ਜਾਣੋ ਕਿਓਂ ਖੂਹੀ ਵਿੱਚ ਉਤਰ ਕੇ ਮੋਟਰ ਠੀਕ ਕਰਨਾ ਹੋ ਸਕਦਾ ਹੈ ਜਾਨਲੇਵਾ

ਬਰਸਾਤ ਦੇ ਦਿਨਾਂ ਵਿੱਚ ਜੇਕਰ ਮੋਟਰ ਖਰਾਬ ਹੋ ਜਾਵੇ ਤਾਂ ਇਸ ਨੂੰ ਖੂਹੀ ਵਿੱਚ ਉਤਰ ਕੇ ਠੀਕ ਕਰਨਾ ਜਾਨਲੇਵਾ ਹੋ ਸਕਦਾ ਹੈ। ਬਾਰਿਸ਼ਾਂ ਦੇ ਮੌਸਮ ਵਿੱਚ ਖੇਤਾਂ ਵਿੱਚ ਖੜੇ ਪਾਣੀ ਕਾਰਨ ਧਰਤੀ ਹੇਠਾਂ ਕਾਰਬਨ-ਡਾਈਔਕਸਾਈਡ ਅਤੇ ਨਾਈਟ੍ਰੋਜਨ ਦੀ ਮਾਤਰਾ ਬਹੁਤ ਵੱਧ ਜਾਂਦੀ ਹੈ।

ਇਸ ਦੇ ਨਾਲ -ਨਾਲ ਖੂਹੀ ਦੀ ਡੂੰਘਾਈ ਵਧਣ ਨਾਲ ਆਕਸੀਜਨ ਦੀ ਮਾਤਰਾ ਘਟਦੀ ਜਾਂਦੀ ਹੈ। ਅਜਿਹੇ ਹਾਲਾਤ ਵਿੱਚ ਜੇਕਰ ਕਿਸੇ ਕਿਸਾਨ ਜਾਂ ਖੇਤ ਮਜ਼ਦੂਰ ਨੂੰ ਪੰਪ ਦੀ ਮੁਰੰਮਤ ਕਰਨ ਲਈ ਖੂਹੀ ਵਿੱਚ ਉਤਰਨਾ ਪੈਂਦਾ ਹੈ ਤਾਂ ਜ਼ਹਿਰੀਲੀਆਂ ਗੈਸਾਂ ਦੀ ਹੋਂਦ ਹੋਣ ਕਰਕੇ ਉਸ ’ਤੇ ਬੇਹੋਸ਼ੀ ਛਾਉਣ ਲੱਗ ਪੈਂਦੀ ਹੈ।

ਜੇਕਰ ਇਹ ਗੈਸਾਂ ਬਹੁਤੀ ਮਾਤਰਾ ਵਿੱਚ ਮਨੁੱਖ ਅੰਦਰ ਚਲੀਆਂ ਜਾਣ ਤਾਂ ਉਸ ਦੀ ਮੌਤ ਵੀ ਹੋ ਸਕਦੀ ਹੈ। ਅਸੀ ਅਕਸਰ ਅਜਿਹੀਆਂ ਮੰਦਭਾਗੀਆਂ ਘਟਨਾਵਾ ਬਾਰੇ ਪੜ੍ਹਦੇ-ਸੁਣਦੇ ਰਹਿੰਦੇ ਹਾਂ। ਸਿਆਣਿਆਂ ਨੇ ਕਿਹਾ ਹੈ ਕਿ ‘ਇਲਾਜ ਨਾਲੋ ਪਰਹੇਜ਼ ਚੰਗਾ’, ਇਸ ਲਈ ਜੇ ਕਿਸਾਨ ਜਾਂ ਖੇਤੀ ਮਜ਼ਦੂਰ ਖੂਹੀਆਂ ਵਿੱਚ ਉਤਰਨ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣ ਤਾਂ ਅਜਿਹੀਆਂ ਘਟਨਾਵਾਂ ਤੋ ਬਚਿਆ ਜਾ ਸਕਦਾ ਹੈ।

ਜ਼ਹਿਰੀਲੀਆਂ ਗੈਸਾਂ ਦੀ ਪਛਾਣ: ਖੂਹੀਆਂ ਵਿੱਚ ਜ਼ਹਿਰੀਲੀਆਂ ਗੈਸਾਂ ਦੀ ਹੋਂਦ ਦਾ ਪਤਾ ਲਾਲਟੈਣ ਰਾਹੀਂ ਲਗਾਇਆ ਜਾ ਸਕਦਾ ਹੈ। ਲਾਲਟੈਣ ਨੂੰ ਜਗਾ ਕੇ ਖੂਹੀ ਵਿੱਚ ਹੇਠਾਂ ਤੱਕ ਲਟਕਾਉ। ਜੇਕਰ ਲਾਟ ਕੁਝ ਮਿੰਟਾਂ ਵਿੱਚ ਬੁਝ ਜਾਂਦੀ ਹੈ ਤਾਂ ਇਸ ਦਾ ਮਤਲਬ ਖੂਹੀ ਵਿੱਚ ਕਾਰਬਨ-ਡਾਈਔਕਸਾਈਡ ਅਤੇ ਨਾਈਟ੍ਰੋਜਨ ਦੀ ਮਾਤਰਾ ਵਧੇਰੇ ਹੈ ਜਾਂ ਆਕਸੀਜਨ ਦੀ ਮਾਤਰਾ ਘੱਟ ਹੈ ਕਿਉਕਿ ਆਕਸੀਜਨ ਦੀ ਅਣਹੋਦ ਉਸ ਨੂੰ ਬੂਝਾ ਦਿੰਦੀ ਹੈ।

ਗੈਸਾਂ ਨੂੰ ਬਾਹਰ ਕੱਢਣਾ: ਖੂਹੀਆਂ ਵਿੱਚਲੀਆਂ ਜ਼ਹਿਰੀਲੀਆਂ ਗੈਸਾਂ ਨੂੰ ਬਾਹਰ ਕੱਢਣ ਦੇ ਕੁਝ ਨੁਕਤੇ ਇਥੇ ਸਾਂਝੇ ਕੀਤੇ ਜਾ ਰਹੇ ਹਨ। ਆਪਣੀ ਸਹੂਲਤ ਅਨੁਸਾਰ ਕਿਸਾਨ ਕਿਸੇ ਇੱਕ ਤਰੀਕੇ ਦੀ ਚੋਣ ਕਰਕੇ ਇਨ੍ਹ਼ਾਂ ਗੈਸਾਂ ਤੋਂ ਛੁਟਕਾਰਾ ਪਾ ਸਕਦੇ ਹਾਂ।

-ਗੈਸਾਂ ਨੂੰ ਬਾਹਰ ਕੱਢਣ ਲਈ ਹਵਾ ਵਾਲੇ ਬਲੋਅਰ ਦੀ ਵਰਤੋ ਬੜੀ ਕਾਰਗਰ ਸਿੱਧ ਹੁੰਦੀ ਹੈ। ਬਲੋਅਰ ਨੂੰ ਖੂਹੀ ਉੱਤੇ ਰੱਖ ਕੇ ਇਸ ਨਾਲ ਪਾਈਪ ਜੋੜੀ ਜਾਂਦੀ ਹੈ, ਜਿਸ ਨੂੰ ਖੂਹੀ ਵਿੱਚ ਉਤਾਰ ਦਿੱਤਾ ਜਾਂਦਾ ਹੈ। ਬਲੋਅਰ ਨੂੰ ਚਲਾਉਣ ’ਤੇ ਜ਼ਹਿਰੀਲੀਆਂ ਗੈਸਾਂ ਬਾਹਰ ਖਿੱਚੀਆਂ ਜਾਦੀਆਂ ਹਨ ਅਤੇ ਇਨ੍ਹਾਂ ਦੀ ਜਗ੍ਹਾ ਤਾਜ਼ੀ ਹਵਾ ਲੈ ਲੈਂਦੀ ਹੈ। 18 ਮੀਟਰ ਡੂੰਘੀ ਖੂਹੀ ਵਿੱਚੋਂ ਗੈਸਾਂ ਬਾਹਰ ਕੱਢਣ ਲਈ ਤਕਰੀਬਨ 10-20 ਮਿੰਟ ਲਗਦੇ ਹਨ।

-ਹਵਾ ਵਾਲੇ ਪੱਖੇ (ਟੇਬਲ ਫੈਨ) ਨੂੰ ਖੂਹੀ ਵਿੱਚ ੳੋਤਾਰ ਕੇ ਵੀ ਇਨ੍ਹਾਂ ਗੈਸਾ ਨੂੰ ਬਾਹਰ ਕੱਢਿਆ ਜਾ ਸਕਦਾ ਹੈ। 9 ਮੀਟਰ ਡੂੰਘੀ ਖੂਹੀ ਵਿੱਚੋਂ ਪੱਖੇ ਨਾਲ ਗੈਸਾਂ ਬਾਹਰ ਕੱਢਣ ਲਈ ਤਕਰੀਬਨ 30 ਮਿੰਟ ਲੱਗਦੇ ਹਨ।

-ਘੱਟ ਡੂਘੀਆਂ ਖੂਹੀਆਂ ਵਿੱਚੋਂ ਗੈਸਾਂ ਨੂੰ ਬਾਹਰ ਕੱਢਣ ਲਈ ਛਤਰੀ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ। ਛਤਰੀ ਨੂੰ ਖੋਲ੍ਹ ਕੇ ਪੁੱਠੀ ਕਰਕੇ ਹੇਠਾਂ ਤੱਕ ਲਟਕਾਉ ਅਤੇ ਫਿਰ ਉੱਪਰ ਖਿੱਚ ਲਵੋ। ਜ਼ਹਿਰੀਲੀਆਂ ਗੈਸਾਂ ਨਾਲ ਭਰੀ ਛਤਰੀ ਨੂੰ ਬਾਹਰ ਖਾਲੀ ਕਰ ਦਿਉ। ਇਹ ਪ੍ਰਕਿਰਿਆ ਲਗਭਗ ਇੱਕ ਘੰਟਾ ਕਰਦੇ ਰਹੋ।

-ਬੈਲਟ ਨਾਲ ਚੱਲਣ ਵਾਲੇ ਪੰਪਾਂ ਨੂੰ ਕੁਝ ਦੇਰ ਤੱਕ ਖਾਲੀ ਚਲਾਉਣ ਨਾਲ ਗੈਸਾਂ ਬਾਹਰ ਨਿਕਲ ਜਾਦੀਆਂ ਹਨ। ਅੰਦਾਜ਼ਨ 6 ਮੀਟਰ ਡੂੰਘੀਆਂ ਖੂਹੀਆਂ 10 ਮਿੰਟ ਅਤੇ 12 ਮੀਟਰ ਡੂੰਘੀਆਂ ਅੱਧੇ ਘੰਟੇ ਵਿੱਚ ਜ਼ਹਿਰੀਲੀਆਂ ਗੈਸਾਂ ਤੋਂ ਮੁਕਤ ਹੋ ਜਾਦੀਆਂ ਹਨ।

-ਖੂਹੀਆਂ ਵਿੱਚੋਂ ਗੈਸਾਂ ਨੂੰ ਬਾਹਰ ਕੱਢਣ ਲਈ ਚੂਨੇ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਕਿਉਂਕਿ ਚੂਨਾ ਕਾਰਬਨ-ਡਾਈਔਕਸਾਈਡ ਗੈਸ ਦੇ ਪ੍ਰਭਾਵ ਨੂੰ ਖਤਮ ਕਰ ਦਿੰਦਾ ਹੈ।ਇੱਕ ਕਿਲੋ ਚੂਨਾ ਪ੍ਰਤੀ ਮੀਟਰ ਖੂਹ ਦੀ ਡੂੰਘਾਈ ਦੇ ਹਿਸਾਬ ਨਾਲ ਪਾਉਣਾ ਚਾਹੀਦਾ ਹੈ। ਜੇ ਸੰਭਵ ਹੋ ਸਕੇ ਤਾਂ ਖੂਹੀਆਂ ਨੂੰ ਅੰਦਰੋਂ ਪਲਸਤਰ ਕਰਵਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਖੂਹੀਆਂ ਅੰਦਰ ਗੈਸਾਂ ਦਾ ਇਕੱਠ ਘੱਟ ਹੁੰਦਾ ਹੈ। ਇਨ੍ਹਾਂ ਵਿੱਚੋਂ ਕੋਈ ਤਰੀਕਾ ਅਪਨਾਉਣ ਤੋਂ ਬਾਅਦ ਲਾਲਟੈਣ ਟੈਸਟ ਕਰ ਲੈਣਾ ਚਾਹੀਦਾ ਹੈ।

-ਚੰਗਾ ਹੋਵੇ ਜੇ ਇੱਕ ਵਿਅਕਤੀ ਖੂਹੀ ਵਿੱਚ ਉਤਰੇ ਅਤੇ ਦੂਜਾ ਉੱਪਰ ਖੜਾ ਰਹੇ ਤਾਂ ਜੋ ਲੋੜ ਪੈਣ ’ਤੇ ਉਸ ਦੀ ਮਦਦ ਕੀਤੀ ਜਾ ਸਕੇ। ਖੂਹੀ ਦੇ ਬਾਹਰ ਖੜੇ ਵਿਅਕਤੀ ਕੋਲ ਪਾਣੀ ਦੀ ਬਾਲਟੀ ਜਾਂ ਟੱਬ ਹੋਣਾ ਚਾਹੀਦਾ ਹੈ ਤਾਂ ਕਿ ਖੂਹੀ ਵਿੱਚ ਉਤਰੇ ਵਿਅਕਤੀ ਨੂੰ ਬੇਹੋਸ਼ੀ ਮਹਿਸੂਸ ਹੋਣ ਲੱਗੇ ਤਾਂ ਪਾਣੀ ਦਾ ਛਿੱਟਾ ਦੇ ਕੇ ਉਸ ਦੀ ਬੇਹੋਸ਼ੀ ਨੂੰ ਤੋੜਿਆ ਅਤੇ ਸੁਰਖ਼ਿਅਤ ਬਾਹਰ ਕੱਢਿਆ ਜਾ ਸਕੇ।