ਕਿਸਾਨ ਕਰਜ਼ਾ ਮਾਫੀ ਤੋਂ ਪਹਿਲਾਂ ਮਿਲਣਗੇ ਨੌਜਵਾਨਾਂ ਨੂੰ ਸਮਾਰਟ ਫੋਨ ਇਸ ਤਰਾਂ ਹੋਵੇਗੀ ਵੰਡ

ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਤੋਂ ਪਹਿਲਾਂ ਸਮਾਰਟ ਫੋਨ ਵੰਡੇਗੀ, ਜਿਸ ਲਈ ਨੌਜਵਾਨਾਂ ਨੂੰ ਨਵੇਂ ਸਿਰਿਓਂ ਫਾਰਮ ਭਰਨੇ ਪੈਣਗੇ। ਕਾਂਗਰਸ ਨੇ ਚੋਣ ਮਨਰੋਥ ਪੱਤਰ ਵਿੱਚ ਪੰਜਾਹ ਲੱਖ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਗਿਆ ਸੀ।

‘ਕੈਪਟਨ ਸਮਾਰਟ ਕੁਨੈਕਟ’ ਤਹਿਤ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਯੁਵਕ ਸੇਵਾਵਾਂ ਵਿਭਾਗ ਵੱਲੋਂ ਮੋਬਾਈਲ ਕੰਪਨੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ। ਮੁੱਖ ਸਕੱਤਰ (ਪੰਜਾਬ) ਵੱਲੋਂ ਸਮਾਰਟ ਫੋਨ ਦੇਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਤੇ ਹੁਣ ਇਹ ਕੇਸ ਪ੍ਰਵਾਨਗੀ ਲਈ ਮੁੱਖ ਮੰਤਰੀ ਕੋਲ ਭੇਜਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਸਮਾਰਟ ਫੋਨ ਦੇਣ ਵਾਸਤੇ ਨੌਜਵਾਨਾਂ ਤੋਂ ਨਵੇਂ ਸਿਰਿਓਂ ਦਰਖ਼ਾਸਤਾਂ ਲੈਣ ਦਾ ਫ਼ੈਸਲਾ ਕੀਤਾ ਹੈ। ਭਾਵ ਚੋਣਾਂ ਵੇਲੇ ਸਮਾਰਟ ਫੋਨਾਂ ਲਈ ਫਾਰਮ ਭਰਨ ਵਾਲੇ ਨੌਜਵਾਨਾਂ ਨੂੰ ਹੁਣ ਮੁੜ ਰਜਿਸਟਰੇਸ਼ਨ ਕਰਾਉਣੀ ਪਵੇਗੀ, ਜਿਸ ਲਈ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ।

ਚੋਣਾਂ ਦੌਰਾਨ ਕਰੀਬ 12.50 ਲੱਖ ਨੌਜਵਾਨਾਂ ਨੇ ਸਮਾਰਟ ਫੋਨ ਲੈਣ ਲਈ ਰਜਿਸਟਰੇਸ਼ਨ ਕਰਵਾਈ ਸੀ। ਪੰਜਾਬ ਦੇ 18 ਤੋਂ 35 ਸਾਲ ਦੇ ਨੌਜਵਾਨਾਂ, ਜੋ ਦਸਵੀਂ ਪਾਸ ਹੋਣਗੇ, ਨੂੰ ਸਮਾਰਟ ਫੋਨ ਦਿੱਤੇ ਜਾਣਗੇ। ‘ਹਰ ਘਰ ਨੂੰ ਇੱਕ ਨੌਕਰੀ’ ਦੇਣ ਦੀ ਯੋਜਨਾ ਏਨੀ ਤੇਜ਼ੀ ਨਾਲ ਨਹੀਂ ਚੱਲ ਰਹੀ, ਜਿੰਨੀ ਤੇਜ਼ੀ ਸਮਾਰਟ ਫੋਨ ਦੇਣ ਲਈ ਦਿਖਾਈ ਜਾ ਰਹੀ ਹੈ।

ਵੱਡਾ ਮਸਲਾ ਬਜਟ ਦਾ ਵੀ ਹੈ, ਜਿਸ ਕਰ ਕੇ ਸਰਕਾਰ ਕੁਝ ਸਮਾਂ ਪ੍ਰਕਿਰਿਆ ਵਿੱਚ ਵੀ ਲੰਘਾਉਣਾ ਚਾਹੁੰਦੀ ਹੈ। ਨਵੀਂ ਤਜਵੀਜ਼ ਤਹਿਤ ਸਭ ਤੋਂ ਪਹਿਲਾਂ ਨੀਲੇ ਕਾਰਡਾਂ ਵਾਲੇ ਪਰਿਵਾਰਾਂ ਦੇ ਨੌਜਵਾਨਾਂ ਨੂੰ ਸਮਾਰਟ ਫੋਨ ਦਿੱਤੇ ਜਾਣੇ ਹਨ ਅਤੇ ਉਸ ਮਗਰੋਂ ਮਾਲੀ ਤੌਰ ’ਤੇ ਥੋੜ੍ਹੀ ਬਿਹਤਰ ਹਾਲਤ ਵਾਲਿਆਂ ਨੂੰ ਫੋਨ ਦਿੱਤੇ ਜਾਣਗੇ। ਪੰਜਾਬ ਸਰਕਾਰ ਵੱਲੋਂ ਇਸ ਮਹੀਨੇ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਸਮਾਰਟ ਫੋਨਾਂ ਲਈ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।

ਯੁਵਕ ਸੇਵਾਵਾਂ ਵਿਭਾਗ (ਪੰਜਾਬ) ਦੇ ਪ੍ਰਮੁੱਖ ਸਕੱਤਰ ਐਸ.ਆਰ. ਲੱਧੜ ਨੇ ਕਿਹਾ ਕਿ ਸਮਾਰਟ ਫੋਨ ਦੇਣ ਸਬੰਧੀ ਪੂਰਾ ਕੇਸ ਤਿਆਰ ਕਰਕੇ ਮੁੱਖ ਮੰਤਰੀ ਕੋਲ ਪ੍ਰਵਾਨਗੀ ਲਈ ਭੇਜਿਆ ਗਿਆ ਹੈ ਅਤੇ ਬਜਟ ਵਿੱਚ ਫੋਨਾਂ ਲਈ ਪੈਸੇ ਦਾ ਪ੍ਰਬੰਧ ਕੀਤਾ ਜਾਣਾ ਹੈ। ਫੋਨਾਂ ਲਈ ਨਵੇਂ ਸਿਰਿਓਂ ਰਜਿਸਟਰੇਸ਼ਨ ਕੀਤੀ ਜਾਵੇਗੀ ਤਾਂ ਜੋ ਸਭ ਨੂੰ ਮੌਕਾ ਮਿਲ ਸਕੇ।