ਜਾਣੋ ਇਸ ਵਾਰ ਪੰਜਾਬ ਦੇ ਕਿਸਾਨਾਂ ਨੇ ਝੋਨੇ ਦੀ ਕਿਸ ਕਿਸਮ ਤੇ ਕੀਤਾ ਭਰੋਸਾ

ਝੋਨੇ ਸਬੰਧੀ ਘੋਖ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਪੰਜਾਬ ਦੇ ਬਹੁ-ਗਿਣਤੀ ਕਿਸਾਨਾਂ ਦਾ ਰੁਝਾਨ ਗ਼ੈਰ-ਪ੍ਰਮਾਣਿਤ ਕਿਸਮਾਂ ਵੱਲੋਂ ਘਟਿਆ ਹੈ | ਇਥੋਂ ਤੱਕ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਮਾਣਿਤ ਕਿਸਮ ਪੀ. ਆਰ. 121 ਕਿਸਮ ਇਸ ਵਾਰ ਕਿਸਾਨਾਂ ਦੀ ਸਭ ਤੋਂ ਵੱਧ ਹਰਮਨ ਪਿਆਰੀ ਕਿਸਮ ਬਣ ਗਈ ਹੈ |

ਇਸ ਦੀ ਕਿਸਾਨਾਂ ਵੱਲੋਂ ਇਨ੍ਹੀਂ ਵੱਡੀ ਪੱਧਰ ‘ਤੇ ਲਵਾਈ ਕੀਤੀ ਗਈ ਹੈ ਕਿ ਪੰਜਾਬ ਅੰਦਰ ਝੋਨੇ (ਪਰਮਲ) ਦੇ ਕਰੀਬ 65 ਫ਼ੀਸਦੀ ਰਕਬੇ ‘ਚ ਇਸ ਦੀ ਕਿਸਮ ਦੀ ਲਵਾਈ ਹੋਣ ਦੀ ਸੰਭਾਵਨਾ ਹੈ |

ਖੇਤੀ ਮਾਹਿਰਾਂ ਅਨੁਸਾਰ ਪਿਛਲੇ ਸਾਲਾਂ ਦੌਰਾਨ ਇਸ ਕਿਸਮ ਦਾ ਝਾੜ ਹਰ ਹਾਲਤ ‘ਚ 30 ਤੋਂ 32 ਕੁਇੰਟਲ ਪ੍ਰਤੀ ਏਕੜ ਨਿਕਲਿਆ ਸੀ | ਇਸ ਦੇ ਨਾਲ ਹੀ ਇਸ ਕਿਸਮ ਦਾ ਝੋਨਾ ਹਵਾ ਨਾਲ ਜ਼ਮੀਨ ‘ਤੇ ਨਹੀਂ ਵਿਛਦਾ ਅਤੇ ਇਸ ਦਾ ਮੰਡੀਕਰਨ ਵੀ ਆਸਾਨੀ ਨਾਲ ਹੋ ਜਾਂਦਾ ਹੈ |

ਇਸ ਦੇ ਨਾਲ ਹੀ ਕੁਝ ਕਿਸਾਨਾਂ ਵੱਲੋਂ ਪ੍ਰਮਾਣਿਤ ਕਿਸਮ ਪੀ. ਆਰ. 13 (ਮੋਟਾ ਝੋਨਾ), ਪੂਸਾ 44 ਦੇ ਇਲਾਵਾ ਗੈਰ-ਪ੍ਰਮਾਣਿਤ ਕਿਸਮਾਂ ਐਚ. ਕੇ. ਆਰ. 127 ਅਤੇ 147, 212,ਦੇਵਗੌੜਾ ਅਤੇ ਸ਼ਰਬਤੀ ਸਮੇਤ ਕੁਝ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਗਈਆਂ ਕਿਸਮਾਂ ਦੀ ਵੀ ਥੋੜ੍ਹੀ ਬਹੁਤ ਲਵਾਈ ਕਰਨ ਲਈ ਪਨੀਰੀ ਬੀਜੀ ਹੈ |

ਇਸ ਦੇ ਨਾਲ ਹੀ ਨਵੀਂ ਪ੍ਰਮਾਣਿਤ ਕਿਸਮ ਪੀ. ਆਰ. 126 ‘ਤੇ ਕਿਸਾਨਾਂ ਨੇ ਇਸ ਵਾਰ ਭਰੋਸਾ ਨਹੀਂ ਕੀਤਾ | ਜੇਕਰ ਪਾਣੀ ਦੀ ਬੱਚਤ ਲਈ ਸ਼ੁਰੂ ਕੀਤੀ ਗਈ ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਕਰੀਏ ਤਾਂ ਇਸ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਇਸ ਵਾਰ ਪੰਜਾਬ ਦੇ ਕਿਸਾਨਾਂ ਨੇ ਇਸ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾਈ | ਇਸ ਕਾਰਨ ਸਬੰਧਿਤ ਖੇਤੀ ਅਧਿਕਾਰੀਆਂ ਨੂੰ ਵੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ |

ਦੂਜੇ ਪਾਸੇ ਝੋਨੇ ਦੀ ਲਵਾਈ ਲਈ ਆਉਣ ਵਾਲੇ ਦਿਨਾਂ ਦੌਰਾਨ ਕਿਸਾਨਾਂ ਨੂੰ ਮਜ਼ਦੂਰਾਂ ਦੀ ਵੱਡੀ ਘਾਟ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ਅੰਦਰ ਝੋਨੇ ਦੇ ਸੀਜ਼ਨ ਲਈ ਪ੍ਰਵਾਸੀ ਮਜ਼ਦੂਰ ਬਹੁਤ ਘੱਟ ਆਏ ਹਨ |