ਜਾਣੋ ਕਿਵੇਂ ਕਿਸਾਨਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ ਖੇਤੀਬਾੜੀ ਵਿਭਾਗ ਵਲੋਂ ਬਣਵਾਈਆਂ ਆਤਮਾ ਕਿਸਾਨ ਹੱਟਾਂ

ਐਗਰੀਕਲਚਰ ਟੈਕਨਾਲੋਜੀ ਮੈਨੇਜਮੇਂਟ ਏਜੰਸੀ (ਆਤਮਾ) ਸਕੀਮ ਨੂੰ 2005-06 ਦੌਰਾਨ ਖੇਤੀਬਾੜੀ ਵਿਭਾਗ ਵਲੋਂ ਭਾਰਤ ਵਿਚ 28 ਰਾਜਾਂ ਦੇ 614 ਜ਼ਿਲ੍ਹਿਆਂ ਵਿਚ ਸ਼ੁਰੂ ਕੀਤਾ ਗਿਆ । ਖੇਤੀਬਾੜੀ ਵਿਭਾਗ ਪੰਜਾਬ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਸਿਖਲਾਈ ਪ੍ਰਾਪਤ ਕਿਸਾਨਾਂ ਨੂੰ ਇਸ ਨਾਲ ਜੋੜਨਾ ਸ਼ੁਰੂ ਕੀਤਾ ਗਿਆ। ਇਸ ਸਕੀਮ ਤਹਿਤ ਕਿਸਾਨ ਪੀ. ਏ. ਯੂ ਤੋਂ ਟ੍ਰੇਨਿੰਗ ਲੈ ਕੇ ਅਪਣੇ ਸ਼ੁੱਧ ਘਰੇਲੂ ਅਤੇ ਖੇਤੀ ਉਤਪਾਦ ਤਿਆਰ ਕਰਦੇ ਹਨ। ਸਖਤ ਮਿਹਨਤ ਤੋਂ ਬਾਅਦ ਤਿਆਰ ਕੀਤੇ ਉਤਪਾਦ ਵੇਚਣ ਜਾਂ ਮੰਡੀਕਰਨ ਲਈ ਆਉਂਦੀਆਂ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਸਾਹਿਬਾਨ ਅਤੇ ਜ਼ਿਲ੍ਹਾ ਖੇਤੀਬਾੜੀ ਵਿਭਾਗ ਮਿਲ ਕੇ ਆਤਮਾ ਦੀ ਹੱਟ ਖੋਲ੍ਹਣ ਲਈ ਕਿਸਾਨਾਂ ਦੀ ਸਹਾਇਤਾ ਕਰਦੇ ਹਨ।

ਕਿਸਾਨ ਸੈਲਫ ਹੈਲਪ ਗਰੁੱਪ ਬਣਾ ਕੇ ਆਪਣੇ ਖੇਤੀ ਅਤੇ ਘਰੇਲੂ ਖਾਣ ਵਾਲੇ ਉਤਪਾਦ ਜਿਵੇਂ ਦੁੱਧ ਦੇ ਉਤਪਾਦ ਦਹੀਂ, ਲੱਸੀ, ਮੱਖਣ, ਚਟਣੀਆਂ, ਮੁਰੱਬੇ, ਗੁੜ ਸ਼ੱਕਰ , ਹਲਦੀ ਤੇ ਮਿਰਚ ਪਾਊਡਰ, ਸੋਇਆ ਦੁੱਧ, ਪਨੀਰ, ਸ਼ਹਿਦ ਅਤੇ ਸਿਰਕਾ ਮਿੱਟੀ ਦੇ ਭਾਂਡੇ ਆਦਿ ਆਤਮਾ ਦੀਆਂ ਹੱਟਾਂ ‘ਤੇ ਰੱਖ ਕੇ ਵੇਚਦੇ ਹਨ। ਇਹ ਕਿਸਾਨ ਸ਼ੁੱਧਤਾ ਨੂੰ ਯਕੀਨੀ ਬਣਾਉਂਦੇ ਹਨ ਅਤੇ ਪੂਰੀ ਤਰਾਂ ਨਾਲ ਜੈਵਿਕ ਪੈਦਾਵਾਰ ਕਰਨ ਲਈ ਸਫਲ ਯਤਨ ਕਰਦੇ ਹਨ। ਇਹ ਉਤਪਾਦ ਕੈਮੀਕਲਜ਼ ਤੋਂ ਬਿਲਕੁਲ ਰਹਿਤ ਅਤੇ ਸ਼ੁੱਧਤਾ ਦੀ ਕਸੌਟੀ ‘ਤੇ ਖਰੇ ਉੱਤਰਨ ਤੋਂ ਬਾਅਦ ਹੀ ਆਤਮਾ ਹੱਟ ਤੱਕ ਪਹੁੰਚਦੇ ਹਨ। ਖੇਤੀਬਾੜੀ ਵਿਭਾਗ ਬਕਾਇਦਾ ਇਸ ਦੀ ਨਿਗਰਾਨੀ ਰੱਖਦਾ ਹੈ।

ਖੇਤੀਬਾੜੀ ਵਿਭਾਗ ਸਂੰਗਰੂਰ ਦੀ ਮਦਦ ਨਾਲ ਜ਼ਿਲ੍ਹਾ ਸੰਗਰੂਰ ਦੀ ਸਭ ਤੋਂ ਪਹਿਲੀ ਆਤਮਾ ਹੱਟ ਗੁਰਵਰਿੰਦਰ ਸਿੰਘ ਨੇ ਆਪਣੀ ਜ਼ਮੀਨ ਵਿਚ ਪਿੰਡ ਖਾਨਪੁਰ ਜਰਗ ਰੋਡ ਉੱਤੇ ਸ਼ੁਰੂ ਕੀਤੀ । ਗੁਰਵਰਿੰਦਰ ਸਿੰਘ ਮੁਤਾਬਿਕ ਉਸ ਦੀ ਜ਼ਮੀਨ ਰੇਤਲੀ ਅਤੇ ਕਮਜ਼ੋਰ ਸੀ ਫ਼ਸਲ ਚੰਗੀ ਨਾ ਹੋਣ ਕਰਕੇ ਆਮਦਨ ਬਹੁਤੀ ਨਹੀਂ ਸੀ ਸਭ ਤੋਂ ਪਹਿਲਾਂ ਉਸ ਨੇ ਖੇਤੀਬਾੜੀ ਵਿਭਾਗ ਤੋਂ ਸਿਰਫ ਦੋ ਬਕਸੇ ਮਧੂ ਮੱਖੀ ਦੇ ਸਬਸਿਡੀ ‘ਤੇ ਲੈ ਕੇ ਸਹਾਇਕ ਧੰਦੇ ਵਜੋਂ ਅਪਣਾਇਆ ਉਹ ਇਸ ਕੰਮ ਨੂੰ ਵਧਾ ਕੇ 100 ਬਕਸੇ ਤੱਕ ਲੈ ਜਾ ਚੁੱਕਾ ਹੈ , ਹੁਣ ਉਸ ਨੂੰ ਸ਼ਹਿਦ ਵੇਚਣ ਵਿਚ ਦਿੱਕਤ ਆਈ ਅਤੇ ਉਹ ਵਪਾਰੀਆਂ ਦੀ ਲੁੱਟ ਤੋਂ ਬਚਣਾ ਚਹੁੰਦਾ ਸੀ ਇਸ ਲਈ ਆਤਮਾ ਸਕੀਮ ਤੋਂ ਬਹੁਤ ਪ੍ਰਭਾਵਿਤ ਹੋਇਆਆਤਮਾ ਤਹਿਤ ਬਣਨ ਵਾਲੀਆਂ ਕਿਸਾਨ ਹੱਟ ਰਾਹੀਂ ਕਿਸਾਨ ਅਤੇ ਗਾਹਕ ਦਾ ਸਿੱਧਾ ਰਾਬਤਾ ਹੋ ਜਾਂਦਾ ਹੈ । ਕਿਸਾਨ ਅਤੇ ਗਾਹਕ ਦੋਵੇ ਵਪਾਰੀਆਂ ਦੀ ਲੁੱਟ ਅਤੇ ਮਿਲਾਵਟਾਂ ਤੋਂ ਬਚ ਜਾਂਦੇ ਹਨ।

ਹੁਣ ਗੁਰਵਰਿੰਦਰ ਨੇ ਕੁਝ ਹੋਰ ਕਿਸਾਨਾਂ ਨਾਲ ਮਿਲ ਕੇ ਸੈਲਫ ਹੈਲਪ ਗਰੁੱਪ ਬਣਾ ਕੇ ਖੇਤੀਬਾੜੀ ਵਿਭਾਗ ਸੰਗਰੂਰ ਤੋਂ ਮਨਜ਼ੂਰੀ ਲੈ ਕੇ ਆਤਮਾ ਸਕੀਮ ਤਹਿਤ ਆਪਣੇ ਖੇਤਾਂ ਵਿਚ ਹੱਟ ਖੋਲ੍ਹ ਲਈ ਅਪਣਾ ਸ਼ਹਿਦ ਅਤੇ ਹੋਰ ਕਿਸਾਨਾਂ ਦੇ ਉਤਪਾਦ ਵੇਚਣੇ ਸ਼ੁਰੂ ਕਰ ਦਿੱਤੇ। ਹੁਣ ਹੋਰ ਪਿੰਡਾਂ ਦੇ ਬਹੁਤ ਸਾਰੇ ਕਿਸਾਨ ਉਸ ਨਾਲ ਜੁੜੇ ਹੋਏ ਹਨ। ਇਹ ਜ਼ਿਲ੍ਹਾ ਸੰਗਰੂਰ ਦੀ ਆਤਮਾ ਪਹਿਲੀ ਹੱਟ ਸੀ। ਉਸ ਨੂੰ ਭਰਪੂਰ ਹੁੰਗਾਰਾ ਮਿਲਿਆ। ਗੁਰਵਰਿੰਦਰ ਅਤਮਾ ਅਤੇ ਖੇਤੀਬਾੜੀ ਵਿਭਾਗ ਦਾ ਬਹੁਤ ਧੰਨਵਾਦੀ ਹੈ।ਇਹ ਨੌਜਵਾਨ ਕਿਸਾਨ ਉਨ੍ਹਾਂ ਕਿਸਾਨਾਂ ਲਈ ਪ੍ਰੇਰਨਾਸ੍ਰੋਤ ਵੀ ਹੈ ਜੋ ਕਰਜ਼ੇ ਜਾਂ ਬੇਰੁਜ਼ਗਾਰੀ ਕਰਕੇ ਖੁਦਕੁਸ਼ੀਆਂ ਕਰ ਰਹੇ ਹਨ। ਸਿੰਥੈਟਿਕ ਨਸ਼ੇ ਜਾਂ ਮਹਿੰਗੇ ਨਸ਼ਿਆਂ ਦੇ ਵੱਸ ਪੈ ਕੇ ਕੁਰਾਹੇ ਜਾ ਪੈਂਦੇ ਹਨ। ਜੁਰਮ ਕਰਦੇ ਹਨ ਵੱਡੇ ਅਤੇ ਘਿਨਾਉਣੇ ਕਾਰਨਾਮਿਆਂ ਨੂੰ ਅੰਜਾਮ ਦਿੰਦੇ ਹਨ ਅਤ ਕੀਮਤੀੇ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ।

 

ਜ਼ਿਲ੍ਹਾ ਸੰਗਰੂਰ ਦੀ ਪਹਿਲੀ ਕਿਸਾਨ ਹੱਟ ਜੋ ਕਿ ਪਿੰਡ ਖਾਨਪੁਰ ਜਰਗ ਰੋਡ ‘ਤੇ ਬਣੀ ਹੋਈ ਹੈ। ਸੱਚਮੁਚ ਕਈ ਮਨੁੱਖ ਜ਼ਿੰਦਗੀ ਵਿਚ ਬੱਸ ਇਕੋ ਕੰਮ ਕਰਦੇ ਰਹਿੰਦੇ ਹਨ। ਪਰ ਕਈ ਮਨੁੱਖ ਇਕੋ ਜ਼ਿੰਦਗੀ ਵਿਚ ਬਹੁਤ ਸਾਰੇ ਕੰਮ ਕਰ ਜਾਂਦੇ ਹਨ। ਸੰਗਰੂਰ ਜ਼ਿਲ੍ਹੇ ਦੀ ਪਹਿਲੀ ਆਤਮਾ ਹੱਟ ਚਲਾਉਣ ਵਾਲੇ ਇਸ ਨੌਜਵਾਨ ਨੁੂੰ ਕਵਿਤਾਵਾਂ ਲਿਖਣ ਦਾ ਸ਼ੌਕ ਹੈ ਇਹਦੇ ਗੀਤਾਂ ਤੇ ਕਵਿਤਾਵਾਂ ਵਿਸ਼ਾ ਕਿਰਤੀਆਂ ਦੇ ਜੀਵਨ ਦਾ ਸਮਾਜਿਕ ਅਤੇ ਆਰਥਿਕ ਪੱਖ ਹੁੰਦਾ ਹੈ। ਸਰਕਾਰਾਂ ਨੂੰ ਇਹੋ ਜਿਹੇ ਅਗਾਂਹਵਾਧੂ ਅਤੇ ਉੱਦਮੀ ਕਿਸਾਨਾਂ ਨੂੰ ਪ੍ਰੋਤਸਾਹਤ ਕਰਨਾ ਚਾਹੀਦਾ ਹੈ ਅਤੇ ਹਰ ਸੰਭਵ ਸਹਾਇਤਾ ਕਰਨੀ ਚਾਹੀਦੀ ਹੈ। ਸਾਡੀ ਅਜੋਕੀ ਪੀੜ੍ਹੀ ਨੂੰ ਆਖਰ ਇਹੋ ਜਿਹੇ ਵਸੀਲੇ ਕਰਨੇ ਪੈਣਗੇ ਸਹਾਇਕ ਧੰਦੇ ਅਪਣਾਉਣੇ ਪੈਣਗੇ, ਜਿਸ ਦੀ ਸ਼ੁਰੂਆਤ ਗੁਰਵਰਿੰਦਰ ਸਿੰਘ ਨੇ ਪਿੰਡ ਖਾਨਪੁਰ ਵਿਖੇ ਆਤਮਾ ਕਿਸਾਨ ਹੱਟ ਬਣਾ ਕੇ ਕਰ ਦਿੱਤੀ ਹੈ। ਇਹ ਸਾਡੀ ਅੱਜ ਦੀ ਪੀੜ੍ਹੀ ਲਈ ਰੋਲ ਮਾਡਲ ਹੈ।