ਪੰਜਾਬ ਦੇ ਕਿਸਾਨ ਇਸ ਤਰਾਂ ਹੁੰਦੇ ਹਨ ਰੰਗ ਬਿਰੰਗੇ ਠੱਗਾਂ ਦਾ ਸ਼ਿਕਾਰ

December 18, 2017

ਪੰਜਾਬ ਦਾ ਕਿਸਾਨ ਚਾਹੁੰਦਾ ਹੈ ਕਿ ਕੁਝ ਨਵਾਂ ਕੀਤਾ ਜਾਵੇ, ਤਾਂ ਜੋ ਆਮਦਨ ਵੱਧ ਸਕੇ। ਇਸ ਲਈ ਉਹ ਨਵੇਂ ਤਜਰਬੇ ਕਰਨ ਲਈ ਤਿਆਰ ਰਹਿੰਦਾ ਹੈ। ਪਰ ਇਸ ਚੱਕਰ ਵਿਚ ਕਈ ਵਾਰ ਲੈਣੇ ਦੇ ਦੇਣੇ ਪੈ ਜਾਂਦੇ ਹਨ ਤੇ ਕਿਸਾਨ ਨੂੰ ਨੁਕਸਾਨ ਝੱਲਣਾ ਪੈਂਦਾ ਹੈ । ਉਹ ਖੁੱਲ੍ਹੇ ਦਿਲ ਨਾਲ ਪੈਸੇ ਵੀ ਖਰਚ ਦਿੰਦਾ ਹੈ ਤੇ ਸਭ ਤੋਂ ਵੱਡੀ ਗੱਲ ਕੋਟ ਪੈਂਟ ਪਾਈ ਲੋਕਾਂ ਨੂੰ ਸਿਆਣੇ ਸਮਝ, ਉਨ੍ਹਾਂ ‘ਤੇ ਯਕੀਨ ਵੀ ਕਰ ਲੈਂਦਾ ਹੈ। ਬਸ ਇਹੋ ਗੁਣ ਹੀ ਉਸ ਦੇ ਲੁੱਟੇ ਜਾਣ ਦਾ ਕਾਰਨ ਬਣਦੇ ਹਨ। ਕਦੇ ਕੁਝ ਤੇ ਕਦੇ ਕੁਝ ਲੋਕ ਸਕੀਮਾਂ ਬਣਾ ਕੇ ਲੁੱਟਦੇ ਹਨ ਕੇਲੇ ਦੀ ਕਾਸ਼ਤ ਨੂੰ ਬਹੁਤ ਜ਼ੋਰ-ਸ਼ੋਰ ਨਾਲ ਲਾਗੂ ਕੀਤਾ ਗਿਆ ਸੀ।

ਬੜੇ ਕਿਸਾਨਾਂ ਨੇ ਇਸ 14 ਤੋਂ 16 ਮਹੀਨੇ ਦੀ ਫ਼ਸਲ ਨੂੰ ਥਾਂ ਦਿੱਤੀ। ਪਰ ਆਖਰ ਖੇਤ ਖਾਲੀ ਹੀ ਕਰਨੇ ਪਏ ਤੇ ਘਾਟਾ ਸਹਾਰਨਾ ਪਿਆ,ਕੇਲੇ ਦੀ ਬਜ਼ਾਰ ਵਿਚ ਮੰਗ ਹੋਣ ਦੇ ਬਾਵਜੂਦ। ਕੇਲਾ ਮੂਲ ਰੂਪ ਵਿਚ ਪੰਜਾਬ ਦੀ ਫ਼ਸਲ ਨਹੀਂ ਹੈ। ਇਸ ਦੀਆਂ 100 ਤੋਂ ਉੱਤੇ ਕਿਸਮਾਂ ਹਨ। ਇਹ ਲਾਵਾ ਮਿੱਟੀ ਵਾਲੀ ਧਰਤੀ ਪਸੰਦ ਕਰਦਾ ਹੈ। ਜਿਸ ਵਿਚ ਪਾਣੀ ਖੜ੍ਹਾ ਨਾ ਹੋਵੇ। ਇਸ ਦੀ ਸਹੀ ਉਪਜ ਲਈ 12 ਤੋਂ 28 ਡਿਗਰੀ ਤਾਪਮਾਨ ਚਾਹੀਦਾ ਹੈ।

ਜੇ ਤਾਪਮਾਨ 38 ਡਿਗਰੀ ਹੋ ਜਾਵੇ ਤਾਂ ਫ਼ਸਲ ਦਾ ਝਾੜ ਤੀਜਾ ਹਿੱਸਾ ਰਹਿ ਜਾਂਦਾ ਹੈ। ਹੁਣ ਆਪ ਸੋਚੋ ਇਥੇ ਤਾਂ ਤਾਪਮਾਨ 45 ਡਿਗਰੀ ਤੱਕ ਵੀ ਚਲੇ ਜਾਂਦਾ ਹੈ ਤੇ ਮਿੱਟੀ ਵੀ ਇਸ ਦੇ ਅਨੁਕੂਲ ਨਹੀਂ, ਘਾਟਾ ਤਾਂ ਪੈਣਾ ਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਨੂੰ ਬਦਲਵੀਆਂ ਫ਼ਸਲਾਂ ਦੀ ਲੋੜ ਹੈ, ਪਰ ਫ਼ਸਲ ਦੀ ਜਾਣਕਾਰੀ ਹੋਣ ਦੇ ਬਾਵਜੂਦ ਪੰਜਾਬੀ ਕਿਸਾਨਾਂ ਦਾ ਕਿਸੇ ਮਹਿਕਮੇ ਨੇ ਆਪਣੇ ਨੰਬਰ ਬਣਾਉਣ ਖਾਤਰ ਨੁਕਸਾਨ ਕਰ ਦਿੱਤਾ। ਪੰਜਾਬੀਆਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਮਹਿਕਮੇ ਉੱਤੇ ਰੱਬ ਵਰਗਾ ਯਕੀਨ ਨਾ ਕਰਨ ਕੇਲਿਆਂ ਵਾਂਗ ਅੱਜਕਲ੍ਹ, ਸਾਗਵਾਨ ਤੇ ਚੰਦਨ ਦੇ ਰੁੱਖ ਵੇਚਣ ਵਾਲੇ ਪਿੰਡੋ-ਪਿੰਡ ਤੁਰੇ ਫਿਰਦੇ ਹਨ,

ਸਾਗਵਾਨ 50 ਤੋਂ 100 ਸਾਲ ਵਿਚ ਹੁੰਦਾ ਹੈ, ਇਹ ਲੋਕ 10 ਸਾਲ ਹੀ ਕਹੀ ਜਾਂਦੇ ਹਨ। ਇਸੇ ਤਰ੍ਹਾਂ ਚੰਦਨ ਦੇ ਰੁੱਖ ਬਾਰੇ ਵੀ ਝੂਠ ਬੋਲਦੇ ਹਨ। ਇਹ ਦੋਵੇ ਰੁੱਖ ਪੰਜਾਬ ਵਿਚ ਪੂਰੀ ਤਰਾਂ ਵੱਧ ਨਹੀਂ ਸਕਦੇ, ਕਿਉਂਕਿ ਇੱਥੇ ਦੀ ਧਰਤੀ ਤੇ ਪੌਣ ਪਾਣੀ ਅਨੁਕੂਲ ਨਹੀਂ ਹੈ। ਇਹ ਰੰਗ-ਬਿਰੰਗੇ ਠੱਗ ਗਿਣਤੀਆਂ ਜਿਹੀਆਂ ਦੱਸੀ ਜਾਣਗੇ। ਨਾ ਇਹ ਠੇਕੇ ‘ਤੇ ਜ਼ਮੀਨ ਲੈਂਦੇ ਹਨ ਨਾ ਅਗਾਓਂ ਖਰੀਦ ਕਰਦੇ ਹਨ। ਬਾਅਦ ਵਿਚ ਸਫੈਦੇ ਵਾਂਗ ਲੱਕੜ 3 ਰੁਪਏ ਕਿਲੋ ਵੀ ਨਹੀਂ ਵਿਕਦੀ।

ਯਾਦ ਰਹੇ ਕਿ ਇਸੇ ਤਰ੍ਹਾਂ ਕਿਸਾਨਾਂ ਨੂੰ ਕਈ ਠੱਗ, ‘ਈਮੂ’ ਜਾਨਵਰ ਵੇਚ ਗਏ ਸਨ। ਇਨ੍ਹਾਂ ਦਾ ਕੰਮ ਹੈ, ਆਪਣੇ ਪੈਸੇ ਲਏ ਤੇ ਫੇਰ ਛੂੰ ਮੰਤਰ ਹੋ ਜਾਣਾ। ਹੈਰਾਨ ਹਾਂ ਕਿ ਸਾਡੇ ਖੇਤੀ ਨਾਲ ਸਬੰਧਤ ਮਹਿਕਮੇ ਤੇ ਅਦਾਰੇ ਕਿਸਾਨਾਂ ਨੂੰ ਕਿਉਂ ਨਹੀਂ ਸੁਚੇਤ ਕਰਦੇ। ਖ਼ੈਰ, ਕੁਝ ਵੀ ਹੋਵੇ, ਹੁਣ ਕਿਸਾਨਾਂ ਨੂੰ ਆਪ ਹੀ ਸੁਚੇਤ ਰਹਿਣਾ ਪਵੇਗਾ ਤੇ ਆਪਣੇ ਸਾਥੀਆਂ ਨੂੰ ਵੀ ਦੱਸਣਾ ਹੋਵੇਗਾ।