ਹੁਣ ਵੀ ਹੋ ਸਕਦੀ ਹੈ ਮਾਂਹ ਤੇ ਮੂੰਗੀ ਦੀਆਂ ਇਹਨਾਂ ਕਿਸਮਾਂ ਦੀ ਕਾਸ਼ਤ

February 15, 2018

ਦਾਲਾਂ ਖੁਰਾਕ ਦਾ ਅਨਿੱਖੜਵਾਂ ਅੰਗ ਹਨ। ਮਾਂਹ ਤੇ ਮੂੰਗੀ ਤਾਂ ਪੰਜਾਬੀਆਂ ਦੀਆਂ ਮਨਭਾਉਂਦੀਆਂ ਦਾਲਾਂ ਹਨ। ਬਾਜ਼ਾਰ ਵਿੱਚ ਇਨ੍ਹਾਂ ਦੀ ਕੀਮਤ ਬਹੁਤ ਵਧ ਗਈ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਘੱਟੋ-ਘੱਟ ਘਰ ਦੀ ਲੋੜ ਪੂਰੀ ਕਰਨ ਲਈ ਇਨ੍ਹਾਂ ਦੀ ਕੁਝ ਰਕਬੇ ਵਿੱਚ ਕਾਸ਼ਤ ਜ਼ਰੂਰ ਕੀਤੀ ਜਾਵੇ। ਜੇ ਉਦਮੀ ਕਿਸਾਨ ਦਾਲਾਂ ਦੀ ਪੈਦਾਵਾਰ ਨੂੰ ਖ਼ੁਦ ਇੱਕ ਕਿਲੋ ਤੋਂ ਪੰਜ ਕਿਲੋ ਤਕ ਦੀ ਪੈਕਿੰਗ ਕਰਕੇ ਖ਼ਪਤਕਾਰਾਂ ਨੂੰ ਸਿੱਧਾ ਮੰਡੀਕਰਨ ਕਰਨ ਤਾਂ ਹੋਰ ਵੀ ਫ਼ਾਇਦਾ ਲਿਆ ਜਾ ਸਕਦਾ ਹੈ।

ਗਰਮੀ ਰੁੱਤ ਦੇ ਮਾਂਹਾਂ ਦੀ ਕਾਸ਼ਤ ਕਮਾਦ ਦੀ ਫ਼ਸਲ ਵਿੱਚ ਅੰਤਰ ਫ਼ਸਲ ਵਜੋਂ ਵੀ ਕੀਤੀ ਜਾ ਸਕਦੀ ਹੈ। ਇਸ ਰੁੱਤ ਦੇ ਦਾਲਾਂ ਦੀ ਕਾਸ਼ਤ ਕਰਕੇ ਕਿਸਾਨ ਜਿੱਥੇ ਵਧੇਰੇ ਆਮਦਨ ਲੈ ਸਕਦੇ ਹਨ, ਉੱਥੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ। ਪੀਏਯੂ ਵੱਲੋਂ ਮਾਂਹ ਅਤੇ ਮੂੰਗੀ ਦੀਆਂ ਅਜਿਹੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਬਿਜਾਈ ਹੁਣ ਕੀਤੀ ਜਾ ਸਕਦੀ ਹੈ।

ਐੱਸਐੱਮਐੱਲ 668, ਐੱਸਐੱਮਐੱਲ 832 ਅਤੇ ਟੀਐੱਮਬੀ 37 ਮੂੰਗੀ ਦੀਆਂ ਕਿਸਮਾਂ ਹਨ, ਜਦੋਂਕਿ ਮਾਂਹ-1008 ਅਤੇ ਮਾਂਹ-218 ਮਾਂਹਾਂ ਦੀਆਂ ਕਿਸਮਾਂ ਹਨ। ਇਨ੍ਹਾਂ ਦੇ ਬੀਜ ਯੂਨੀਵਰਸਿਟੀ ਤੋਂ ਵੀ ਲਏ ਜਾ ਸਕਦੇ ਹਨ। ਮੂੰਗੀ ਦਾ 15 ਕਿਲੋ ਅਤੇ ਮਾਂਹਾਂ ਦਾ 20 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਦਾਲਾਂ ਦੀ ਕਾਸ਼ਤ ਧਰਤੀ ਦੀ ਸਿਹਤ ਵਿੱਚ ਸੁਧਾਰ ਕਰਦੀ ਹੈ ਫ਼ਿਰ ਵੀ ਬਿਜਾਈ ਸਮੇਂ 11 ਕਿਲੋ ਯੂਰੀਆ ਪ੍ਰਤੀ ਏਕੜ ਪਾਉਣਾ ਚਾਹੀਦਾ ਹੈ।

ਇਸ ਦੇ ਨਾਲ ਹੀ ਮੂੰਗੀ ਨੂੰ 100 ਕਿਲੋ ਅਤੇ ਮਾਹ ਨੂੰ 60 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਇਆ ਜਾਵੇ। ਨਦੀਨਾਂ ਦੀ ਰੋਕਥਾਮ ਲਈ ਇੱਕ ਗੋਡੀ ਜ਼ਰੂਰ ਕਰੋ। ਜੇ ਆਲੂਆਂ ਪਿੱਛੋਂ ਬਿਜਾਈ ਕਰਨੀ ਹੈ ਫਿਰ ਕਿਸੇ ਵੀ ਖਾਦ ਦੀ ਲੋੜ ਨਹੀਂ ਹੈ।