ਕਰਜ਼ਾ ਮੁਆਫੀ ਦੀ ਉਡੀਕ ‘ਚ ਬੈਠੇ ਕਿਸਾਨਾਂ ਲਈ ਚੰਗੀ ਖਬਰ

October 27, 2017

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮੁਤਾਬਕ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਦੀ ਕਵਾਇਦ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦਾ ਕਰਜ਼ਾ 3 ਕਿਸ਼ਤਾਂ ‘ਚ ਮੁਆਫ ਕੀਤਾ ਜਾਵੇਗਾ ਅਤੇ ਇਸ ਦੀ ਪਹਿਲੀ 3600 ਕਰੋੜ ਦੀ ਕਿਸ਼ਤ ਸਹਿਕਾਰੀ ਬੈਂਕਾਂ ਨੂੰ ਨਵੰਬਰ ਮਹੀਨੇ ਤੱਕ ਦੇ ਦਿੱਤੀ ਜਾਵੇਗੀ। ਖਜ਼ਾਨਾ ਮੰਤਰੀ ਦਾ ਕਹਿਣਾ ਹੈ ਕਿ ਬਾਕੀ ਦੋ ਕਿਸ਼ਤਾਂ ‘ਚ ਕਮਰਸ਼ੀਅਲ ਬੈਂਕਾਂ ਅਤੇ ਆੜ੍ਹਤੀਆਂ ਨੂੰ ਬਾਅਦ ‘ਚ ਅਦਾਇਗੀ ਕੀਤੀ ਜਾਵੇਗੀ।

ਇਥੇ ਦੱਸਣਯੋਗ ਹੈ ਕਿ ਕਿਸਾਨ ਕਰਜ਼ਾ ਮੁਆਫੀ ਦਾ ਨੋਟੀਫਿਕੇਸ਼ਨ ਸਰਕਾਰ ਨੇ ਪਹਿਲਾਂ ਹੀ ਜਾਰੀ ਕਰ ਦਿੱਤਾ ਸੀ। ਬੁੱਧਵਾਰ ਨੂੰ ਜਾਰੀ ਨੋਟੀਫਿਕੇਸ਼ਨ ਅਨੁਸਾਰ ਕਿਸਾਨਾਂ ਦੇ ਖਾਤਿਆਂ ਵਾਲੀਆਂ ਬੈਂਕਾਂ ਸ਼ਾਖਾ ਪੱਧਰ ਉੱਤੇ ਸਾਰੇ ਖਾਤਿਆਂ ਦੀ ਜਾਣਕਾਰੀ ਇੱਕ ਜਗ੍ਹਾ ਇਕੱਠੀ ਕਰਨਗੀਆਂ। ਖਾਤਿਆਂ ਨੂੰ ਆਧਾਰ ਕਾਰਡ ਨਾਲ ਲਗਪਗ ਜੋੜਿਆ ਜਾ ਚੁੱਕਾ ਹੈ। ਸ਼ਾਖਾਵਾਂ ਵੱਲੋਂ ਵੱਖ ਵੱਖ ਖਾਤਿਆਂ ਅਤੇ ਇੱਕ ਕਿਸਾਨ ਦੇ ਕੁੱਲ ਕਰਜ਼ੇ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਅਤੇ ਸਬੰਧਿਤ ਐਸਡੀਐਮ ਨੂੰ ਵੀ ਭੇਜੀ ਜਾਵੇਗੀ।

ਪਹਿਲ ਸਹਿਕਾਰੀ ਖਾਤਾ ਨਿੱਲ ਕਰਨ ਨੂੰ ਦਿੱਤੀ ਜਾਵੇਗੀ। ਦੂਜੇ ਨੰਬਰ ਉੱਤੇ ਕੌਮੀਕ੍ਰਿਤ ਬੈਂਕ ਅਤੇ ਤੀਜੇ ਨੰਬਰ ’ਤੇ ਵਪਾਰਕ ਬੈਂਕਾਂ ਦੀ ਵਾਰੀ ਆਵੇਗੀ। ਬਾਅਦ ਵਿੱਚ ਇਹ ਸੂਚੀਆਂ ਜਨਤਕ ਕੀਤੀਆਂ ਜਾਣਗੀਆਂ। ਜੇਕਰ ਕਿਸੇ ਕਿਸਾਨ ਨੂੰ ਕੋਈ ਇਤਰਾਜ਼ ਹੋਵੇਗਾ ਤਾਂ ਉਹ ਡਿਪਟੀ ਕਮਿਸ਼ਨਰ ਕੋਲ ਪਹੁੰਚ ਕਰ ਸਕੇਗਾ। ਵੱਖ ਵੱਖ ਬੈਂਕਾਂ ਨੂੰ ਸਰਕਾਰੀ ਪੈਸਾ ਖੇਤੀ ਵਿਭਾਗ ਦੇ ਡਾਇਰੈਕਟਰ ਦੇ ਖਾਤੇ ਰਾਹੀਂ ਜਾਵੇਗਾ ਅਤੇ ਕਿਸਾਨਾਂ ਨੂੰ ਕਰਜ਼ਾ ਅਦਾ ਹੋਏ ਦੇ ਪ੍ਰਮਾਣ ਪੱਤਰ ਮਿਲ ਜਾਣਗੇ।

ਮਨਪ੍ਰੀਤ ਦਾ ਕਹਿਣਾ ਹੈ ਕਿ ਕਿਸਾਨ ਕਰਜ਼ਾ ਮੁਆਫੀ ਲਈ ਸਰਕਾਰ ਨੇ ਕਵਾਇਤ ਸ਼ੁਰੂ ਕਰ ਦਿੱਤੀ ਹੈ ਅਤੇ ਸਰਕਾਰ ਵਲੋਂ ਪਹਿਲੀ ਕਿਸ਼ਤ ਅਦਾ ਕਰਨ ਨਾਲ ਲਗਭਗ 6 ਲੱਖ ਕਿਸਾਨਾਂ ਨੂੰ ਇਸ ਦਾ ਲਾਫ ਮਿਲੇਗਾ।