ਇਸ ਤਰਾਂ ਵੀ ਹੁੰਦੀ ਹੈ ਝੋਨੇ ਦੇ ਸੀਜ਼ਨ ਵਿਚ ਕਿਸਾਨਾਂ ਦੀ ਲੁੱਟ, ਕਿਸਾਨ ਰਹਿਣ ਚੌਕਸ

ਦੇਸ਼ ਦਾ ਕਿਸਾਨ ਇਸ ਸਮੇਂ ਗੰਭੀਰ ਆਰਥਿਕ ਸੰਕਟ ‘ਚ ਫਸਿਆ ਹੋਇਆ ਹੈ ਪਰ ਸਰਮਾਏਦਾਰ ਤੇ ਵਪਾਰੀ ਵਰਗ ਸਮੇਤ ਨਦੀਨ, ਕੀਟਨਾਸ਼ਕ ਤੇ ਉੱਲੀ ਨਾਸ਼ਕ ਦਵਾਈਆਂ ਤਿਆਰ ਕਰਨ ਵਾਲੀਆਂ ਨਿੱਜੀ ਕੰਪਨੀਆਂ ਵੱਲੋਂ ਦਵਾਈ ਵਿਕੇ੍ਰਤਾਵਾਂ ਨਾਲ ਮਿਲੀਭੁਗਤ ਕਰਕੇ ਕਿਸਾਨਾਂ ਦੀ ਲੁੱਟ ਲੰਮੇ ਸਮੇਂ ਤੋਂ ਜਾਰੀ ਹੈ | ਇਸ ਲਈ ਕਿਸਾਨਾਂ ਨੂੰ ਚੌਕਸ ਰਹਿਣ ਦੇ ਲੋੜ ਹੈ |

ਝੋਨੇ ਦੇ ਚੱਲ ਰਹੇ ਸੀਜ਼ਨ ਦੌਰਾਨ ਨਦੀਨ, ਕੀਟਨਾਸ਼ਕ ਤੇ ਉੱਲੀ ਨਾਸ਼ਕ ਦਵਾਈਆਂ ਤਿਆਰ ਕਰਨ ਵਾਲੀਆਂ ਨਿੱਜੀ ਕੰਪਨੀਆਂ ਤੇ ਡੀਲਰ ਕਿਸਾਨਾਂ ਦੀ ਲੁੱਟ ਲਈ ਪੱਬਾਂ-ਭਾਰ ਹੋ ਗਏ ਹਨ | ਖ਼ਾਸ ਕਰਕੇ ਬਹੁ ਕੌਮੀ ਕੰਪਨੀਆਂ ਵੱਲੋਂ ਇਸ ਲਈ ਪੂਰਾ ਜ਼ੋਰ ਲਗਾਇਆ ਜਾਂਦਾ ਹੈ | ਇਸ ਦੇ ਚੱਲਦਿਆਂ ਆਪਣੀ ਕੰਪਨੀ ਦੇ ਉਤਪਾਦਾਂ ਦੀ ਜ਼ਿਆਦਾ ਵਿਕਰੀ ਕਰਨ ਲਈ ਕੰਪਨੀਆਂ ਵੱਲੋਂ ਰੱਖੇ ਗਏ ਸੇਲਮੈਨਾਂ ਦੇ ਰਾਹੀਂ ਡੀਲਰਾਂ ਨੂੰ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਹਨ |

ਜੇਕਰ ਕੋਈ ਡੀਲਰ ਕਿਸੇ ਖ਼ਾਸ ਦਵਾਈ ਦੀਆਂ ਦੋ ਪੇਟੀਆਂ ਵੇਚਦਾ ਹੈ ਤਾਂ ਉਸ ਨੂੰ ਮਾਈਕੋ੍ਰਵੇਵ ਦਿੱਤਾ ਜਾਂਦਾ ਹੈ ਅਤੇ ਜੇਕਰ 20 ਪੇਟੀਆਂ ਵੇਚਦਾ ਹੈ ਤਾਂ ਉਸ ਨੂੰ ਸਿੰਘਾਪੁਰ/ਥਾਈਲੈਂਡ ਦੇ ਟੂਰ ‘ਤੇ ਵੀ ਲਿਜਾਇਆ ਜਾਂਦਾ ਹੈ | ਕਿਸਾਨਾਂ ਅੰਦਰ ਜਾਗਰੂਕਤਾ ਦੀ ਘਾਟ ਕਾਰਨ ਕਈ ਵਾਰ ਤਾਂ ਕੋਈ ਦਵਾਈ ਦੀ ਲੋੜ ਦੇ ਬਿਨਾਂ ਹੀ ਸਪਰੇਅ ਵੀ ਕਰਵਾ ਦਿੱਤੀ ਜਾਂਦੀ ਹੈ ਤੇ ਹਜ਼ਾਰਾਂ ਟਨ ਦਵਾਈਆਂ ਦੀ ਖਪਤ ਹੁੰਦੀ ਹੈ | ਖੇਤੀਬਾੜੀ ਵਿਭਾਗ ਇਸ ਰੁਝਾਨ ਨੂੰ ਰੋਕਣ ਤੋਂ ਅਸਮਰਥ ਦਿਖਾਈ ਦਿੰਦਾ ਹੈ | ਜਾਗਰੂਕਤਾ ਪੈਦਾ ਕਰਨ ਲਈ ਖੇਤੀ ਵਿਕਾਸ ਅਫ਼ਸਰਾਂ ਦੀ ਵਿਭਾਗ ਵਿਚ ਵੱਡੀ ਘਾਟ ਹੈ |

ਜਾਣਕਾਰੀ ਅਨੁਸਾਰ ਵਿਭਾਗ ‘ਚ ਪੰਜਾਬ ਅੰਦਰ 934 ਖੇਤੀ ਵਿਕਾਸ ਅਫ਼ਸਰਾਂ ਦੀਆਂ ਅਸਾਮੀਆਂ ਹਨ, ਜਿਨ੍ਹਾਂ ਵਿਚੋਂ ਕਰੀਬ 630 ਅਸਾਮੀਆਂ ਖ਼ਾਲੀ ਹਨ | ਇਸ ਦੇ ਚੱਲਦਿਆਂ ਹੀ ਵਿਭਾਗ ਨੇ ਕਿਸਾਨਾਂ ਨੂੰ ਸਮੇਂ ਸਮੇਂ ‘ਤੇ ਵੱਖ ਵੱਖ ਜਾਣਕਾਰੀਆਂ ਦੇਣ ਲਈ ਵੱਟਸਐਪ ਗਰੁੱਪ ਬਣਾਏ ਹਨ | ਪਰ ਇਕ ਗਰੁੱਪ ਵਿਚ ਸਿਰਫ 256 ਮੇਂਬਰ ਹੀ ਜੁੜ ਸਕਦੇ ਹਨ ਨਾਲ ਹੀ ਬਹੁਤ ਸਾਰੇ ਕਿਸਾਨ ਇਸ ਦੀ ਵਰਤੋਂ ਹੀ ਨਹੀਂ ਕਰਦੇ |

ਇਸ ਸਬੰਧੀ ਜਦੋਂ ਖੇਤੀ ਮਾਹਿਰ ਡਾ: ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਕਈ ਵਾਰ ਕਿਸਾਨ ਲੋੜ ਨਾ ਹੋਣ ‘ਤੇ ਵੀ ਖੇਤੀ ਮਾਹਿਰਾਂ ਦੀ ਸਲਾਹ ਦੇ ਬਿਨਾਂ ਹੀ ਫ਼ਸਲ ‘ਤੇ ਦਵਾਈਆਂ ਦੀ ਸਪਰੇਅ ਕਰ ਦਿੰਦੇ ਹਨ | ਜਿਸ ਕਾਰਨ ਕਈ ਹੋਰ ਬਿਮਾਰੀਆਂ ਵੀ ਜਨਮ ਲੈਂਦੀਆਂ ਹਨ ਅਤੇ ਆਖ਼ਿਰ ਫ਼ਸਲ ਦਾ ਵੀ ਨੁਕਸਾਨ ਹੁੰਦਾ ਹੈ | ਸਰਕਾਰ ਨੂੰ  ਕਿਸਾਨਾਂ ਵੱਲੋਂ ਬੇਲੋੜੀਆਂ ਨਦੀਨ, ਕੀਟਨਾਸ਼ਕ ਤੇ ਉੱਲੀ ਨਾਸ਼ਕ ਦਵਾਈਆਂ ਦੀ ਵਰਤੋਂ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਪੁੱਟਣੇ ਚਾਹੀਦੇ ਹਨ |