ਇਸ ਤਰੀਕ ਤੱਕ ਹੋ ਜਾਵੇਗਾ ਕਿਸਾਨਾਂ ਦਾ ਕਰਜ਼ਾ ਮਾਫ

ਕੈਪਟਨ ਸਰਕਾਰ ਦੁਵਾਰਾ ਕਰਜ਼ਾ ਮਾਫੀ ਦੇ ਵਾਅਦੇ ਤੋਂ ਬਾਅਦ ਪੰਜਾਬ ਦੇ ਕਿਸਾਨ ਇਸ ਝਾਕ ਵਿਚ ਬੈਠੇ ਹਨ ਕਿ ਕਦ ਕਰਜ਼ਾ ਮਾਫ ਹੋਵੇਗਾ । ਸਰਕਾਰ ਬਣਨ ਤੋਂ ਬਾਅਦ ਬਹੁਤ ਸਾਰੇ ਕਰਜ਼ਾ ਮਾਫੀ ਦੇ ਬਿਆਨ ਆ ਚੁੱਕੇ ਹਨ ਤੇ ਕਮੇਟੀ ਵੀ ਬਣ ਚੁੱਕੀ ਹੈ ਪਰ ਹੁਣ ਜਾ ਕੇ ਸਪਸ਼ਟ ਹੋ ਗਿਆ ਹੈ ਕੇ ਕਦ ਤੱਕ ਕਿਸਾਨਾਂ ਦਾ ਕਰਜ਼ਾ ਮਾਫ ਹੋ ਜਾਵੇਗਾ ।

ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਰਾਜ ਸਰਕਾਰ ਪੰਜ ਏਕੜ ਤੱਕ ਦੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਫਸਲੀ ਕਰਜ਼ਾ ਮੁਆਫ ਕਰ ਚੁੱਕੀ ਹੈ, ਇਸ ਫੈਸਲੇ ਦੇ ਅਮਲ ਵਾਸਤੇ ਨੋਟੀਫਿਕੇਸ਼ਨ ਜਾਰੀ ਕਰਨ ਵਿੱਚ ਦੋ ਮਹੀਨਿਆਂ ਦਾ ਹੋਰ ਸਮਾਂ ਲੱਗ ਸਕਦਾ ਹੈ। ਭਾਵ ਕਰਜ਼ਾ ਮਾਫੀ ਲਈ ਕਿਸਾਨਾਂ ਨੂੰ ਸਤੰਬਰ ਅਕਤੂਬਰ ਤੱਕ ਦਾ ਇੰਤਜ਼ਾਰ ਕਰਨਾ ਪਵੇਗਾ ।

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਰਾਜ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ, ਹੁਣ ਬੈਂਕਾਂ ਅਤੇ ਸਰਕਾਰ ਵਿਚਾਲੇ ਲੈਣ ਦੇਣ ਹੋਵੇਗਾ, ਇਸ ਦਾ ਕਿਸਾਨਾਂ ਨਾਲ ਕੋਈ ਸਬੰਧ ਨਹੀਂ ਹੈ। ਕਰਜ਼ੇ ਦੀ ਅਦਾਇਗੀ ਸਰਕਾਰ ਨੇ ਬੈਂਕਾਂ ਨੂੰ ਕਰਨੀ ਹੈ।

ਦੂਜੇ ਪਾਸੇ ਅਕਾਲੀ ਦਲ ਕਰਜ਼ਾ ਮੁਆਫੀ ਦੇ ਮੁੱਦੇ ‘ਤੇ ਲਗਾਤਾਰ ਸਰਕਾਰ ਨੂੰ ਘੇਰਨ ਦਾ ਯਤਨ ਕਰਦੇ ਹੋਏ ਕਹਿ ਰਿਹਾ ਹੈ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਕਿੰਨੇ ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਹੈ। ਅਕਾਲੀ ਦਲ ਦੇ ਮੁਤਾਬਕ ਕਰਜ਼ਾ ਮੁਆਫੀ ਲਾਗੂ ਨਾ ਹੋਣ ਕਰਕੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ।

ਇਸ ਵਾਰ ਦੇ ਬਜਟ ਵਿੱਚ ਕੇਵਲ 1500 ਕਰੋੜ ਰੁਪਏ ਰੱਖੇ ਗਏ ਹਨ। ਇਹ ਪਹਿਲੀ ਕਿਸ਼ਤ ਹੈ। ਬਾਕੀ ਦੀਆਂ ਕਿਸ਼ਤਾਂ ਅਗਲੇ ਸਾਲਾਂ ਦੌਰਾਨ ਅਦਾ ਕਰ ਦਿੱਤੀਆਂ ਜਾਣਗੀਆਂ। ਦੋ ਲੱਖ ਰੁਪਏ ਤੱਕ ਦੇ ਕਰਜ਼ੇ ਵਾਲੇ ਸੀਮਾਂਤ(ਢਾਈ ਏਕੜ ਤੱਕ) ਅਤੇ ਛੋਟੇ ਕਿਸਾਨਾਂ (ਪੰਜ ਏਕੜ ਤੱਕ) ਦਾ ਕਰਜ਼ਾ ਅਤੇ ਵੱਧ ਲੋਨ ਵਾਲੇ ਸੀਮਾਂਤ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਸਰਕਾਰ ਨੇ ਆਪਣੇ ਜ਼ਿੰਮੇ ਲੈ ਲਿਆ ਹੈ।

ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਾਰਾ ਕਰਜ਼ਾ ਸਰਕਾਰ ਅਦਾ ਕਰੇਗੀ। ਇਸ ਸਬੰਧੀ ਡੇਢ ਤੋਂ ਦੋ ਮਹੀਨਿਆਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ।ਇੱਕ ਅਨੁਮਾਨ ਅਨੁਸਾਰ 10 ਹਜ਼ਾਰ ਖੁਦਕੁਸ਼ੀ ਪੀੜਤ ਪਰਿਵਾਰਾਂ ਲਈ ਔਸਤਨ ਪੰਜ ਲੱਖ ਰੁਪਏ ਕਰਜ਼ੇ ਵਾਸਤੇ 500 ਕਰੋੜ ਰੁਪਏ ਦੀ ਲੋੜ ਹੈ। ਕੁੱਲ 59 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ ਵਿੱਚ ਸੀਮਾਂਤ ਅਤੇ ਛੋਟੇ ਕਿਸਾਨਾਂ ਸਿਰ ਲਗਪਗ 28 ਹਜ਼ਾਰ ਕਰੋੜ ਰੁਪਏ ਦੇ ਕਰੀਬ ਕਰਜ਼ਾ ਹੈ।