ਬੱਸ 5 -7 ਸਾਲ ਹੋਰ ਲੱਗੇਗਾ ਪੰਜਾਬ ਵਿਚ ਝੋਨਾ ਫੇਰ ,,,

ਪੰਜਾਬ ਵਿੱਚ ਇਸ ਵੇਲੇ ਪਾਣੀ ਦੀ ਸਥਿਤੀ ਬਹੁਤ ਹੀ ਗੰਭੀਰ ਹੋ ਚੁੱਕੀ ਹੈ । ਇਹ ਸਥਿਤੀ ਏਨੀ ਗੰਭੀਰ ਹੈ ਕੇ ਆਉਂਦੇ 5-7 ਸਾਲਾਂ ਵਿੱਚ ਪੰਜਾਬ ਦੀ ਮੁੱਖ ਫ਼ਸਲ ਝੋਨਾ ਲਾਉਣ ਲਈ ਪਾਣੀ ਬਿਲਕੁਲ ਖਤਮ ਹੋ ਜਾਵੇਗਾ । ਪੰਜਾਬ ਵਿੱਚ ਝੋਨੇ ਹੇਠ ਰਕਬਾ ਸਾਲ 1971 ਵਿਚ 3 ਫ਼ੀਸਦੀ ਤੋਂ ਵੱਧ ਕੇ ਸਾਲ 2016 ਵਿਚ 73.5 ਫ਼ੀਸਦੀ ਹੋ ਗਿਆ ਹੈ। ਜਿਸ ਨਾਲ ਟਿਊਬਵੈੱਲਾਂ ਦੀ ਗਿਣਤੀ ਸਾਲ 1970-71 ਵਿਚ 1.92 ਲੱਖ ਸੀ, ਜੋ ਹੁਣ ਵੱਧ ਕੇ 16 ਲੱਖ ਤਕ ਹੋ ਗਈ ਹੈ।

ਜੋ ਝੋਨੇ ਦੇ ਸੀਜਨ ਵਿੱਚ ਦਿਨ ਰਾਤ ਚਾਲ ਕੇ ਧਰਤੀ ਦਾ ਪਾਣੀ ਖਾਲੀ ਕਰ ਰਹੇ ਹਨ । ਇਸ ਵਕਤ ਪੰਜਾਬ ਦੇ 138 ਬਲਾਕਾਂ ਵਿਚੋਂ 116 ਬਲਾਕ ਡਾਰਕ ਜ਼ੋਨ ਵਿੱਚ ਆ ਚੁਕੇ ਹਨ । ਜਿਥੋਂ ਪਾਣੀ 400 ਫੁੱਟ ਤੋਂ ਵੀ ਹੇਠਾਂ ਜਾ ਰਿਹਾ ਹੈ ਤੇ ਆਉਣ ਵਾਲੇ ਟਾਇਮ ਤਕ ਏਨਾ ਹੇਠਾਂ ਚਲਾ ਜਾਵੇਗਾ ਕਿ ਕੋਈ ਵੀ ਤਕਨੀਕ ਨਾਲ ਪਾਣੀ ਨਹੀਂ ਨਿਕਲ ਸਕੇਗਾ । ਜਿਸ ਨਾਲ ਜਮੀਨ ਬੰਜਰ ਬਣ ਜਾਵੇਗੀ ਕਿਓਂਕਿ ਨਹਿਰੀ ਪਾਣੀ ਨਾਲ ਸਿੰਚਾਈ ਸਿਰਫ 22 % ਰਕਬੇ ਵਿੱਚ ਹੁੰਦੀ ਹੈ ਬਾਕੀ 78 % ਰਕਬੇ ਦੀ ਸਿੰਚਾਈ ਟਿਊਬਵੈੱਲਾਂ ਨਾਲ ਹੀ ਹੁੰਦੀ ਹੈ ।

ਝੋਨੇ ਦੇ ਹਰ ਸੀਜ਼ਨ ਵਿੱਚ ਪੰਜਾਬ ਸਰਕਾਰ 5800 ਕਰੋੜ ਦੀ ਮੁਫ਼ਤ ਬਿਜਲੀ ਹਰ ਸਾਲ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ । ਪਰ ਜੇਕਰ ਹੀ 5800 ਕਰੋੜ ਰੁਪਏ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਛੱਡ ਕੇ ਕਿਸੇ ਹੋਰ ਫ਼ਸਲ ਦੇ ਮੰਡੀਕਰਨ ਲਈ ਦਿੱਤੇ ਜਾਣ ਤਾਂ ਕੋਈ ਵੀ ਕਿਸਾਨ ਝੋਨਾ ਨਾ ਲਗਾਵੇ ।ਕਿਓਂਕਿ ਸੋਚਣ ਵਾਲੀ ਗੱਲ ਇਹ ਹੈ ਕੇ ਜੇਕਰ ਇਕ ਵਾਰ ਪਾਣੀ ਖਤਮ ਹੁੰਦਾ ਹੈ ਤਾਂ ਝੋਨਾ ਤਾਂ ਕਿ ਕਿਸਾਨ ਕੋਈ ਵੀ ਫ਼ਸਲ ਲਾਉਣ ਜੋਗਾ ਨਹੀਂ ਰਹਿਣਾ.

ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚ ਹੈ:

ਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈ।  ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖਤਮ ਹੋ ਚੁੱਕਾ ਹੈ। ਦੂਜੀ ਪਰਤ ਲੱਗਭੱਗ 100 ਤੋਂ 200 ਫੁੱਟ ਉੱਤੇ ਹੈ ਇਹ ਵੀ 10 ਸਾਲ ਪਹਿਲਾਂ ਸੁੱਕ ਗਈ ਸੀ।ਹੁੱਣ ਪੰਜਾਬ ਤੀਜੀ ਪਰਤ, ਜੋ ਕਿ 350 ਫੁੱਟ ਤੋਂ ਵੱਧ ਡੂੰਘੀ ਹੈ, ਨੂੰ ਵਰਤ ਰਿਹਾ ਹੈ ਜੋ ਕਿ ਅਗਲੇ ਦਹਾਕੇ ਤੱਕ ਖਾਲ਼ੀ ਹੋ ਜਾਵੇਗੀ। ਇਸ ਤੀਜੀ ਪਰਤ ਵਿਚਲੇ ਪਾਣੀ ਦੇ ਖਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖਤਮ ਹੋ ਜਾਣਗੀਆਂ। ਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨ ਆਉਂਦੇ 5 -7 ਸਾਲਾਂ ਵਿੱਚ ਹਜ਼ਾਰਾਂ ਦੀ ਵੀ ਨਹੀਂ ਹੋਵੇਗੀ।

ਸਾਇੰਸ ਦੱਸਦੀ ਹੈ ਕਿ ਤਿੰਨਾਂ ਪਰਤਾਂ ਵਿੱਚੋ ਕੇਵਲ ਉਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁੱਝ ਕੁੱਝ ਭਰ ਸਕਦੀ ਹੈ। ਜੇ ਪਾਣੀ ਭਰ ਵੀ ਜਾਵੇ ਇਹ ਪਾਣੀ ਕਈ ਸਦੀਆਂ ਪੀਣ ਯੋਗ ਨਹੀਂ ਹੋਵੇਗਾ।ਦੂਜੀ ਅਤੇ ਤੀਜੀ ਪਰਤ ਵਿੱਚ ਪਾਣੀ ਲੱਖਾਂ ਸਾਲਾਂ ਵਿੱਚ ਪਹੁੰਚਦਾ ਹੈ। ਇਸ ਵਿਚਲਾ ਤੁਬਕਾ ਤੁਬਕਾ ਬੇਹੱਦ ਕੀਮਤੀ ਅਤੇ ਕੁਦਰਤ ਦਾ ਪੰਜਾਬ ਨੂੰ ਤੋਹਫ਼ਾ ਹੈ।ਇਕ ਲਿਟਰ ਮਿੱਠੇ ਪਾਣੀ ਦੀ ਕੀਮਤ ਬਾਜ਼ਾਰ ਵਿੱਚ 10 ਰੁਪਏ ਹੈ ਤੇ ਪੰਜਾਬ ਆਪਣਾ ਕਰੋੜਾ-ਅਰਬਾਂ ਦਾ ਮਿੱਠਾ ਪਾਣੀ ਇਕ ਅਜੇਹੀ ਫ਼ਸਲ ਨੂੰ ਪਾਲਣ ਵਿੱਚ ਵਿੱਚ ਲਗਾ ਰਹੇ ਹੈ ਜਿਸਦੀ ਇਕ ਕਿੱਲੋ ਦੀ ਕੀਮਤ 16 ਰੁਪਏ ਹੈ ।

ਭਾਰਤ ਸਰਕਾਰ ਨੂੰ ਦੁਨੀਆਂ ਭਰ ਦੇ ਸਾਇੰਸਦਾਨ ਕਈ ਦਹਾਕਿਆਂ ਤੋਂ ਚੇਤਾਵਨੀਆਂ ਦੇ ਰਹੇ ਸਨ ਕਿ ਪੰਜਾਬ ਵਿੱਚ ਖੇਤੀ ਅਤੇ ਉਦਯੋਗ ਦਰਿਆਈ ਪਾਣੀਆਂ ਨਾਲ ਕਰੋ, ਕਿਉਂਕਿ ਧਰਤੀ ਹੇਠਲਾ ਪਾਣੀ ਇਸ ਖੇਤਰ ਵਿੱਚ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹੈ। ਪਰ ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬੋਂ ਬਾਹਰ ਜਾਣ ਕਾਰਨ ਪੰਜਾਬੀ ਹੇਠਲਾ ਪਾਣੀ ਵਰਤਣ ਲਈ ਮਜਬੂਰ ਹੋ ਗਏ। ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਪਾਣੀ ਬਾਹਰ ਭੇਜਣ ਵਾਲਿਆਂ ਨੂੰ ਅੱਧਾ ਸਦੀ ਪਹਿਲਾਂ ਪਤਾ ਸੀ ਕਿ ਪੰਜਾਬ ਕਿੱਧਰ ਜਾ ਰਿਹਾ ਹੈ, ਪਰ ਕਿਸਾਨਾਂ ਨੂੰ ਨਹੀਂ।