ਹੁਣ ਯੂਏਈ ਵਾਲੇ ਖਾਣਗੇ ਪੰਜਾਬ ਦੇ ਕਿਨੂੰ, ਪੰਜਾਬ ਦੇ ਕਿੰਨੂ ਕਿਸਾਨਾਂ ਵਾਸਤੇ ਵੱਡੀ ਖੁਸ਼ਖਬਰੀ

ਪੰਜਾਬ ਦੇ ਕਿੰਨੂ ਕਿਸਾਨਾਂ ਵਾਸਤੇ ਵੱਡੀ ਖੁਸ਼ਖਬਰੀ ਹੈ, ਹੁਣ ਪੰਜਾਬ ਦੇ ਕਿਨੂੰ ਯੂਏਈ ਵਾਲੇ ਖਾਣਗੇ…’ਇਨਵੈਸਟ ਪੰਜਾਬ’ ਵੱਲੋਂ ਸੂਬੇ ਵਿਚ ਵਿਦੇਸ਼ੀ ਨਿਵੇਸ਼ ਲਿਆਉਣ ਲਈ ਨਿਵੇਸ਼ਕਾਂ ਤੱਕ ਕੀਤੀ ਜਾ ਰਹੀ ਪਹੁੰਚ ਸਦਕਾ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਨੂੰ ਪੰਜਾਬ ਤੋਂ 200 ਮੀਟਰਕ ਟਨ ਤਾਜ਼ਾ ਕਿਨੂੰ ਬਰਾਮਦ ਕਰਨ ਦਾ ਆਰਡਰ ਪੰਜਾਬ ਐਗਰੋ ਨੂੰ ਹਾਸਲ ਹੋਇਆ ਹੈ।

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਐਗਰੋ ਦੇ ਮੈਨੇਜਿੰਗ ਡਾਇਰੈਕਟਰ ਸਿਬਿਨ ਸੀ. ਨੇ ਦੱਸਿਆ ਕਿ ਪ੍ਰਚੂਨ ਵਿਕਰੀ ਮਾਲ ਦੇ ਏਸ਼ੀਆ ਵਿੱਚ ਵੱਡੇ ਦੁਬਈ ਅਧਾਰਿਤ ਲੁਲੁ ਗਰੁੱਪ ਨੇ ਪੰਜਾਬ ਐਗਰੋ ਨਾਲ ਇਸ ਆਰਡਰ ਨੂੰ ਅੰਤਮ ਰੂਪ ਦਿੱਤਾ ਹੈ ਜਿਸ ਨੂੰ ਛੇਤੀ ਭੇਜਿਆ ਜਾਵੇਗਾ। ਹਾਲ ਹੀ ਵਿੱਚ ਲੁਲੁ ਗਰੁੱਪ ਦਾ ਉਚ ਪੱਧਰੀ ਵਫ਼ਦ ਪੰਜਾਬ ਦੌਰੇ ‘ਤੇ ਆਇਆ ਸੀ ਜਿੱਥੇ ਪੰਜਾਬ ਐਗਰੋ ਦੇ ਅਧਿਕਾਰੀਆਂ ਨੇ ਆਪਣੇ ਉਤਪਾਦਾਂ ਸਬੰਧੀ ਉਨ੍ਹਾਂ ਨਾਲ ਵਿਸਥਾਰਤ ਵਿਚਾਰ-ਵਟਾਂਦਰਾ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਲੁਲੁ ਗਰੁੱਪ ਦੇ ਵਫ਼ਦ ਨੇ ਤਾਜ਼ਾ ਫਲਾਂ ਦੇ ਨਮੂਨੇ ਮੰਗੇ ਸਨ ਜਿਸ ਤੋਂ ਬਾਅਦ ਇਹ ਆਰਡਰ ਹਾਸਲ ਹੋਇਆ ਹੈ।ਸ੍ਰੀ ਸਿਬਿਨ ਨੇ ਦੱਸਿਆ ਕਿ ਪੰਜਾਬ ਐਗਰੋ ਜੂਸ ਲਿਮਟਿਡ (ਪੀ.ਏ.ਜੇ.ਐਲ.) ਵੱਲੋਂ ਚਾਲੂ ਸੀਜ਼ਨ ਦੌਰਾਨ 200 ਮੀਟਰਕ ਟਨ ਕਿਨੂੰ ਪ੍ਰਸੈਸ ਕਰਨ ਦਾ ਟੀਚਾ ਵੀ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੀ.ਏ.ਜੇ.ਐਲ. ਵੱਲੋਂ ਸਾਊਦੀ ਅਰਬ ਅਤੇ ਦੁਬਈ ਨੂੰ 2.52 ਕਰੋੜ ਰੁਪਏ ਦੀ ਕੀਮਤ ਦੀ ਮਿਰਚਾਂ ਦੀ ਪੇਸਟ ਦੇ 26 ਤੋਂ ਵੱਧ ਕੰਟੇਨਰ ਬਰਾਮਦ ਕੀਤੇ ਗਏ ਹਨ।

ਇਰਾਨ, ਮੌਰਸ਼ੀਅਸ਼, ਦੁਬਈ ਆਦਿ ਮੁਲਕਾਂ ਤੋਂ ਵੀ ਮਿਰਚਾਂ ਦੀ ਪੇਸਟ ਬਾਰੇ ਕਾਰੋਬਾਰੀ ਪੁੱਛਗਿੱਛ ਚੱਲ ਰਹੀ ਹੈ। ਅਗਾਮੀ ਸੀਜ਼ਨ ਵਿੱਚ ਇਹ ਪੇਸਟ ਬਰਾਮਦ ਕਰਨ ਲਈ ਕੱਚਾ ਮਾਲ ਪੰਜਾਬ ਤੋਂ ਖਰੀਦਿਆ ਜਾਵੇਗਾ। ਪੰਜਾਬ ਐਗਰੋ ਵੱਲੋਂ ਆਪਣੇ ਹੁਸ਼ਿਆਰਪੁਰ ਪਲਾਂਟ ਤੋਂ ਜੈਵਿਕ ਆਂਵਲਾ ਵੀ ਪ੍ਰੋਸੈਸ ਕੀਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਪੰਜਾਬ ਐਗਰੋ ਵੱਲੋਂ ਅਬੋਹਰ ਅਤੇ ਹੁਸ਼ਿਆਰਪੁਰ ਸਥਿਤ ਫਲ ਤੇ ਸਬਜ਼ੀਆਂ ਦੇ ਪ੍ਰੋਸੈਸਿੰਗ ਯੂਨਿਟਾਂ ਵਿਖੇ ਫਲ-ਸਬਜ਼ੀਆਂ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ। ਪ੍ਰੋਸੈਸ ਕੀਤਾ ਮਾਲ ਸਾਰੀਆਂ ਵੱਡੀਆਂ ਕੰਪਨੀਆਂ/ਬਹੁ-ਕੌਮੀ ਕੰਪਨੀਆਂ ਨੂੰ ਵੇਚਣ ਤੋਂ ਇਲਾਵਾ ਪ੍ਰਚੂਨ ਮਾਰਕੀਟ ਵਿੱਚ ਤਾਜ਼ਾ ਫਲ/ਖਾਧ ਪਦਾਰਥ ਵੀ ਸਪਲਾਈ ਕੀਤੇ ਜਾਂਦੇ ਹਨ।