ਇਨ੍ਹਾਂ ਕਰਨਾ ਕਰਕੇ ਵੀ ਹੋ ਸਕਦਾ ਹੈ ਕਣਕ ਦਾ ਪੀਲਾਪਨ

ਤਕਰੀਬਨ ਹਰੇਕ ਸਾਲ ਹੀ ਬੱਦਲਵਾਈ ਦੇ ਦਿਨਾਂ ਸਮੇਤ ਕਈ ਵਾਰ ਕਣਕ ਦੀ ਫਸਲ ਪੀਲੇਪਨ ਦਾ ਸ਼ਿਕਾਰ ਹੁੰਦੀ ਹੈ ਜਿਸ ਕਾਰਨ ਬਹੁਗਿਣਤੀ ਕਿਸਾਨ ਕਈ ਤੱਥਾਂ ਤੇ ਸਿਫਾਰਸ਼ਾਂ ਨੂੰ ਨਜ਼ਰਅੰਦਾਜ਼ ਕਰਕੇ ਨਾਈਟ੍ਰੋਜਨ ਤੱਤ ਵਾਲੀਆਂ ਖਾਦਾਂ ਦੀ ਵਰਤੋਂ ਕਰਕੇ ਫਸਲ ਦਾ ਪੀਲਾਪਨ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਨ | ਪਰ ਖੇਤੀ ਮਾਹਿਰਾਂ ਅਨੁਸਾਰ ਕਣਕ ਦੀ ਫ਼ਸਲ ਦੇ ਪੀਲੇ ਹੋਣ ਦਾ ਕਾਰਨ ਸਿਰਫ਼ ਖਾਦ ਜਾਂ ਪਾਣੀ ਦੀ ਘਾਟ ਹੀ ਨਹੀਂ ਹੁੰਦੀ ਸਗੋਂ ਕਣਕ ਦੇ ਬੀਜ ਦੀ ਕਿਸਮ, ਬਿਜਾਈ ਦਾ ਢੰਗ, ਖਾਦਾਂ ਦੀ ਵਰਤੋਂ, ਮਿੱਟੀ ਦੀ ਕਿਸਮ, ਮੌਸਮ, ਸੇਮ ਦੇ ਇਲਾਵਾ ਬਿਮਾਰੀਆਂ ਅਤੇ ਕੀੜਿਆਂ ਦੇ ਹਮਲੇ ਨਾਲ ਸਬੰਧਿਤ ਅਨੇਕਾਂ ਕਾਰਨਾਂ ਸਦਕਾ ਫਸਲ ਪੀਲੀ ਹੋ ਸਕਦੀ ਹੈ |

ਇਨ੍ਹਾਂ ਵਿਚੋਂ ਬਹੁਤੇ ਕਾਰਨਾਂ ਦਾ ਅਸਰ ਮੌਸਮ ਦੀ ਤਬਦੀਲੀ ਹੋਣ ‘ਤੇ ਆਪਣੇ ਆਪ ਖਤਮ ਹੋ ਜਾਂਦਾ ਹੈ ਅਤੇ ਫਸਲ ਮੁੜ ਪਹਿਲਾਂ ਵਾਂਗ ਹਰੀ ਭਰੀ ਹੋ ਜਾਂਦੀ ਹੈ | ਖੇਤੀ ਮਾਹਿਰਾਂ ਮੁਤਾਬਿਕ ਝੋਨੇ ਦੀ ਪਰਾਲੀ ਜਾਂ ਹੋਰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਖੇਤ ਵਿਚ ਵਾਹ ਕੇ ਬੀਜੀ ਗਈ ਕਣਕ ਦੇ ਬੂਟੇ ਕਈ ਵਾਰ ਪੀਲੇ ਪੈ ਜਾਂਦੇ ਹਨ ਕਿਉਂਕਿ ਇਸ ਰਹਿੰਦ ਖੂੰਹਦ ਦੇ ਗਲਣ ਸੜਨ ਮੌਕੇ ਨਾਈਟ੍ਰੋਜਨ ਦੀ ਖਪਤ ਜ਼ਿਆਦਾ ਹੋ ਜਾਂਦੀ ਹੈ | ਅਜਿਹੇ ਖੇਤਾਂ ਵਿਚ ਸਿਫ਼ਾਰਸ਼ ਕੀਤੀ ਗਈ ਕੁੱਲ ਨਾਈਟ੍ਰੋਜਨ ਦੀ ਅੱਧੀ ਮਾਤਰਾ ਪਹਿਲਾਂ ਹੀ ਖੇਤ ਨੂੰ ਵਾਹੁਣ ਮੌਕੇ ਪਾਈ ਜਾ ਸਕਦੀ ਹੈ |

ਇਸ ਤੋਂ ਇਲਾਵਾ ਕਣਕ ਵਿਚ ਗੰਧਕ ਦੀ ਘਾਟ ਕਾਰਨ ਨਵੇਂ ਨਿਕਲ ਰਹੇ ਪੱਤਿਆਂ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ | ਪਰ ਪੱਤੇ ਦੀ ਨੋਕ ਹਰੇ ਰੰਗ ਦੀ ਹੀ ਰਹਿੰਦੀ ਹੈ | ਹੇਠਲੇ ਪੱਤੇ ਲੰਮੇ ਸਮੇਂ ਤੱਕ ਹਰੇ ਹੀ ਰਹਿੰਦੇ ਹਨ | ਨਾਈਟੋ੍ਰਜਨ ਦੀ ਘਾਟ ਨਾਲੋਂ ਇਸ ਦਾ ਫ਼ਰਕ ਇਹ ਹੈ ਕਿ ਨਾਈਟ੍ਰੋਜਨ ਦੀ ਘਾਟ ਹੇਠਲੇ ਪੁਰਾਣੇ ਪੱਤਿਆਂ ਦੇ ਪੀਲੇ ਹੋਣ ਨਾਲ ਸ਼ੁਰੂ ਹੁੰਦੀ ਹੈ ਜਦੋਂ ਕਿ ਗੰਧਕ ਦੀ ਘਾਟ ਨਾਲ ਨਵੇਂ ਪੱਤੇ ਪੀਲੇ ਹੁੰਦੇ ਹਨ |

ਫ਼ਸਲ ਦੀ ਸ਼ੁਰੂਆਤ ਮੌਕੇ ਲੰਮਾ ਸਮਾਂ ਵਰਖਾ ਪੈਣ ਨਾਲ ਗੰਧਕ ਦੀ ਘਾਟ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ | ਇਸ ਘਾਟ ਕਾਰਨ ਬੂਟਿਆਂ ਦੀਆਂ ਸ਼ਾਖਾਵਾਂ ਘੱਟ ਨਿਕਲਦੀਆਂ ਹਨ ਅਤੇ ਬੂਟੇ ਮਧਰੇ ਰਹਿ ਜਾਂਦੇ ਹਨ | ਜੇਕਰ ਇਹ ਸਮੱਸਿਆ ਜ਼ਿਆਦਾ ਗੰਭੀਰ ਦਿਖਾਈ ਦੇਵੇ ਤਾਂ ਮਾਹਿਰਾਂ ਦੀ ਸਲਾਹ ਲੈ ਕੇ ਇਕ ਏਕੜ ਖੇਤ ਵਿਚ 100 ਕਿਲੋ ਜਿਪਸਮ ਪਾਇਆ ਜਾ ਸਕਦਾ ਹੈ |

ਸਿਉਂਕ ਦੇ ਹਮਲੇ ਨਾਲ ਵੀ ਫ਼ਸਲ ਪੀਲੇਪਨ ਦਾ ਸ਼ਿਕਾਰ ਹੋ ਜਾਂਦੀ ਹੈ ਜੇਕਰ ਬਿਜਾਈ ਦੇ ਕੁੱਝ ਦਿਨਾਂ ਬਾਅਦ ਹੀ ਨਵੇਂ ਬੂਟੇ ਸਿਉਂਕ ਦਾ ਸ਼ਿਕਾਰ ਹੋ ਜਾਣ ਤਾਂ ਇਨ੍ਹਾਂ ਦਾ ਰੰਗ ਪੀਲਾ ਪੈਣ ਉਪਰੰਤ ਇਹ ਸੁੱਕ ਜਾਂਦੇ ਹਨ | ਇਨ੍ਹਾਂ ਬੂਟਿਆਂ ਦੀਆਂ ਜੜ੍ਹਾਂ ਸਿਉਂਕ ਖਾ ਲੈਂਦੀ ਹੈ | ਇਸ ਹਮਲੇ ਦਾ ਪਤਾ ਲਗਾਉਣ ਲਈ ਬੂਟਾ ਪੁੱਟ ਕੇ ਦੇਖਿਆ ਜਾ ਸਕਦਾ ਹੈ | ਫ਼ਸਲ ‘ਤੇ ਜੜ੍ਹ ਦਾ ਚੇਪਾ ਅਤੇ ਗੁੱਝੀਆਂ ਭੂੰਡੀ ਦੇ ਹਮਲੇ ਨਾਲ ਵੀ ਪੀਲੇਪਨ ਦੀ ਸਮੱਸਿਆ ਆਉਂਦੀ ਹੈ |

ਇਸੇ ਤਰ੍ਹਾਂ ਭੂਰੀ ਜੂੰ ਵੀ ਹਮਲਾ ਕਰਕੇ ਕਣਕ ਦੇ ਪੱਤਿਆਂ ਦੇ ਰੰਗ ਨੂੰ ਪ੍ਰਭਾਵਿਤ ਕਰ ਦਿੰਦੀ ਹੈ | ਇਸ ਤੋਂ ਇਲਾਵਾ ਅਲਟਰਨੇਰੀਆ, ਮੋਲੀਆ ਰੋਗ, ਪੀਲੀ ਕੁੰਗੀ, ਮੰਮਣੀ ਅਤੇ ਟੁੰਡ ਵਰਗੀਆਂ ਬਿਮਾਰੀਆਂ ਅਤੇ ਕੀੜਿਆਂ ਦੇ ਹਮਲੇ ਨਾਲ ਵੀ ਫ਼ਸਲ ਦਾ ਰੰਗ ਪ੍ਰਭਾਵਿਤ ਹੁੰਦਾ ਹੈ | ਦਰਖਤਾਂ ਜਾਂ ਕਿਸੇ ਇਮਾਰਤ ਦੇ ਛਾਂ ਹੇਠ ਬੀਜੀ ਕਣਕ ਵੀ ਅਕਸਰ ਪੀਲੀ ਪੈ ਜਾਂਦੀ ਹੈ |

ਇਸੇ ਤਰ੍ਹਾਂ ਲਗਾਤਾਰ ਬੱਦਲਵਾਈ ਰਹਿਣ ਦੇ ਇਲਾਵਾ ਧੁੰਦ ਪੈਣ ਜਾਂ ਕੋਰਾ ਪੈਣ ਨਾਲ ਵੀ ਕਣਕ ਦੀ ਫ਼ਸਲ ਪੀਲੀ ਪੈ ਜਾਂਦੀ ਹੈ | ਪਰ ਇਸ ਸਮੱਸਿਆ ਤੋਂ ਪ੍ਰਭਾਵਿਤ ਫ਼ਸਲ ਧੁੱਪ ਲੱਗਣ ਨਾਲ ਆਪਣੇ ਆਪ ਠੀਕ ਹੋ ਜਾਂਦੀ ਹੈ | ਜ਼ਿਆਦਾ ਧੁੰਦ ਅਤੇ ਕੋਰੇ ਵਾਲੇ ਦਿਨਾਂ ਵਿਚ ਫ਼ਸਲ ਨੂੰ ਥੋੜ੍ਹਾ ਜਿਹਾ ਪਾਣੀ ਲਗਾ ਕੇ ਬਚਾਇਆ ਜਾ ਸਕਦਾ ਹੈ |

ਕੱਲਰ ਅਤੇ ਲੂਣ ਤੋਂ ਪ੍ਰਭਾਵਿਤ ਖੇਤ ਵਿਚ ਬੀਜੀ ਗਈ ਫ਼ਸਲ ਵੀ ਇਸ ਸਮੱਸਿਆ ਦਾ ਸ਼ਿਕਾਰ ਹੋ ਜਾਂਦੀ ਹੈ | ਉਪਰੋਕਤ ਵੱਖ-ਵੱਖ ਕਾਰਨਾਂ ਦੇ ਚਲਦਿਆਂ ਪੀਲੇਪਨ ਦਾ ਸ਼ਿਕਾਰ ਹੋਈ ਕਣਕ ਦੀ ਫ਼ਸਲ ਨੂੰ ਬਚਾਉਣ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਖੇਤੀ ਮਾਹਿਰਾਂ ਦੇ ਸੰਪਰਕ ਵਿਚ ਰਹਿ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਦਵਾਈਆਂ ਦੀ ਵਰਤੋਂ ਕਰਨ |

ਲੇਖਕ :ਹਰਮਨਪ੍ਰੀਤ ਸਿੰਘ