ਜੇਕਰ ਇਹ ਹੱਲ ਕਰੋਂਗੇ ਤਾਂ ਕਦੇ ਵੀ ਨਹੀਂ ਲਗੇਗੀ ਤੁਹਾਡੀ ਕਣਕ ਨੂੰ ਅੱਗ

ਕਣਕ ਨੂੰ ਅੱਗ ਲੱਗਣ ਦੀ ਅਣਸੁਖਾਵੀਂ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ ।ਇਸ ਵਾਰ ਬਾਕੀ ਸਾਲਾਂ ਦੇ ਮੁਕਾਬਲੇ ਕਣਕਾਂ ਨੂੰ ਬਹੁਤ ਜ਼ਿਆਦਾ ਅੱਗ ਲੱਗੀ ਹੈ ।ਕਿਸਾਨ ਵੀਰ ਜੇਕਰ ਹੇਠ ਲਿਖੀਆਂ ਗੱਲਾਂ ਦਾ ਧਿਆਨ ਕਰਨਗੇ ਤਾਂ ਆਉਂਦੇ ਸਮੇ ਵਿਚ ਆਪਣੀ ਕਣਕ ਨੂੰ ਅੱਗ ਲੱਗਣ ਤੋਂ ਬਚਾ ਸਕਦੇ ਹਨ ।

 • ਸਭ ਤੋਂ ਪਹਿਲਾਂ ਕਣਕ ਬੀਜਣ ਸਾਰ ਸਾਰੇ ਪਿੰਡ ਦੇ ਕਿਸਾਨ ਇਕੱਠੇ ਹੋਕੇ ਵਿਹਲੇ ਬੈਠੇ ਕੁਰਸੀਆਂ ਤੋੜਦੇ ਬਿਜਲੀ ਮੁਲਾਜਮਾਂ ਨੂੰ ਮਜਬੂਰ ਕਰੋ ਕਿ ਜਿੱਥੇ ਤਾਰਾਂ ਢਿੱਲੀਆਂ,ਜੋੜ ਕੱਢਕੇ ਨਵੀਆਂ ਤਾਰਾਂ,ਟੇਢੇ-ਮੇਢੇ ਖੰਭੇ ਸਿੱਧੇ ਕਰਨੇ,ਜਿਥੇ ਖਿੱਚ ਲੱਗਦੀ ਲਾਓ ਤੇ ਟਰਾਂਸਫ਼ਾਰਮਰਾਂ ਦੀ ਚੈਕਿੰਗ ਕਰੋ ਤਾਂ ਕਿ ਛੇਤੀ ਕੀਤੇ ਸਪਾਰਕਿੰਗ ਦੀ ਨੌਬਤ ਨਾ ਆਵੇ।
 • ਵਾਢੀ ਦੇ ਸ਼ੀਜਣ ਤੋਂ ਪਹਿਲਾਂ ਹਰ ਟਰੈਕਟਰ ਦੀ ਬੈਟਰੀ ਦੇ ਟਰਮੀਨਲ ਨਵੇਂ ਪਾਓ।ਸਾਰੇ ਜੋੜ ਨਵੀਆਂ ਤਾਰਾਂ ਕੱਢਕੇ ਦੁਬਾਰਾ ਕੱਸਕੇ ਲਾਓ।ਅਲਟੀਨੇਟਰ ਡੈਨਬੋ ਬਗੈਰਾ ਮਿਸਤਰੀ ਤੋਂ ਚੈੱਕ ਕਰਵਾਓ ਤਾਂ ਕਿ ਕੋਈ ਅੰਦਰੂਨੀ ਸਪਾਰਕਿੰਗ ਤਾਂ ਨਹੀਂ ਹੋ ਰਹੀ।
 • ਖਾਸ ਧਿਆਨ ਦਿਓ ਖੁਦ ਚਲਾਉਦੇ ਹੋਂ ਜਾਂ ਕੋਈ ਡਰਾਇਵਰ ਰੱਖਦੇ ਉਸਨੂੰ ਸਿੱਖੀਅਤ ਕਰੋ ਕਿ ਜਦੋਂ ਸਾਰਾ ਦਿਨ ਲੋਡ ਤੇ ਚੱਲਦਾ ਟਰੈਕਟਰ ਗਰਮ ਹੋਇਆ ਹੁੰਦਾ ਉਸ ਸਮੇਂ ਰੇਸ ਤੇ ਪੈਰ ਧਰਕੇ ਇਕਦਮ ਰੇਸ ਨਾ ਦੇਵੇ ਕਿਉਂਕਿ ਗਰਮ ਹੋਇਆ ਟਰੈਕਟਰ ਸਾਈਲੈਂਸਰ ਵਿੱਚੋਂ ਛੋਟੇ ਛੋਟੇ ਨਾ ਦਿਖਣ ਵਾਲੇ ਅੱਗ ਦੇ ਗੋਲੇ ਛੱਡਦਾ ਹੈ ਜੋ ਕਿ ਅੱਗ ਲੱਗਣ ਦਾ ਕਾਰਨ ਬਣਦੇ ਹਨ।

 • ਵਾਢੀ ਕਰਦੇ ਸਮੇਂ ਕੰਬਾਇਨ ਦੁਆਰਾ ਟਰਾਲੀ ਵਿੱਚ ਕਣਕ ਪਵਾਉਂਦੇ ਹਾਂ ਤਾਂ ਕੋਸ਼ਿਸ ਕਰੋ ਕਿ ਟਰੈਕਟਰ ਕੰਬਾਇਨ ਦੋਨੋਂ ਰੋਕਕੇ ਹੀ ਦਾਣੇ ਪਵਾਓ।ਕਿਉਂਕਿ ਕਈ ਵਾਰ ਸੁਣਿਆ ਕਿ ਕੰਬਾਇਨ ਦਾ ਕਣਕ ਪਾਉਣ ਵਾਲਾ ਭੂਕਣਾ(ਵਰਮਾ) ਟਰਾਲੀ ਦੇ ਵਿੱਢ ਨਾਲ ਖਹਿ ਗਿਆ ਤੇ ਲੋਹੇ ਨਾਲ ਲੋਹਾ ਖਹਿਣ ਤੇ ਚਿੰਗਿਆੜੇ ਨਿਕਲਣ ਕਰਕੇ ਅੱਗ ਲੱਗੀ।
 • ਜਿਥੇ ਟਰਾਂਸਫ਼ਾਰਮਰ ਲੱਗਿਆ ਹੋਇਆ ਕੋਸ਼ਿਸ ਕਰੋ ਕਿ ਉਸਦੇ ਹੇਠਾਂ ਕਣਕ ਨਾ ਬੀਜੋ ਸਗੋਂ ਸਰੋਂ ਬੀਜੋ ਕਿਉਂਕਿ ਸਰੋਂ ਹਰ ਕਿਸਾਨ ਬੀਜਦਾ ਭਾਵੇਂ ਵੱਟਾਂ ਤੇ ਬੀਜੇ ਭਾਵੇਂ ਇਕੱਠੀ ਕਿਆਰਾ ਬੀਜੇ।ਸੋ ਸਰੋਂ ਕਣਕ ਤੋਂ ਪੰਦਰਾਂ ਵੀਹ ਦਿਨ ਪਹਿਲਾਂ ਵੱਢੀ ਜਾਂਦੀ ਹੈ ਇਸ ਲਈ ਜੇ ਸਪਾਰਕਿੰਗ ਦਾ ਚਿੰਗਿਆੜਾ ਡਿਗੇ ਵੀ ਤਾਂ ਅੱਗ ਨਾ ਲੱਗੇ।

 • ਦੂਜੀ ਗੱਲ ਹਰੇ ਪੱਠੇ ਬਰਸੀਨ ਹਰ ਕਿਸਾਨ ਬੀਜਦਾ ਹੈ।ਜਿਆਦਾਤਰ ਪੁਰੇ ਤੇ ਪਹਾੜ ਵੱਲੋ ਹੀ ਇਨਾਂ ਦਿਨਾਂ ਚ ਤੇਜ਼ ਹਵਾਵਾਂ ਵੱਗਦੀਆ ਹਨ ਸੋ ਕੋਸ਼ਿਸ ਕਰੋ ਕਿ ਇਨਾਂ ਸਾਈਡਾਂ ਤੇ ਹੀ ਹਰਾ ਬਰਸੀਨ ਬੀਜੋ।
 • ਜਿਵੇਂ ਆਪਾਂ ਸਾਂਝੇ ਕੰਮਾਂ ਟੂਰਨਾਮੈਂਟ,ਧਾਰਮਿਕ ਦੀਬਾਣ,ਲੰਗਰ ਜਾਂ ਕਿਸੇ ਲੋੜਬੰਦ ਦੀ ਮਦਦ ਸਮੇਂ ਪਿੰਡ ਚੋਂ ਪੈਸੇ ਇਕੱਠੇ ਕਰਦੇ ਹਾਂ ਓਸੇ ਤਰਾਂ ਪੈਸੇ ਕੱਠੇ ਕਰਕੇ ਘੱਟੋ ਘੱਟ ਦਸ ਹਜਾਰ ਲੀਟਰ ਦੀ ਇਕ ਟੈਂਕੀ ਤਿਆਰ ਕਰਵਾਓ ਤੇ ਉਸ ਉਪਰ ਫਾਇਰ ਬਿਗ੍ਰੇਡ ਸਿਸਟਮ ਲਗਵਾਓ।ਇਸ ਨੂੰ ਕਣਕ ਪੱਕਣ ਸਮੇਂ ਪਾਣੀ ਦੀ ਭਰਕੇ ਕਿਸੇ ਜਗਾ ਖੜਾ ਦਿਓ ਤਾਂ ਕਿ ਲੋੜ ਪੈਣ ਤੇ ਵਰਤੀ ਜਾ ਸਕੇ।ਤਕਰੀਬਨ ਪੰਜਰਾਂ ਕੁ ਦਿਨ ਦਾ ਸ਼ੀਜਨ ਹੁੰਦਾ।ਦੂਜਾ ਪੈਟਰੋਲ ਇੰਜਣ ਵਾਲੇ ਮੋਢਿਆਂ ਤੇ ਚੁਕਣ ਵਾਲੇ ਸਪਰੇਅ ਪੰਪ ਵੀ ਪਾਣੀ ਦੇ ਭਰਕੇ ਤੇਲ ਪਾਕੇ ਤਿਆਰ ਰੱਖੋ। ਇਹ ਵੀ ਕਾਫ਼ੀ ਕੰਮ ਕਰ ਜਾਂਦੇ ਨੇ।

 • ਜਿਨਾਂ ਕੋਲ ਵੱਡੇ ਟਰੈਕਟਰ ਵਾਲੇ ਪੰਪ ਨੇ ਓਹ ਵੀ ਪਾਣੀ ਦੇ ਭਰਕੇ ਖੜਾਓ।ਖੇਤਾਂ ਵਿਚਲੀਆਂ ਖੇਲਾਂ ਓਲੂ ਟੋਏ ਕੁੰਡ ਭਰਕੇ ਰੱਖੋ।
 • ਜਿਹੜੇ ਟਰੈਕਟਰ ਵਿਹਲੇ ਹਨ ਓਹਨਾਂ ਮਗਰ ਹਲ ਪਾਕੇ ਖੜਾਓ ਕਿਉਂਕਿ ਮੌਕੇ ਤੇ ਤਾਂ ਆਪਾਂ ਨੂੰ ਹਲਾਂ ਵਾਲਾ ਡੰਡਾ ਵੀ ਨੀ ਲੱਭਦਾ ਕਿ ਕਿਹੜੀ ਖੱਲ ਚ ਸਿੱਟਿਆ ਸੀ।ਇਕ ਦੂਜੇ ਨੂੰ ਗਾਲਾਂ ਦੇਈ ਜਾਨੇ ਹੁੰਨੇ ਆ,ਓਦੋਂ ਨੂੰ ਬਹੁਤ ਦੇਰ ਹੋ ਜਾਂਦੀ ਹੈ।
 • ਗ੍ਰੰਥੀ ਸਿੰਘ ਦਾ ਮੋਬਾਇਲ ਨੰਬਰ ਹਰ ਕਿਸਾਨ ਕੋਲ ਹੋਣਾ ਚਾਹੀਦਾ ਤੇ ਕਮੇਟੀ ਵਾਲੇ ਇਕ ਐਂਮਰਜੈਂਸੀ ਮਾਈਕ ਸ਼ਿਸਟਮ ਦਰਬਾਰ ਸਾਬ ਤੋਂ ਬਾਹਰ ਲਗਵਾਕੇ ਦੇਣ।

ਜੇ ਰੱਬ ਨਾ ਕਰੇ ਅੱਗ ਲੱਗ ਜਾਵੇ ਫੇਰ ਕਿ ਕੀਤਾ ਜਾਵੇ

 • ਪਹਿਲਾਂ ਗ੍ਰੰਥੀ ਸਿੰਘ ਨੂੰ ਫੋਨ ਕਰਕੇ ਗੁਰਦਵਾਰੇ ਵਿਚ ਅਨਾਉਂਸਮੈਂਟ ਕਰਵਾਓ
 • ਫਾਇਰ ਬਿਗ੍ਰੇਡ ਡਾਇਲ 101ਤੇ(ਇਹ ਕਦੇ ਮੌਕੇ ਤੇ ਤਾਂ ਆਏ ਨਹੀਂ)
 • ਅਕਸਰ ਦੇਖਿਆ ਜਾਂਦਾ ਕਿ ਜਦੋਂ ਅੱਗ ਲੱਗਦੀ ਹੈ ਤਾਂ ਸਾਰੇ ਟਰੈਕਟਰਾਂ ਵਾਲੇ ਅੱਗ ਦੇ ਮੂਹਰੇ ਹੋ ਜਾਂਦੇ ਨੇ ਪਰ ਸਾਇਡਾਂ ਤੇ ਕੋਈ ਨੀ ਹੁੰਦਾ।ਕਿਉਂਕਿ ਅੱਗ ਕਈ ਵਾਰ ਸਾਇਡਾਂ ਨੂੰ ਏਨੀ ਫੈਲ ਜਾਂਦੀ ਹੈ ਕਈ ਪਾਸਿਆਂ ਨੂੰ ਨਿਕਲ ਜਾਂਦੀ ਹੈ ਤੇ ਕੰਟਰੋਲ ਤੋਂ ਬਾਹਰ ਹੋ ਜਾਂਦੀ ਹੈ।ਇਸ ਲਈ ਕੁਝ ਬੰਦੇ ਕੰਟਰੋਲ ਕਰਕੇ ਮੂਹਰੋਂ ਰੋਕਣ ਦੇ ਨਾਲ ਨਾਲ ਕੁਝ ਟਰੈਕਟਰਾਂ ਨੂੰ ਦੋਨੇ ਸਾਇਡਾਂ ਤੋਂ ਵਾਹੀ ਕਰਾਓ ਤਾਂ ਕਿ ਅੱਗ ਨੂੰ ਜਿਆਦਾ ਘੇਰੇ ਚ ਫੈਲਣ ਤੋਂ ਰੋਕਿਆ ਜਾ ਸਕੇ।

ਵੀਰੋ ਹੋ ਸਕਦਾ ਇਹ ਘਟਨਾ ਸਾਡੇ ਨਾਲ ਵੀ ਵਾਪਰ ਸਕਦੀ ਹੈ।ਜਿਆਦਾਤਰ ਬੇਅਦਬੀ ਵਾਂਗ ਅੱਗ ਲੱਗਣ ਦੇ ਕੇਸਾਂ ਚ ਵੀ ਸਾਡੇ ਆਪਣੇ ਹੀ ਸਾਮਿਲ ਹੁੰਦੇ ਨੇ।ਇਸ ਲਈ ਇਹਨਾਂ ਜਰੂਰੀ ਗੱਲਾਂ ਦਾ ਧਿਆਨ ਰੱਖਕੇ ਬਹੁਤ ਬੱਚਤ ਹੋ ਸਕਦੀ ਹੈ

ਲੇਖਕ -ਹਰਦੀਪ ਸਿੰਘ