ਪੰਜਾਬ ਵਿੱਚ ਕਣਕ ਦੀ ਖਰੀਦਦਾਰੀ ਅੱਜ ਤੋਂ ਸ਼ੁਰੂ ਪਰ…

ਕਣਕ ਦੀ ਢੋਆ-ਢੁਆਈ ਨੂੰ ਲੈ ਕੇ ਟਰੱਕ ਆਪ੍ਰੇਟਰਾਂ ਨਾਲ ਚੱਲ ਰਹੇ ਰੇੜਕੇ ਦੇ ਵਿਚਕਾਰ ਸੂਬੇ ‘ਚ ਕਣਕ ਦੀ ਸਰਕਾਰੀ ਖਰੀਦ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ | ਹਾਲਾਂਕਿ ਸਰਕਾਰ ਵਲੋਂ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਟਰੱਕ ਆਪ੍ਰੇਟਰ ਆਪਣੀਆਂ ਮੰਗਾਂ ‘ਤੇ ਅੜੇ ਹੋਏ ਹਨ | ਜਿਸ ਕਾਰਨ ਕਣਕ ਦੀ ਚੁਕਾਈ ‘ਚ ਸਰਕਾਰ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

ਇਸ ਵਾਰ 130 ਲੱਖ ਮੀਟਰਕ ਟਨ ਕਣਕ ਮੰਡੀਆਂ ‘ਚ ਆਉਣ ਦੀ ਸੰਭਾਵਨਾ ਹੈ, ਜਦਕਿ ਪਿਛਲੇ ਸਾਲ 120 ਲੱਖ ਮੀਟਰਕ ਟਨ ਕਣਕ ਮੰਡੀਆਂ ‘ਚ ਪੁੱਜੀ ਸੀ | ਇਸ ਵਾਰ ਕੇਂਦਰ ਸਰਕਾਰ ਵਲੋਂ 120 ਲੱਖ ਮੀਟਰਕ ਟਨ ਕਣਕ ਦੀ ਖਰੀਦ ਕੀਤੇ ਜਾਣ ਦੀ ਸੰਭਾਵਨਾ ਹੈ, ਜਿਸ ਨਾਲ ਇਸ ਵਾਰ ਕਣਕ ਦੀ ਖਰੀਦ ‘ਚ ਸਰਕਾਰ ਨੂੰ ਕੋਈ ਬਹੁਤੀ ਦਿੱਕਤ ਆਉਣ ਦੀ ਸੰਭਾਵਨਾ ਨਹੀਂ ਹੈ |

ਮੌਸਮ ਠੀਕ ਰਹਿਣ ਕਾਰਨ ਇਸ ਵਾਰ ਕਣਕ ਦੀ ਭਰਪੂਰ ਫਸਲ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਤੇ 31 ਮਾਰਚ ਤੱਕ ਦੋ ਮਹੀਨਿਆਂ ‘ਚ ਸਰਕਾਰ ਵਲੋਂ ਮਿਥਿਆ ਟੀਚਾ ਹਾਸਲ ਕਰ ਲਏ ਜਾਣ ਦੀ ਸੰਭਾਵਨਾ ਹੈ | ਐਫ. ਸੀ. ਆਈ. ਸਮੇਤ ਰਾਜ ਸਰਕਾਰ ਦੀਆਂ 5 ਖਰੀਦ ਏਜੰਸੀਆਂ ਵਲੋਂ ਕਣਕ ਦੀ ਖਰੀਦ ਕੀਤੀ ਜਾਵੇਗੀ | ਸਰਕਾਰ ਵਲੋਂ ਇਸ ਵਾਰ ਕਣਕ ਦਾ ਭਾਅ 1735 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ |

ਮੰਡੀਆਂ ‘ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ, ਇਸ ਸਬੰਧੀ ਮੁੱਖ ਮੰਤਰੀ ਵਲੋਂ ਪਹਿਲਾਂ ਹੀ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਹਨ ਤੇ ਅਧਿਕਾਰੀਆਂ ਵਲੋਂ ਰਾਜ ਦੀਆਂ 1835 ਦੇ ਕਰੀਬ ਖਰੀਦ ਕੇਂਦਰਾਂ ‘ਚ ਕਿਸਾਨਾਂ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ | ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਕਣਕ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਉਚੇਚੇ ਤੌਰ ‘ਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ |

ਐਫ. ਸੀ. ਆਈ. ਸਮੇਤ ਸੂਬਾ ਸਰਕਾਰ ਦੀਆਂ ਖਰੀਦ ਏਜੰਸੀਆਂ ਵਲੋਂ ਕਣਕ ਦੀ ਖਰੀਦ ਸ਼ੁਰੂ ਕੀਤੀ ਜਾ ਰਹੀ ਹੈ | ਉਧਰ ਸੂਬੇ ‘ਚ ਵਾਢੀ ਅਜੇ ਸ਼ੁਰੂ ਨਹੀਂ ਹੋ ਸਕੀ ਹੈ ਤੇ ਵਿਸਾਖੀ ਤੋਂ ਬਾਅਦ ਹੀ ਕਣਕ ਦੀ ਆਮਦ ‘ਚ ਤੇਜ਼ੀ ਆਉਣ ਦੀ ਸੰਭਾਵਨਾ ਹੈ | ਹਾਲਾਂਕਿ ਅਬੋਹਰ, ਫਾਜ਼ਿਲਕਾ ਤੇ ਫਿਰੋਜ਼ਪੁਰ ਆਦਿ ਜ਼ਿਲਿ੍ਹਆਂ ‘ਚ ਕੁੱਝ ਥਾਵਾਂ ‘ਤੇ ਵਾਢੀ ਸ਼ੁਰੂ ਹੋਣ ਦੀਆਂ ਖ਼ਬਰਾਂ ਹਨ ਪਰ ਦੁਆਬੇ ਅਤੇ ਮਾਝੇ ‘ਚ ਵਾਢੀ ਵਿਸਾਖੀ ਦੇ ਨੇੜੇ-ਤੇੜੇ ਜਾ ਕੇ ਹੀ ਸ਼ੁਰੂ ਹੋਵੇਗੀ |

ਡਾਇਰੈਕਟਰ ਖੇਤੀਬਾੜੀ ਡਾ. ਜਸਬੀਰ ਸਿੰਘ ਬੈਂਸ ਨੇ ਦੱਸਿਆ ਕਿ ਸਾਰੇ ਖਰੀਦ ਕੇਂਦਰਾਂ ‘ਚ ਕਣਕ ਦੀ ਖਰੀਦ ਲਈ ਸਰਕਾਰ ਵਲੋਂ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਪਰ ਅਜੇ ਮੰਡੀਆਂ ‘ਚ ਕਣਕ ਆਉਣ ਨੂੰ ਇਕ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ |