ਸਿਰਫ ਕਿਸਾਨਾਂ ਨੂੰ ਦੋਸ਼ ਦੇਣ ਵਾਲਿਓ ਇਹ ਵੀ ਹਨ ਪਾਣੀ ਦੇ ਡੂੰਘੇ ਹੋਣ ਦੇ ਵੱਡੇ ਕਾਰਨ

ਪੰਜਾਬ ‘ਚ ਹਰ ਸਾਲ ਧਰਤੀ ਹੇਠਲਾ ਡੂੰਘਾ ਹੋ ਰਿਹਾ ਪਾਣੀ ਸੂਬੇ ਲਈ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ | ਲੋਕਾਂ ਵੱਲੋਂ ਪਾਣੀ ਦੀ ਬਰਬਾਦੀ ਨੂੰ ਰੋਕਣ ਸਬੰਧੀ, ਗੱਲ ਕਰਨ ‘ਤੇ ਅੱਗੋ ਲੋਕਾਂ ਦਾ ਜਵਾਬ ਸੁਣਨ ਨੂੰ ਮਿਲਦਾ ‘ਦੇਖੀ ਜਾਉ ਸਾਰੀ ਦੁਨੀਆਂ ਦੇ ਨਾਲ ਹੀ ਹਾਂ’ | ਇਹ ਗੱਲ ਠੀਕ ਹੈ ਕੇ ਪੰਜਾਬ ਵਿਚ ਪਾਣੀ ਡੂੰਘਾ ਹੋਣ ਪਿੱਛੇ ਝੋਨੇ ਦਾ ਬਹੁਤ ਵੱਡਾ ਹੱਥ ਹੈ | ਕਿਓਂਕਿ ਇਸ ਫ਼ਸਲ ਦੇ ਉਤਪਾਦਨ ਵਾਸਤੇ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ | ਪਰ ਜੇਕਰ ਆਪਾਂ ਕਹੀਏ ਕੀ ਪਾਣੀ ਦੇ ਡੂੰਘਾ ਹੋਣ ਵਿਚ ਸਿਰਫ ਕਿਸਾਨਾਂ ਨੂੰ ਦੋਸ਼ ਦੇਣਾ ਵੀ ਗ਼ਲਤ ਹੋਵੇਗਾ |

ਪੰਜਾਬ ਦੀ ਲਗਭਗ 3 ਕਰੋੜ ਦੀ ਅਬਾਦੀ ‘ਚੋਂ ਚੰਦ ਕੁ ਲੋਕਾਂ ਨੂੰ ਛੱਡ ਕਿ ਸਰਕਾਰ ਤੇ ਆਮ ਲੋਕ ਇਸ ਮਸਲੇ ਪ੍ਰਤੀ ਗੰਭੀਰ ਨਜ਼ਰ ਨਹੀਂ ਆ ਰਹੇ | ਗਰਮੀ ਸ਼ੁਰੂ ਹੁੰਦਿਆਂ ਹੀ ਸੂਬੇ ‘ਚ ਪਾਣੀ ਦੀ ਬਰਬਾਦੀ ਸ਼ੁਰੂ ਹੋ ਜਾਂਦੀ ਹੈ |

ਘਰਾਂ ‘ਚ ਲੱਗੀਆਂ ਸਬਮਰਸੀਬਲ ਮੋਟਰਾਂ ਪਾਣੀ ਦੀ ਟੈਂਕੀ ਭਰ ਜਾਣ ‘ਤੇ ਬੰਦ ਕਰਨ ਤੋਂ ਬਾਅਦ ਵੀ ਕਈ ਲੀਟਰ ਪਾਣੀ ਡੋਲ ਦਿੰਦੀਆਂ ਹਨ | ਘਰ-ਘਰ ‘ਚ ਲੱਗੇ ਆਰ.ਓ. ਸਿਸਟਮ ਹਰ ਰੋਜ਼ ਹਜ਼ਾਰਾਂ ਲੀਟਰ ਪਾਣੀ ਬਰਬਾਦ ਕਰ ਰਹੇ ਹਨ | ਕਿਓਂਕਿ ਪਾਣੀ ਫਿਲਟਰ ਕਰਨ ਵੇਲੇ ਫਿਲਟਰ ਬਹੁਤ ਸਾਰਾ ਵਾਧੂ ਨਿਕਲਦਾ ਹੈ ਜੋ ਸਿਰਫ ਨਾਲੀ ਵਿਚ ਸੁੱਟ ਦਿੱਤਾ ਜਾਂਦਾ ਹੈ

ਸੂਬੇ ‘ਚ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਹੇਠਲਾ ਪਾਣੀ ਹਰ ਸਾਲ ਕਈ ਫੁੱਟ ਡੂੰਘੀ ਚੁੱਭੀ ਮਾਰ ਡੂੰਘਾ ਹੋ ਰਿਹਾ ਹੈ | ਜਿਸਦਾ ਇਕ ਵੱਡਾ ਕਾਰਨ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ ‘ਚ ਚਲਦੇ ਹਜ਼ਾਰਾਂ ਸਰਵਿਸ ਸਟੇਸ਼ਨ ਜੋ ਵੱਡੀ ਪੱਧਰ ‘ਤੇ ਧਰਤੀ ਹੇਠੋਂ ਸਿੱਧਾ ਪਾਣੀ ਲੈ ਕੇ ਹਰ ਰੋਜ਼ ਹਜ਼ਾਰਾਂ ਗੱਡੀਆਂ ਕਾਰਾਂ, ਜੀਪਾਂ, ਟਰੈਕਟਰ, ਟਰੱਕ, ਟੈਂਪੂ, ਬੱਸਾਂ ਤੇ ਟਰਾਲੇ ਆਦਿ ਧੋ ਕਿ ਕਰੋੜਾਂ ਲੀਟਰ ਪਾਣੀ ਬਰਬਾਦ ਕਰ ਰਹੇ ਹਨ |

ਜਾਣਕਾਰੀ ਅਨੁਸਾਰ ਇਕ ਕਾਰ ਧੋਣ ‘ਤੇ ਲਗਭਗ 50 ਤੋਂ 100 ਲੀਟਰ ਤੇ ਬੱਸ ਅਤੇ ਟਰੱਕ ਧੋਣ ‘ਤੇ ਲਗਭਗ 500 ਤੋਂ 1000 ਲੀਟਰ ਪਾਣੀ ਲੱਗਦਾ ਹੈ | ਗੱਡੀਆਂ ਧੋਣ ਲਈ ਵਰਤਿਆ ਜਾਣ ਵਾਲਾ ਪਾਣੀ ਵੱਡੀ ਪੱਧਰ ‘ਤੇ ਸੀਵਰੇਜ ਆਦਿ ਦੇ ਪਾਣੀ ‘ਚ ਜਾ ਮਿਲਦਾ ਹੈ, ਜਿਸ ਨੂੰ ਮੁੜ ਵਰਤੋਂ ‘ਚ ਨਹੀਂ ਲਿਆਂਦਾ ਜਾ ਰਿਹਾ |

ਕਈ ਵੱਡੇ ਸ਼ਹਿਰਾਂ ‘ਚ ਆਮ ਲੋਕਾਂ ਵੱਲੋਂ ਫਰਸ਼ ਧੋਣ, ਗੱਡੀ ਧੋਣ ਤੇ ਬਗੀਚੀ ਨੂੰ ਪਾਣੀ ਦੇਣ ‘ਤੇ ਕਾਰਪੋਰੇਸ਼ਨਾਂ ਦੇ ਉੱਚ ਅਧਿਕਾਰੀ ਜੁਰਮਾਨੇ ਕਰਦੇ ਹਨ, ਪਰ ਹੈਰਾਨੀ ਦੀ ਗੱਲ ਇਹ ਕਿ ਉਨ੍ਹਾਂ ਹੀ ਵੱਡੇ ਸ਼ਹਿਰਾਂ ‘ਚ ਬਿਨਾਂ ਮਨਜ਼ੂਰੀ ਲਏ ਵੱਡੀ ਪੱਧਰ ‘ਤੇ ਹਜ਼ਾਰਾਂ ਅਜਿਹੇ ਸਰਵਿਸ ਸਟੇਸ਼ਨ ਚੱਲ ਰਹੇ ਹਨ, ਜੋ ਹਰ ਰੋਜ਼ ਕਰੋੜਾਂ ਲੀਟਰ ਪਾਣੀ ਬਰਬਾਦ ਕਰ ਰਹੇ ਹਨ, ਉਨ੍ਹਾਂ ਸਰਵਿਸ ਸਟੇਸ਼ਨਾਂ ਵਾਲਿਆਂ ਨਾਲ ਸਰਕਾਰ ਤੇ ਕਾਰਪੋਰੇਸ਼ਨ ਅਧਿਕਾਰੀ ਪਤਾ ਨਹੀਂ ਕਿਹੜੀ ਲਿਹਾਜ਼ ਪੁਗਾ ਰਹੇ ਹਨ |

ਸੋ ਸਰਕਾਰ ਅੱਗੇ ਬੇਨਤੀ ਹੈ ਕੇ ਜਿੰਨੀ ਫੁਰਤੀ ਨਾਲ ਕਿਸਾਨਾਂ ਦੇ ਖਿਲਾਫ ਐਕਸ਼ਨ ਲਿਆ ਜਾਂਦਾ ਹੈ ਉਸੇ ਤਰਾਂ ਹਨ ਚੀਜਾਂ ਵੱਲ ਵੀ ਧਿਆਨ ਦਿੱਤਾ ਜਾਵੇ |