ਕੈਪਟਨ ਸਰਕਾਰ ਦੇ ਵਾਅਦੇ ਦੇ ਬਾਵਜੂਦ ਇਸ ਕਿਸਾਨ ਨਾਲ ਵਾਪਰੀ ਇਹ ਮੰਦਭਾਗੀ ਘਟਨਾ

ਕੈਪਟਨ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਕਰਜ਼ਾ ਕੁਰਕੀ ਖਤਮ ਫ਼ਸਲ ਦੀ ਪੂਰੀ ਰਕਮ ।ਹੁਣ ਵੀ ਸਰਕਾਰ ਨੇ ਇਹ ਕਾਨੂੰਨ ਪਾਸ ਕੀਤਾ ਕੇ ਕਿਸਾਨਾਂ ਦੀ ਕਿਸੇ ਵੀ ਤਰਾਂ ਦੀ ਕੁਰਕੀ ਨਹੀਂ ਹੋ ਸਕਦੀ । ਪਰ ਬਠਿੰਡਾ ਜ਼ਿਲ੍ਹਾ ਦੇ ਪਿੰਡ ਚੱਠੇਵਾਲ ਦੇ ਇਸ ਕਿਸਾਨ ਬੂਟਾ ਸਿੰਘ ਦੀ ਜ਼ਮੀਨ ਦੀ ਕੁਰਕੀ ਨੇ ਸਰਕਾਰ ਦੀ ਮਨਸ਼ਾ ‘ਤੇ ਸਵਾਲ ਖੜ੍ਹੇ ਕੀਤੇ ਹਨ।

ਕਿਸਾਨ ਬੂਟਾ ਸਿੰਘ ਦਾ ਇਲਜ਼ਾਮ ਹੈ ਕਿ ਉਸ ਨੇ ਆੜ੍ਹਤੀਏ ਕੋਲੋਂ ਸਿਰਫ਼ 60-70 ਹਜ਼ਾਰ ਕਰਜ਼ਾ ਲਿਆ ਸੀ ਪਰ ਆੜ੍ਹਤੀਏ ਨੇ ਉਸ ਵੱਲ 8 ਲੱਖ ਤੋਂ ਵੱਧ ਰਕਮ ਕੱਢਦਿਆਂ ਉਸ ‘ਤੇ ਅਦਾਲਤ ‘ਚ ਕੇਸ ਕਰ ਦਿੱਤਾ। ਪੈਸੇ ਦੀ ਕਮੀ ਹੋਣ ਕਾਰਨ ਉਹ ਕੇਸ ਦੀ ਪੈਰਵਾਈ ਨਹੀਂ ਕਰ ਪਾਇਆ ਤੇ ਕੇਸ ਹਾਰ ਗਿਆ। ਅਖੀਰ 4 ਦਿਨ ਪਹਿਲਾਂ 19 ਜੂਨ ਨੂੰ ਉਸ ਨੂੰ ਬਿਨਾਂ ਕੋਈ ਇਤਲਾਹ ਤੇ ਬਿਨਾਂ ਕੋਈ ਮੁਨਿਆਦੀ ਕੀਤੇ ਉਸ ਦੀ ਗੈਰ ਹਾਜ਼ਰੀ ਵਿੱਚ ਹੀ ਤਹਿਸੀਲਦਾਰ ਨੇ ਉਸ ਦੀ ਤਕਰੀਬਨ 9 ਕਨਾਲ ਜ਼ਮੀਨ ਦੀ ਕੁਰਕ ਕਰ ਲਈ।

ਬੂਟਾ ਸਿੰਘ ਨੇ ਇਲਜ਼ਾਮ ਲਾਇਆ ਕਿ ਉਹ ਪੂਰਾ ਦਿਨ ਤਹਿਸੀਲ ‘ਚ ਹਾਜ਼ਰ ਸੀ ਪਰ ਤਹਿਸੀਲਦਾਰ ਨੇ ਦਫ਼ਤਰ ਵਿੱਚ ਹੀ ਮਿਲੀਭੁਗਤ ਨਾਲ ਦਫ਼ਤਰ ਸਮੇਂ ਤੋਂ ਬਾਅਦ ਇਹ ਜ਼ਮੀਨ ਬਿਨਾ ਕਿਸੇ ਬੋਲੀ ਤੇ ਬਿਨਾ ਕਿਸੇ ਗਵਾਹਾਂ ਦੇ ਫ਼ਰਜ਼ੀ ਲੋਕਾਂ ਰਾਹੀ ਕੁਰਕ ਕਰ ਲਈ ਗਈ।

ਇੱਥੇ ਹੀ ਬੱਸ ਨਹੀਂ ਬੂਟਾ ਸਿੰਘ ਮੁਤਾਬਕ ਆੜ੍ਹਤੀਏ ਨੇ 11-12 ਸਾਲ ਪਹਿਲਾਂ ਮਰ ਚੁੱਕੇ ਉਸ ਦੇ ਪਿਤਾ ਹਰੀ ਸਿੰਘ ਖ਼ਿਲਾਫ਼ ਵੀ 8 ਲੱਖ ਤੋਂ ਵੱਧ ਦਾ ਬਕਾਇਆ ਕੱਢਦਿਆਂ ਅਦਾਲਤ ‘ਚ ਕੇਸ ਕੀਤਾ ਹੈ। ਇਹ ਰਕਮ ਉਨ੍ਹਾਂ ਨੇ ਕਦੀ ਲਈ ਹੀ ਨਹੀਂ। ਕਿਸਾਨ ਨੇ ਕਿਹਾ ਕੁਰਕੀ ਦੀ ਖ਼ਬਰ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ ਹੈ। ਉਹ ਆਪਣੀ ਜ਼ਮੀਨ ਕਿਸੇ ਵੀ ਹਾਲਤ ਵਿੱਚ ਨਹੀਂ ਦੇਣਗੇ।

ਓਧਰ ਜਦੋਂ ਇਸ ਪੂਰੇ ਮਾਮਲੇ ਬਾਰੇ ਤਹਿਸੀਲਦਾਰ ਸੰਦੂਰਾ ਸਿੰਘ ਨੇ ਇਹੋ ਹੀ ਕਿਹਾ ਕਿ ਉਨ੍ਹਾਂ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਪਰ ਜਦੋਂ ਉਨ੍ਹਾਂ ਨੂੰ ਇਹ ਪੱਛਿਆਂ ਗਿਆ ਕਿ ਤੁਹਾਡੇ ਰਿਕਾਰਡ ਮੁਤਾਬਕ ਦਰਜਨ ਤੋਂ ਵੱਧ ਲੋਕਾਂ ਨੇ ਬੋਲੀ ਦਿੱਤੀ ਹੈ ਪਰ ਬੂਟਾ ਸਿੰਘ ਮੁਤਾਬਕ ਬੋਲੀ ਦਫ਼ਤਰੀ ਸਮੇਂ ‘ਚ ਹੋਈ ਹੀ ਨਹੀਂ। ਇਸ ਸਵਾਲ ਦਾ ਜਵਾਬ ਦਿੰਦਿਆਂ ਤਹਿਸੀਲਦਾਰ ਥੋੜ੍ਹਾ ਹਿਚਕਚਾਏ ਜ਼ਰੂਰ ਤੇ ਕੋਈ ਸੰਤੁਸ਼ਟ ਜਵਾਬ ਨਹੀਂ ਦੇ ਸਕੇ।

ਇਸ ਦੇ ਨਾਲ ਹੀ ਤਹਿਸੀਲਦਾਰ ਦੇ ਦਫ਼ਤਰ ਵਿੱਚ ਹੀ ਕੁਰਕੀ ਲਈ ਅਦਾਲਤ ਵੱਲੋਂ ਆਏ 4 ਹੋਰ ਕੇਸਾਂ ਬਾਰੇ ਵੀ ਤਹਿਸੀਲਦਾਰ ਸਾਹਿਬ ਨੇ ਅਨਜਾਣਤਾ ਪ੍ਰਗਟਾਈ। ਦੂਜੇ ਪਾਸੇ ਕਿਸਾਨ ਯੂਨੀਅਨ ਦੇ ਆਗੂਆਂ ਸਰੂਪ ਸਿੰਘ ਸਿੱਧੂ ਤੇ ਮੋਹਨ ਸਿੰਘ ਚੱਠੇਵਾਲਾ ਨੇ ਤਹਿਸੀਲ ‘ਚ ਕਿਹਾ ਕਿ ਉਹ ਇਸ ਮਾਮਲੇ ‘ਤੇ ਤਹਿਸੀਲਦਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣਗੇ।