ਪੰਜਾਬ ਦੇ ਇਸ ਕਿਸਾਨ ਨੇ ਵੀ ਸ਼ੁਰੂ ਕੀਤੀ 1 ਲੱਖ ਰੁ ਕਿੱਲੋ ਵਿਕਣ ਵਾਲੇ ਕੇਸਰ ਦੀ ਖੇਤੀ

ਹੁਣ ਮਾਲਵਾ ਖੇਤਰ ਦੇ ਕਿਸਾਨ ਜੰਮੂ ਕਸ਼ਮੀਰ ਦੇ ਠੰਢੇ ਇਲਾਕੇ ਵਿੱਚ ਹੋਣ ਵਾਲੀ ਮਹਿੰਗੇ ਮੁੱਲ ਦੀ ਕੇਸਰ ਖੇਤੀ ਕਰਨ ਵੱਲ ਮੂੰਹ ਮੋੜਨ ਦੀ ਸੋਚ ਰਹੇ ਹਨ ਅਤੇ ਇਸ ਦੀ ਪਹਿਲ ਕਦਮੀ ਕਰਦਿਆਂ ਧਨੌਲਾ ਮੰਡੀ ਨੇੜਲੇ ਪਿੰਡ ਕਾਲੇਕੇ (ਬਰਨਾਲਾ) ਵਾਸੀ ਕਿਸਾਨ ਜਗਸੀਰ ਸਿੰਘ ਪੁੱਤਰ ਬਲਦੇਵ ਸਿੰਘ ਨੇ ਤਜਰਬੇ ਦੇ ਤੌਰ ‘ਤੇ ਇਕ ਏਕੜ ਵਿਚ ਕੇਸਰ ਦੀ ਇਸ ਛਿਮਾਹੀ ਫਸਲ ਦੀ ਬਿਜਾਈ ਕੀਤੀ ਹੈ।

ਅਕਤੂਬਰ 2017 ‘ਚ ਬੀਜੀ ਗਈ ਕੇਸਰ ਦੀ ਫਸਲ ਦੀ ਅਪਰੈਲ ਮਹੀਨੇ ਕਟਾਈ ਹੋਣੀ ਹੈ ਤੇ ਉਸ ਨੂੰ ਇਸ ਦਾ ਚੰਗਾ ਝਾੜ ਹੋਣ ਦੀ ਸੰਭਾਵਨਾ ਹੈ। ਜਗਸੀਰ ਸਿੰਘ ਨੇ ਦੱਸਿਆ ਕਿ ਉਸ ਕੋਲ ਘੱਟ ਜ਼ਮੀਨ (ਚਾਰ ਏਕੜ) ਹੋਣ ਕਰ ਕੇ ਪੂਰੀ ਮਿਹਨਤ ਕਰਨ ‘ਤੇ ਵੀ ਕੁਝ ਪੱਲੇ ਨਹੀਂ ਸੀ ਪੈਂਦਾ। ਉਸ ਨੇ ਪਿਛਲੇ ਸਾਲ ਇੱਕ ਖੇਤੀ ਮੇਲੇ ਦੌਰਾਨ ਕੇਸਰ ਦੀ ਖੇਤੀ ਦੇ ਮਾਹਿਰਾਂ ਦੇ ਵਿਚਾਰ ਸੁਣਦਿਆਂ ਇੱਕ ਏਕੜ ਜ਼ਮੀਨ ਲਈ ਇੱਕ ਕਿੱਲੋ ਅਮਰੀਕਨ ਕੇਸਰ ਬੀਜ ਖਰੀਦਿਆ। ਬੀਜ ਦੀ ਕੀਮਤ ਇਕ ਲੱਖ ਰੁਪਏ ਸੀ।

ਬੀਜ, ਮਜ਼ਦੂਰੀ ਅਤੇ ਹੋਰ ਫੁਟਕਲ ਖਰਚ ਮਿਲਾ ਕੇ ਉਸ ਦੇ ਤਕਰੀਬਨ ਸਵਾ ਲੱਖ ਰੁਪਏ ਖਰਚ ਹੋਏ ਹਨ। ਇੱਕ ਵਾਰ ਸੁੰਡੀ ਤੇ ਤੇਲੇ ਦਾ ਹਮਲਾ ਹੋਇਆ ਸੀ ਜਿਸ ਨੂੰ ਜੈਵਿਕ ਖੇਤੀ ਵਿਧੀ ਅਨੁਸਾਰ ਗੁੜ-ਲੱਸੀ ਤੋਂ ਆਪਣੀ ਖੁਦ ਤਿਆਰ ਕੀਤੀ ਦੇਸੀ ਸਪਰੇਅ ਦਾ ਛਿੜਕਾਓ ਕਰ ਕੇ ਕਾਬੂ ਕਰ ਲਿਆ। ਤਕਰੀਬਨ ਸਾਡੇ ਪੰਜ ਫੁੱਟ ਕੱਦ ਦੀ ਇਸ ਫਸਲ ਉਪਰ ਫਰਵਰੀ ਮਹੀਨੇ ਦੇ ਅੱਧ ‘ਚ ਡੋਡੀਆਂ ਬਨਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਮਾਰਚ ਮਹੀਨੇ ਦੌਰਾਨ ਫੁੱਲ ਤੇ ਬੀਜ ਬਣ ਗਏ। ਅਪਰੈਲ ਮਹੀਨੇ ‘ਚ ਇਸ ਦੀ ਕਟਾਈ ਹੋਣੀ ਹੈ।

ਕੇਸਰ ਦੀ ਫਸਲ ਦੇ ਝਾੜ ਤੇ ਆਮਦਨ ਦੀ ਗੱਲ ਕਰਦਿਆਂ ਜਗਸੀਰ ਸਿੰਘ ਨੇ ਕਿਹਾ ਕਿ ਕਪਾਹ ਨਰਮੇ ਦੀ ਚੁਗਾਈ ਵਾਂਗ ਇਸ ਤੋਂ ਫੁੱਲਾਂ ਦੀ ਤੁੜਾਈ ਤਿੰਨ ਪੜਾਵਾਂ ਵਿੱਚ ਕੀਤੀ ਜਾਣੀ ਹੈ, ਜੋ ਬਹੁਤ ਸਾਵਧਾਨੀ ਨਾਲ ਕੀਤੀ ਜਾਵੇਗੀ। 15 ਕਿਲੋ ਤੋਂ ਵੱਧ ਬੀਜ ਨਿਕਲਣ ਦੀ ਉਮੀਦ ਹੈ ਤੇ ਇਸ ਦੇ ਬੀਜ ਰਹਿਤ ਫੁੱਲ-ਪੱਤੀਆਂ ਤੇ ਜੜ੍ਹ ਤੋਂ ਦੇਸੀ ਦਵਾਈਆਂ ਤਿਆਰ ਹੁੰਦੀਆਂ ਹਨ ਜੋ ਸ਼ੁੱਧ (ਬਿਨਾਂ ਰਸਾਇਣਕ ਤੱਤ) ਹੋਣ ‘ਤੇ ਆਯੁਰਵੈਦਿਕ ਦਵਾਈਆਂ ਤਿਆਰ ਕਰਨ ਵਾਲੀਆਂ ਕੰਪਨੀਆਂ ਵਲੋਂ ਖਰੀਦ ਲਈਆਂ ਜਾਂਦੀਆਂ ਹਨ। ਇਸ ਦੀ ਸ਼ੁੱਧਤਾ ਦੀ ਪਰਖ ਪੁਣੇ (ਮਹਾਰਾਸ਼ਟ) ਦੀ ਵਿਸ਼ੇਸ ਪ੍ਰਯੋਗਸ਼ਾਲਾ ਤੋਂ ਕਰਵਾਈ ਜਾਵੇਗੀ।

ਕੇਸਰ ਦੀ ਖੇਤੀ ‘ਚ ਵੱਧ ਮੁਨਾਫਾ ਹੁੰਦਾ ਦੇਖਦਿਆਂ ਜਗਸੀਰ ਸਿੰਘ ਨੇ ਅੱਗੇ ਤੋਂ ਆਪਣੇ ਚਾਰ ਕਿੱਲਿਆਂ ਦੇ ਪੂਰੇ ਰਕਬੇ ਵਿੱਚ ਕੇਸਰ ਵਿੱਚ ਕੇਸਰ ਦੀ ਖੇਤੀ ਕਰਨ ਦੀ ਗੱਲ ਕਹੀ ਹੈ। ਉਹ ਕੁਝ ਜ਼ਮੀਨ ਠੇਕੇ ‘ਤੇ ਲੈ ਕੇ ਵੀ ਕੇਸਰ ਦੀ ਬਿਜਾਈ ਕਰਨਾ ਚਾਹੁੰਦਾ ਹੈ। ਜਗਸੀਰ ਮੁਤਾਬਕ, ਉਸ ਦੀ ਸਫਲਤਾ ਨੂੰ ਦੇਖਦਿਆਂ ਕਈ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਅਜਿਹੀ ਖੇਤੀ ਕਰਨ ਦੀ ਇੱਛਾ ਨਾਲ ਉਸ ਤੋਂ ਕੇਸਰ ਬੀਜ ਲੈਣ ਲਈ ਪੇਸ਼ਗੀ ਅਮਾਨਤੀ ਪੈਸੇ ਜਮ੍ਹਾਂ ਕਰਵਾ ਦਿੱਤੇ ਹਨ। ਇਸ ਤੋਂ ਇਲਾਵਾ ਕਣਕ, ਨਰਮੇ ਤੇ ਝੋਨੇ ਦੀ ਜੈਵਿਕ ਖੇਤੀ ਕਰ ਰਹੇ ਭੀਖੀ (ਮਾਨਸਾ) ਨੇੜਲੇ ਪਿੰਡ ਸਮਾਓਂ ਕੁਝ ਕਿਸਾਨ ਵੀ ਇਸ ਵਾਰ ਅਮਰੀਕੀ ਕੇਸਰ ਦੀ ਖੇਤੀ ਕਰਨ ਦੇ ਚਾਹਵਾਨ ਹਨ ਜਿਨ੍ਹਾਂ ਉਸ ਪਾਸੋਂ ਕੇਸਰ ਬੀਜ ਦੀ ਮੰਗ ਕੀਤੀ ਹੈ।