ਜਿਹੜੇ ਅੱਜ ਕੱਲ੍ਹ ਮੁੰਡੇ ਖੇਤੀ ਕਰਨ ਤੋਂ ਭੱਜਦੇ ਹਨ ਉਹ ਗੁਰਪ੍ਰੀਤ ਕੌਰ ਦੀ ਕਹਾਣੀ ਜਰੂਰ ਪੜ੍ਹਨ

ਅੱਜ ਕੱਲ੍ਹ ਦੇਖਿਆ ਗਿਆ ਹੈ ਕੇ ਨੌਜਵਾਨ ਖੇਤੀ ਕਰਨ ਨੂੰ ਮਾੜਾ ਧੰਦਾ ਸੰਜਦੇ ਹਨ ਤੇ ਆਪਣੇ ਸਰੀਰ ਉੱਤੇ ਮਿੱਟੀ ਵੀ ਨਹੀਂ ਲੱਗਣ ਦਿੰਦੇ । ਅਜਿਹੇ ਲੋਕਾਂ ਵਾਸਤੇ ਗੁਰਪ੍ਰੀਤ ਕੌਰ ਦੀ ਕਹਾਣੀ ਕਿਸੇ ਪ੍ਰੇਰਨਾ ਤੋਂ ਘੱਟ ਨਹੀਂ

ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਦੋਦਾ ਦੀ ਧੀ ਗੁਰਪ੍ਰੀਤ ਕੌਰ ਨੇ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਭਾਰਤ ਸਰਕਾਰ ਦਾ ਕ੍ਰਿਸ਼ੀ ਕਰਮਨ ਅਵਾਰਡ ਜਿੱਤ ਕੇ ਸੂਬੇ ਦਾ ਨਾਂਅ ਰੌਸਨ ਕੀਤਾ ਹੈ ਉਥੇ ਹੀ ਇਹ ਧੀ ਹੋਰਣਾਂ ਲੜਕੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣ ਕੇ ਉਭਰੀ ਹੈ।

ਗੁਰਪ੍ਰੀਤ ਕੌਰ, ਪਿਤਾ ਬਲਜੀਤ ਸਿੰਘ ਦੀ ਬੇਟੀ ਹੈ। ਉਸਦੇ ਇੱਕ ਛੋਟਾ ਭਰਾ ਅਤੇ ਭੈਣ ਵੀ ਹੈ।ਪਿਤਾ ਦੀ ਬਿਮਾਰੀ ਕਾਰਨ ਉਸਨੂੰ ਆਪਣੀ ਬੀ.ਏ ਦੀ ਪੜਾਈ ਵਿਚਾਲੇ ਛੱਡ ਕੇ ਖੇਤੀ ਸੰਭਾਲਣੀ ਪਈ ਸੀ। ਹੁਣ ਉਹ ਆਪਣੀ ਜਮੀਨ ਦੇ ਨਾਲ ਨਾਲ ਠੇਕੇ ਤੇ ਪੈਲੀ ਲੈ ਕੇ ਵੀ ਆਪ ਖੇਤੀ ਕਰਦੀ ਹੈ।

ਟਰੈਕਟਰ ਚਲਾਉਣ ਸਮੇਤ ਉਹ ਸਾਰੇ ਖੇਤੀ ਕਾਰਜ ਆਪ ਕਰਦੀ ਹੈ।ਗੁਰਪ੍ਰੀਤ ਕੌਰ ਆਖਦੀ ਹੈ ਕਿ ਉਸਨੂੰ ਕਦੇ ਵੀ ਅਜਿਹਾ ਨਹੀਂ ਲਗਿਆ ਕਿ ਖੇਤੀ ਬੰਦਿਆ ਦਾ ਕੰਮ ਹੈ, ਸਗੋਂ ਉਹ ਸਾਰੇ ਖੇਤੀ ਦੇ ਕੰਮ ਖੁਦ ਕਰਦੀ ਹੈ ਅਤੇ ਤੂੜੀ ਵਾਲੀ ਕੰਬਾਇਨ ਵੀ ਉਹ ਆਪ ਚਲਾਉਦੀ ਹੈ।

ਗੁਰਪ੍ਰੀਤ ਕੌਰ ਨੇ ਆਪਣੀ ਖੇਤੀ ਨੂੰ ਵਿਗਿਆਨਕ ਲੀਹਾਂ ਤੇ ਕੀਤਾ ਹੈ।ਉਹ ਇਸ ਸਬੰਧੀ ਲਗਾਤਾਰ ਖੇਤੀਬਾੜੀ ਵਿਭਾਗ ਦੇ ਸੰਪਰਕ ਵਿਚ ਰਹਿੰਦੀ ਹੈ। ਜਿਥੋਂ ਉਸਨੂੰ ਨਵੀਆਂ ਖੇਤੀ ਤਕਨੀਕਾਂ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ।

ਗੁਰਪ੍ਰੀਤ ਕੌਰ ਰਵਾਇਤੀ ਫਸਲਾਂ ਦੇ ਨਾਲ ਨਾਲ ਸਬਜ਼ੀਆ ਦੀ ਉਗਾਉਂਦੀ ਹੈ ਅਤੇ ਸਬਜੀਆਂ ਦਾ ਮੰਡੀਕਰਨ ਵੀ ਖੁਦ ਕਰਦੀ ਹੈ। ਇਸ ਤੋਂ ਬਿਨਾਂ ਉਸਨੇ ਦੁਧਾਂਰੂ ਪਸ਼ੂ ਵੀ ਰੱਖੇ ਹਨ। ਉਹ ਇਕ ਛੋਟੇ ਵਾਹਨ ਰਾਹੀਂ ਪਿੰਡ ਪਿੰਡ ਜਾ ਕੇ ਸਬਜੀਆਂ ਦਾ ਮੰਡੀਕਰਨ ਕਰਦੀ ਹੈ।

ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਜ਼ਿਲੇ ਦੀ ਇਸ ਧੀ ਨੂੰ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੰਦਿਆ ਕਿਹਾ ਕਿ ਗੁਰਪ੍ਰੀਤ ਕੌਰ ਨੇ ਸਿੱਧ ਕਰ ਦਿੱਤਾ ਹੈ ਕਿ ਲੜਕੀਆਂ ਵੀ ਕਿਸੇ ਤਰਾ ਨਾਲ ਲੜਕਿਆ ਤੋਂ ਘੱਟ ਨਹੀਂ ਹਨ। ਉਨਾ ਕਿਹਾ ਕਿ ਗੁਰਪ੍ਰੀਤ ਕੌਰ ਨੇ ਨਾ ਕੇਵਲ ਆਪਣੇ ਮਾਪਿਆ ਦਾ ਨਾਂਅ ਰੌਸਨ ਕੀਤਾ ਹੈ ਸਗੋਂ ਉਸਨੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਸਮੇਤ ਪੂਰੇ ਪੰਜਾਬ ਦਾ ਨਾਂਅ ਚਮਕਾਇਆ ਹੈ।