰੁਣਾਚਲ ਪ੍ਰਦੇਸ਼ ਵਿਚ ਮੌਨਸੂਨ ਦੀ ਪਹਿਲੀ ਬਾਰਿਸ਼ ਹੋਈ।

ਆਮ ਤੌਰ ‘ਤੇ ਕੇਰਲਾ ਵਿਚ ਮੌਨਸੂਨ ਦੇ ਪਹੁੰਚਣ ਦੇ ਕੁਝ ਦਿਨਾਂ ਬਾਅਦ ਉੱਤਰ ਪੂਰਬ ਵਿਚ ਬਾਰਿਸ਼ ਸ਼ੁਰੂ ਹੁੰਦੀ ਹੈ ਹਾਲਾਂਕਿ ਇਸ ਵਾਰ ਚੱਕਰਵਤੀ ਤੂਫ਼ਾਨ ਮੋਰਾ ਕਾਰਨ ਉੱਤਰ ਪੂਰਬ ਵਿਚ ਮੌਨਸੂਨ ਜਲਦ ਪਹੁੰਚ ਗਿਆ।

ਪੰਜਾਬ ਦੇ ਕਿਸਾਨਾਂ ਵਾਸਤੇ ਖੁਸ਼ੀ ਦੀ ਗੱਲ ਇਹ ਹੈ ਕੇ ਬਾਕੀ ਦੇਸ਼ ਦੀ ਤਰਾਂ ਪੰਜਾਬ ਵਿੱਚ ਵੀ ਮਾਨਸੂਨ ਪੌਣਾ ਆਪਣੇ ਟਾਇਮ ਤੋਂ ਪਹਿਲਾਂ ਹੀ ਦਸਤਕ ਦੇ ਸਕਦੀਆਂ ਹਨ ਜਿਸ ਨਾਲ ਝੋਨਾ ਲਗਾਉਣ ਵਾਲੇ ਕਿਸਾਨਾਂ ਨੂੰ ਕੁਝ ਰਾਹਤ ਮਿਲੇਗੀ  । ਕਿਓਂਕਿ  ਉੱਤਰੀ ਭਾਰਤ ਬਾਰੇ ਮੌਸਮ ਵਿਭਾਗ ਨੇ ਕਿਹਾ ਕਿ ਇੱਥੇ ਵੀ ਮੌਨਸੂਨ ਸਮੇਂ ਤੋਂ ਥੋੜ੍ਹਾ ਪਹਿਲਾਂ ਹੀ ਪਹੁੰਚ ਜਾਵੇਗਾ।

ਮੌਸਮ ਮਾਹਰਾਂ ਨੇ ਦਿੱਲੀ-ਪੰਜਾਬ-ਹਰਿਆਣਾ ਖੇਤਰ ਵਿੱਚ 26-27 ਜੂਨ ਤੱਕ ਮੌਨਸੂਨ ਦੀ ਭਵਿੱਖਬਾਣੀ ਕੀਤੀ ਹੈ। ਉਸ ਤੋਂ ਪਹਿਲਾਂ ਪੱਛਮੀ ਚੱਕਰਵਾਤ ਕਾਰਨ ਇਸ ਖੇਤਰ ਵਿੱਚ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਰਹੇਗੀ। ਝੱਖੜਾਂ ਕਾਰਨ ਵੀ ਪਾਰਾ ਡਿੱਗਿਆ ਹੋਇਆ ਹੈ ਤੇ ਇਸ ਸਮੇਂ ਆਮ ਨਾਲੋਂ ਤਕਰੀਬਨ 5 ਡਿਗਰੀ ਹੇਠਾਂ ਚੱਲ ਰਿਹਾ ਹੈ।

 

ਮੌਸਮ ਵਿਭਾਗ ਅਨੁਸਾਰ ਕੇਰਲਾ ਤੋਂ ਇਲਾਵਾ ਲਕਸ਼ਦੀਪ, ਤਟੀ ਕਰਨਾਟਕ, ਤਾਮਿਲਨਾਡੂ ਦੇ ਕੁਝ ਹਿੱਸਿਆਂ ਅਤੇ ਪੂਰਬ ਉੱਤਰੀ ਸੂਬਿਆਂ ਵਿਚ ਜ਼ਿਆਦਾਤਰ ਹਿੱਸਿਆਂ ਵਿਚ ਵੀ ਮੌਨਸੂਨ ਅਗਲੇ 24 ਘੰਟਿਆਂ ਵਿਚ ਦਸਤਕ ਦੇ ਸਕਦਾ ਹੈ। ਮੌਸਮ ਵਿਭਾਗ ਦੇ ਦਿੱਲੀ ਦਫ਼ਤਰ ਅਨੁਸਾਰ ਆਮ ਤੌਰ ‘ਤੇ ਜੂਨ ਦੇ ਪਹਿਲੇ ਹਫ਼ਤੇ ਵਿਚ ਕੇਰਲਾ ਵਿਚ ਮੌਨਸੂਨ ਦਸਤਕ ਦਿੰਦਾ ਹੈ।

ਮੌਸਮ ਵਿਭਾਗ ਦੇ ਅਧਿਕਾਰੀ ਐਮ. ਮਹਾਪਾਤਰਾ ਨੇ ਕਿਹਾ ਕਿ ਕੇਰਲਾ ਲਈ ਪਹਿਲਾਂ ਅਨੁਮਾਨ 5 ਜੂਨ ਸੀ ਹਾਲਾਂਕਿ ਕੇਰਲਾ ਵਿਚ ਮੌਨਸੂਨ ਪਹੁੰਚਣ ਦੀ ਆਮ ਤਰੀਕ ਪਹਿਲੀ ਜੂਨ ਹੈ। ਕੇਰਲ ਵਿਚ ਮੌਨਸੂਨ ਦੇ ਪਹੁੰਚਣ ਤੋਂ ਪਹਿਲਾਂ ਹੀ ਸੋਮਵਾਰ ਇੱਥੇ ਜ਼ੋਰਦਾਰ ਬਾਰਿਸ਼ ਹੋਈ।