ਜਾਣੋ ਕਣਕ ਦੀ ਫ਼ਸਲ ਵਿੱਚ ਮੈਂਗਨੀਜ਼ ਦੀ ਘਾਟ ਦੇ ਕਾਰਨ, ਨਿਸ਼ਾਨ ਤੇ ਪੂਰਤੀ ਬਾਰੇ

ਪੰਜਾਬ ਵਿੱਚ ਕਣਕ ਦੀ ਫ਼ਸਲ ਇਕ ਪ੍ਰਮੁੱਖ ਫ਼ਸਲ ਹੈ । ਕਣਕ ਦੀ ਫ਼ਸਲ ਮੈਂਗਨੀਜ਼ ਦੀ ਘਾਟ ਨੂੰ ਬਹੁਤ ਮੰਨਦੀ ਹੈ । ਜਿਸ ਕਾਰਨ ਇਸਦੇ ਝਾੜ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ।ਕਿਸੇ ਵੀ ਫ਼ਸਲ ’ਤੇ ਜਦੋਂ ਕਿਸੇ ਖ਼ੁਰਾਕੀ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਦਿਖਾਈ ਦਿੰਦੀਆਂ ਹਨ, ਉਦੋਂ ਫ਼ਸਲ ਦਾ ਬਹੁਤ ਨੁਕਸਾਨ ਹੋ ਚੁੱਕਾ ਹੁੰਦਾ ਹੈ। ਇਸ ਕਰਕੇ ਫ਼ਸਲਾਂ ਤੋਂ ਪੂਰਾ ਝਾੜ ਲੈਣ ਲਈ ਇਹ ਜ਼ਰੂਰੀ ਹੈ ਕਿ ਬਿਜਾਈ ਤੋਂ ਪਹਿਲਾਂ ਹੀ ਖੇਤਾਂ ਵਿੱਚ ਮੈਂਗਨੀਜ਼ ਤੱਤ ਦੀ ਮਾਤਰਾ ਬਾਰੇ ਪਤਾ ਹੋਵੇ ਤਾਂ ਜੋੋ ਘਾਟ ਵਾਲੀ ਹਾਲਤ ਵਿੱਚ ਸਮੇਂ ਸਿਰ ਉਸ ਦੀ ਪੂਰਤੀ ਕਰਨ ਦਾ ਉਪਰਾਲਾ ਕੀਤਾ ਜਾ ਸਕੇ।

ਇਸ ਲਈ ਜ਼ਰੂਰੀ ਹੈ ਕਿ ਕਿਸਾਨ ਆਪਣੇ ਖੇਤ ਦੀ ਮਿੱਟੀ ਦੀ ਪਰਖ ਕਰਵਾਉਣ। ਜੇ ਕਿਸੇ ਕਾਰਨ ਕਰਕੇ ਫ਼ਸਲ ਵਿੱਚ ਮੈਂਗਨੀਜ਼ ਦੀ ਘਾਟ ਦੇ ਚਿੰਨ੍ਹ ਨਜ਼ਰ ਆ ਜਾਣ ਤਾਂ ਇਹ ਵੀ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਇਨ੍ਹਾਂ ਚਿੰਨ੍ਹਾਂ ਦੀ ਪਛਾਣ ਬਾਰੇ ਅਤੇ ਇਸ ਤੱਤ ਦੀ ਘਾਟ ਦੀ ਪੂਰਤੀ ਕਰਨ ਦੇ ਸਹੀ ਤਰੀਕੇ ਬਾਰੇ ਪੂਰੀ ਜਾਣਕਾਰੀ ਹੋਵੇ।

ਮੈਂਗਨੀਜ਼ ਦੀ ਘਾਟ ਦੇ ਕਾਰਨ: ਮੈਂਗਨੀਜ਼ ਦੀ ਘਾਟ ਆਮ ਕਰਕੇ ਰੇਤਲੀਆਂ ਜ਼ਮੀਨਾਂ, ਜਿਨ੍ਹਾਂ ਦੀ ਪਾਣੀ ਜੀਰਨ ਦੀ ਸ਼ਕਤੀ ਬਹੁਤ ਜ਼ਿਆਦਾ ਹੈ, ਵਿੱਚ ਆ ਜਾਂਦੀ ਹੈ। ਜ਼ਿਆਦਾ ਖਾਰੀ ਅੰਗ ਵਾਲੀਆਂ ਜ਼ਮੀਨਾਂ ਅਤੇ ਘੱਟ ਜੈਵਿਕ ਕਾਰਬਨ ਵਾਲੀਆਂ ਜ਼ਮੀਨਾਂ ਵਿੱਚ ਵੀ ਇਸ ਦੀ ਘਾਟ ਆ ਸਕਦੀ ਹੈ। ਜੇ ਇਨ੍ਹਾਂ ਜ਼ਮੀਨਾਂ ਵਿੱਚ ਕਣਕ ਦੀ ਫ਼ਸਲ ਝੋਨੇ ਦੀ ਫ਼ਸਲ ਤੋਂ ਬਾਅਦ ਬੀਜੀ ਜਾਵੇ ਤਾਂ ਮੈਂਗਨੀਜ਼ ਦੀ ਘਾਟ ਹੋਰ ਵੀ ਗੰਭੀਰ ਹੋ ਸਕਦੀ ਹੈ ਅਤੇ ਇੱਥੇ ਬੀਜੀ ਗਈ ਕਣਕ ਦਾ ਝਾੜ ਦੂਜੀਆਂ ਜ਼ਮੀਨਾਂ ਦੇ ਮੁਕਾਬਲੇ ਬਹੁਤ ਘੱਟ ਰਹਿ ਜਾਂਦਾ ਹੈ।

ਜਿਸ ਖੇਤ ਵਿੱਚ ਮੈਂਗਨੀਜ਼ ਤੱਤ ਦੀ ਪ੍ਰਾਪਤੀ ਮਿੱਟੀ ਪਰਖ ਅਨੁਸਾਰ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ, ਉਸ ਨੂੰ ਮੈਂਗਨੀਜ਼ ਦੀ ਘਾਟ ਵਾਲਾ ਖੇਤਰ ਆਖਿਆ ਜਾਂਦਾ ਹੈ। ਜਿਉਂ-ਜਿਉਂ ਇਹ ਮਾਤਰਾ ਹੋਰ ਘਟੀ ਜਾਂਦੀ ਹੈ, ਤਿਉਂ-ਤਿਉਂ ਘਾਟ ਦੀ ਹਾਲਤ ਗੰਭੀਰ ਹੋਣ ਕਾਰਨ ਕਣਕ ਅਤੇ ਬਰਸੀਮ ਦੀਆਂ ਫ਼ਸਲਾਂ ਦੇ ਝਾੜ ਵਿੱਚ ਜ਼ਿਆਦਾ ਕਮੀ ਆ ਜਾਂਦੀ ਹੈ।

ਕਣਕ ਵਿਚ ਮੈਂਗਨੀਜ਼ ਦੀ ਘਾਟ ਦੇ ਨਿਸ਼ਾਨ :ਮੈਂਗਨੀਜ਼ ਦੀ ਘਾਟ ਵਾਲੇ ਖੇਤਾਂ ਵਿੱਚ ਬੀਜੀ ਕਣਕ ਵਿੱਚ ਮੈਂਗਨੀਜ਼ ਦੀ ਘਾਟ ਦੇ ਨਿਸ਼ਾਨ ਪਹਿਲਾ ਪਾਣੀ ਲੱਗਣ ਤੋਂ ਦੋਂ-ਤਿੰਨ ਦਿਨ ਬਾਅਦ ਨਜ਼ਰ ਆਉਣੇ ਸ਼ੁਰੂ ਹੁੰਦੇ ਹਨ। ਕਈ ਵਾਰ ਕਣਕ ਵਿੱਚ ਸਿੱਟਾ ਨਿਕਲਣ ਸਮੇਂ ਵੀ ਇਸ ਦੀ ਘਾਟ ਦੇ ਚਿੰਨ੍ਹ ਨਜ਼ਰ ਆਉਂਦੇ ਹਨ। ਘਾਟ ਦੀਆਂ ਨਿਸ਼ਾਨੀਆਂ ਕਣਕ ਮੁੱਢਲੇ ਵਾਧੇ ਸਮੇਂ ਪੌਦਿਆਂ ਦੇ ਵਿਚਕਾਰਲੇ ਜਾਂ ਹੇਠਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ’ਤੇ ਹਲਕੇ ਪੀਲੇ ਸਲੇਟੀ ਰੰਗ ਤੋਂ ਗੁਲਾਬੀ ਭੁਰੇ ਰੰਗ ’ਚ ਦਿਖਾਈ ਦਿੰਦੀਆਂ ਹਨ।

ਇਸ ਘਾਟ ਕਾਰਨ ਪੱਤਿਆਂ ਦੇ ਹੇਠਲੇ 2/3 ਹਿੱਸੇ ਤੇ ਭਿੰਨ-ਭਿੰਨ ਆਕਾਰ ਦੇ ਧੱਬੇ ਨਜ਼ਰ ਆਉਂਦੇ ਹਨ। ਬਾਅਦ ਵਿੱਚ ਇਹ ਧੱਬੇ ਨਾੜੀਆਂ ਵਿਚਕਾਰ ਜਿਹੜੀਆਂ ਕਿ ਹਰੀਆਂ ਰਹਿੰਦੀਆਂ ਹਨ, ਇਕੱਠੇ ਹੋ ਕੇ ਲੰਬੀ ਧਾਰੀ ਜਾਂ ਗੋਲ ਆਕਾਰ ਧਾਰਨ ਕਰ ਲੈਂਦੇ ਹਨ। ਜਦੋਂ ਮੈਂਗਨੀਜ਼ ਦੀ ਘਾਟ ਸਿੱਟਾ ਨਿਕਲਣ ਸਮੇਂ ਆਉਂਦੀ ਹੈ ਤਾਂ ਉੱਪਰ ਦੱਸੇ ਨਿਸ਼ਾਨ ਟੀਸੀ ਵਾਲੇ ਪੱਤੇ ’ਤੇ ਪ੍ਰਤੱਖ ਨਜ਼ਰ ਆਉਂਦੇ ਹਨ ਅਤੇ ਉਸ ਤੋਂ ਇਲਾਵਾ ਸਿੱਟੇ ਬੜੀ ਮੁਸ਼ਕਿਲ ਨਾਲ ਨਿਕਲਦੇ ਹਨ ਅਤੇ ਨਿੱਕਲੇ ਹੋਏ ਸਿੱਟੇ ਟੇਢੇ-ਮੇਢੇ ਅਤੇ ਕਮਜ਼ੋਰ ਹੁੰਦੇ ਹਨ।

ਘਾਟ ਦੀ ਪੂਰਤੀ: ਮੈਂਗਨੀਜ਼ ਦੀ ਘਾਟ ਦੀ ਪੂਰਤੀ ਵਾਸਤੇ ਕਣਕ ਤੇ ਮੈਂਗਨੀਜ਼ ਸਲਫੇਟ ਦੇ 0.5 ਫ਼ੀਸਦੀ ਘੋਲ ਦੇ ਛਿੜਕਾਅ ਕਰਕੇ ਕੀਤੀ ਜਾ ਸਕਦੀ ਹੈ। ਇਹ ਘੋਲ 100 ਲੀਟਰ ਪਾਣੀ ਵਿੱਚ ਅੱਧਾ ਕਿੱਲੋ ਮੈਂਗਨੀਜ਼ ਸਲਫੇਟ ਪਾ ਕੇ ਬਣਾਇਆ ਜਾ ਸਕਦਾ ਹੈ। ਇਸ ਘੋਲ ਦੇ ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ 4 ਛਿੜਕਾਅ ਕਰਨ ਨਾਲ ਮੈਂਗਨੀਜ਼ ਦੀ ਲੋੜ ਪੂਰੀ ਕੀਤੀ ਜਾ ਸਕਦੀ ਹੈ। ਜੇਕਰ ਖੇਤ ਵਿੱਚ ਮੈਂਗਨੀਜ਼ ਦੀ ਘਾਟ ਬਾਰੇ ਫ਼ਸਲ ਬੀਜਣ ਤੋਂ ਪਹਿਲਾਂ ਹੀ ਜਾਣਕਾਰੀ ਹੋਵੇ ਤਾਂ ਪਹਿਲਾ ਛਿੜਕਾਅ ਪਹਿਲੇ ਪਾਣੀ ਤੋਂ ਦੋ-ਤਿੰਨ ਦਿਨ ਅੱਗੋਂ ਕਰ ਦੇਣਾ ਚਾਹੀਦਾ ਹੈ ਅਤੇ ਰਹਿੰਦੇ ਤਿੰਨ ਛਿੜਕਾਅ ਉਸ ਤੋਂ ਬਾਅਦ ਹਫ਼ਤੇ-ਹਫ਼ਤੇ ਦੇ ਵਕਫ਼ੇ ’ਤੇ ਕਰਨੇ ਚਾਹੀਦੇ ਹਨ।

ਕਿਸਾਨਾਂ ਦੇ ਧਿਆਨਯੋਗ ਕੁਝ ਖ਼ਾਸ ਨੁਕਤੇ:

  • ਫ਼ਸਲ ਬੀਜਣ ਤੋਂ ਪਹਿਲਾਂ ਖੇਤਾਂ ਦੀ ਮਿੱਟੀ ਦੀ ਪਰਖ ਜ਼ਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਕਿਸ ਖੇਤ ਵਿੱਚ ਮੈਂਗਨੀਜ਼ ਤੱਤ ਦੀ ਕਿੰਨੀ ਕੁ ਘਾਟ ਹੈ। ਮਿੱਟੀ ਦੀ ਛੋਟੇ ਤੱਤਾਂ ਦੀ ਪਰਖ ਦੀ ਸਹੂਲਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਵਿਗਿਆਨ ਕੇਂਦਰ ਆਦਿ ਵਿਖੇ ਸਥਿਤ ਮਿੱਟੀ ਪਰਖ ਪ੍ਰਯੋਗਸ਼ਾਲਾਵਾਂ ਵਿੱਚ ਵੀ ਉਪਲੱਭਦ ਹੈ।
  • ਮੈਂਗਨੀਜ਼ ਦੀ ਘਾਟ ਵਾਲੇ ਖੇਤਾਂ ਵਿੱਚ ਕਣਕ ਦੀ ਵਡਾਣਕ ਕਿਸਮਾਂ ਨਾ ਬੀਜੋ।
  • ਕਣਕ ਵਿੱਚ ਮੈਂਗਨੀਜ਼ ਦੇ ਘੋਲ ਦੇ ਛਿੜਕਾਅ ਨੂੰ ਪਹਿਲਾ ਪਾਣੀ ਲੱਗਣ ਤੋਂ ਅੱਗੋਂ ਸ਼ੁਰੂ ਕਰਨੇ ਚਾਹੀਦੇ ਹਨ।
  • ਛਿੜਕਾਅ ਕੇਵਲ ਧੁੱਪ ਵਾਲੇ ਅਤੇ ਘੱਟ ਹਵਾ ਵਾਲੇ ਦਿਨਾਂ ਵਿੱਚ ਹੀ ਕਰਨੇ ਚਾਹੀਦੇ ਹਨ।
  • ਹਰ ਛਿੜਕਾਅ ਤੋਂ ਪਹਿਲਾਂ ਮੈਂਗਨੀਜ਼ ਸਲਫੇਟ ਦਾ ਤਾਜ਼ਾ ਘੋਲ ਤਿਆਰ ਕਰਨਾ ਚਾਹੀਦਾ ਹੈ।
  • ਮੈਂਗਨੀਜ਼ ਸਲਫੇਟ ਜ਼ਮੀਨ ਵਿੱਚ ਪਾਉਣਾ ਲਾਹੇਵੰਦ ਨਹੀਂ ਹੁੰਦਾ।