ਕਿਸਾਨਾਂ ਦਾ ਅੰਦੋਲਨ ਰੰਗ ਲਿਆਇਆ ਮਹਾਂਰਾਸ਼ਟਰ ਦੇ ਕਿਸਾਨਾਂ ਦਾ ਕਰਜਾ ਮਾਫ

ਕਹਿੰਦੇ ਹੁੰਦੇ ਨੇ ਹੱਕ ਵੀ ਉਹਨਾਂ ਨੂੰ ਮਿਲਦੇ ਹਨ ਜੋ ਆਪਣੇ ਹੱਕਾਂ ਲਈ ਲੜਦੇ ਹਨ ਅਖੀਰਕਾਰ ਸਰਕਾਰ ਨੂੰ ਕਿਸਾਨਾਂ ਦੇ ਅੰਦੋਲਨ ਅੱਗੇ ਝੁਕਣਾ ਹੀ ਪਿਆ |ਮਹਾਰਾਸ਼ਟਰ ਸਰਕਾਰ ਨੇ ਅੱਜ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਹੈ ਅਤੇ ਕਰਜ਼ਾ ਰਾਹਤ ਦੇ ਮਾਪਦੰਡ ਤਹਿ ਕਰਨ ਲਈ ਇਕ ਕਮੇਟੀ ਗਠਿਤ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਪਿੱਛੋਂ ਕਿਸਾਨਾਂ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ ਹੈ |

ਰੈਵੀਨਿਊ ਮੰਤਰੀ ਚੰਦਰਕਾਂਤ ਪਾਟਿਲ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਫ਼ੈਸਲਾ ਕੀਤਾ ਹੈ |ਥੋੜ੍ਹੀ ਜ਼ਮੀਨ ਵਾਲੇ ਕਿਸਾਨਾਂ ਦਾ ਕਰਜ਼ਾ ਤਾਂ ਅੱਜ ਤੋਂ ਹੀ ਮੁਆਫ ਹੋ ਗਿਆ ਹੈ |

ਸ੍ਰੀ ਪਾਟਿਲ ਜਿਹੜੇ ਮੁੱਖ ਮੰਤਰੀ ਦਵੇਂਦਰ ਫੜਨਵੀਸ ਵੱਲੋਂ ਬਣਾਈ ਉੱਚ ਤਾਕਤੀ ਕਮੇਟੀ ਦੇ ਮੁਖੀ ਹਨ ਅੱਜ ਕਿਸਾਨ ਨੇਤਾਵਾਂ ਨਾਲ ਵਿਚਾਰ ਵਟਾਂਦਰਾ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ |

ਕਿਸਾਨ ਨੇਤਾ ਅਤੇ ਲੋਕ ਸਭਾ ਦੇ ਸਾਬਕਾ ਮੈਂਬਰ ਰਾਜੂ ਸ਼ੈਟੀ ਜਿਸ ਨੇ ਗੱਲਬਾਤ ਵਿਚ ਹਿੱਸਾ ਲਿਆ ਨੇ ਕਿਹਾ ਕਿ ਉਹ ਖੁਸ਼ ਹਨ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਹਨ |ਸ਼ੈਟੀ ਨੇ ਕਿਹਾ ਕਿ ਸਾਡੇ ਮੁੱਦੇ ਹੱਲ ਹੋ ਗਏ ਹਨ |

ਅਸੀਂ ਕਲ੍ਹ ਅਤੇ ਉਸ ਤੋਂ ਬਾਅਦ ਦੇ ਧਰਨਿਆਂ ਸਮੇਤ ਆਪਣਾ ਅੰਦੋਲਨ ਆਰਜ਼ੀ ਤੌਰ ‘ਤੇ ਵਾਪਸ ਲੈ ਲਿਆ ਹੈ ਪਰ ਜੇਕਰ 25 ਜੁਲਾਈ ਤਕ ਕਰਜ਼ਾ ਮੁਆਫੀ ਬਾਰੇ ਤਸੱਲੀਬਖਸ਼ ਫ਼ੈਸਲਾ ਨਾ ਲਿਆ ਤਾਂ ਅਸੀਂ ਆਪਣਾ ਅੰਦੋਲਨ ਫਿਰ ਸ਼ੁਰੂ ਕਰ ਦੇਵਾਂਗੇ |

ਇਕ ਹੋਰ ਕਿਸਾਨ ਨੇਤਾ ਰਘੂਨਾਥਦਾਦਾ ਪਾਟਿਲ ਨੇ ਕਿਹਾ ਕਿ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਕਿਸਾਨਾਂ ਤੇ ਸਾਰੇ ਕਰਜ਼ੇ ਮੁਆਫ ਕੀਤੇ ਜਾਣਗੇ |ਉਨ੍ਹਾਂ ਕਿਹਾ ਕਿ ਅੱਜ ਤਾਂ ਦੀਵਾਲੀ ਵਰਗੀ ਖੁਸ਼ੀ ਹੈ | ਸਾਡੀਆਂ 100 ਫ਼ੀਸਦੀ ਮੰਗਾਂ ਮੰਨ ਲਈਆਂ ਹਨ |

ਉਨ੍ਹਾਂ ਦੱਸਿਆ ਕਿ ਮੰਤਰੀਆਂ ਦੇ ਗਰੁੱਪ ਨੇ ਅੱਜ ਤੋਂ ਕਿਸਾਨਾਂ ਨੂੰ ਨਵਾਂ ਕਰਜ਼ਾ ਵੰਡਣ ਦਾ ਕੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ | ਮੁੱਖ ਮੰਤਰੀ ਨੇ ਸ਼ੁਕਰਵਾਰ ਕਰਜ਼ਾ ਮੁਆਫੀ ਸਮੇਤ ਕਿਸਾਨਾਂ ਦੀਆਂ ਵੱਖ ਵੱਖ ਮੰਗਾਂ ‘ਤੇ ਵਿਚਾਰ ਕਰਨ ਲਈ 6 ਮੈਂਬਰੀ ਕਮੇਟੀ ਗਠਿਤ ਕਰਨ ਦਾ ਐਲਾਨ ਕੀਤਾ ਸੀ |