ਜਾਣੋ ਕਿਸ ਤਰਾਂ ਜ਼ੀਰੋ ਤੋਂ ਹੀਰੋ ਬਣੇ ਹੌਲੈਂਡ ਦੇ ਕਿਸਾਨ

November 26, 2017

ਪਿਛਲੇ ਬਹੁਤ ਸਾਰੇ ਮਹੀਨਿਆਂ ਤੋਂ ਸਾਰੇ ਭਾਰਤ ਵਿਚੋਂ ਕਿਸਾਨਾਂ ਦੇ ਖ਼ੁਦਕੁਸ਼ੀਆਂ ਕਰਨ ਦੀਆਂ ਲਗਾਤਾਰ ਖ਼ਬਰਾਂ ਆ ਰਹੀਆਂ ਹਨ। ਸਾਡੇ ਕਿਸਾਨਾਂ ਨੂੰ ਜਾਗਣਾ ਚਾਹੀਦਾ ਹੈ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਖ਼ੁਦ ਲੱਭਣੇ ਚਾਹੀਦੇ ਹਨ। ਇਸਦੀ ਮਿਸਾਲ ਹਾਲੈਂਡ ਦੇ ਕਿਸਾਨਾਂ ਨੇ ਪੇਸ਼ ਕੀਤੀ ਹੈ

ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਬਹੁਤ ਚੰਗੀ ਹੈ, ਚੰਗਾ ਮੌਸਮ ਅਤੇ ਚੰਗਾ ਪਾਣੀ ਹੈ, ।ਸਰਦੀ ,ਗਰਮੀ ਤੇ ਬਰਸਾਤ ਦਾ ਮੌਸਮ ਹੋਣ ਕਾਰਨ ਦੁਨੀਆ ਦੀ ਕੋਈ ਵੀ ਫ਼ਸਲ ਪੰਜਾਬ ਵਿੱਚ ਹੋ ਸਕਦੀ ਹੈ । ਭੂਗੋਲਿਕ ਰਕਬਾ ਪੰਜਾਬ ਅਤੇ ਹਾਲੈਂਡ ਦਾ ਲਗਪਗ ਬਰਾਬਰ ਹੈ।ਪਰ ਹਾਲੈਂਡ ਵਿਚ ਕਿਸਾਨ ਪੰਜਾਬ ਦੇ ਕਿਸਾਨਾਂ ਨਾਲੋਂ ਖੁਸ਼ਹਾਲ ਹਨ ਕਿਓਂ ?। ਹੌਲੈਂਡ ਖੇਤੀ ਵਿੱਚ ਸ਼ੁਰੂ ਤੋਂ ਅਜਿਹਾ ਨਹੀਂ ਸੀ ਇਸਦੀ ਬਹੁਤ ਸਾਰੀ ਉਪਜਾਊ ਭੂਮੀ ਸਮੁੰਦਰ ਦੇ ਅੰਦਰ ਸੀ ਪਰ ਤਕਨੀਕ ਤੇ ਮੇਹਨਤ ਨਾਲ ਅੱਜ ਹੌਲੈਂਡ ਦੀ ਖੇਤੀ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ।ਆਓ ਜਾਂਦੇ ਹੈ ਹੌਲੈਂਡ ਦੇ ਕਿਸਾਨ ਕਿਸ ਤਰਾਂ ਕਾਮਯਾਬ ਹੋਏ

ਸਮੁੰਦਰ ਦੇ ਹੇਠਾਂ ਤੋਂ ਜ਼ਮੀਨ ਨੂੰ ਕੱਢਿਆ – ਹਾਲੈਂਡ ਵਿਚ ਇਕ ਕਹਾਵਤ ਹੈ, ‘ਪਰਮਾਤਮਾ ਨੇ ਸੰਸਾਰ ਦੀ ਰਚਨਾ ਕੀਤੀ ਹੈ ਪਰ ਡੱਚਾਂ ਨੇ ਆਪਣੀ ਜ਼ਮੀਨ ਦੀ ਸਿਰਜਣਾ ਕੀਤੀ ਹੈ।’ ਇਹ ਗੱਲ ਸਹੀ ਵੀ ਹੈ ਕਿਉਂਕਿ ਉਨ੍ਹਾਂ ਨੇ ਡੈਮਾਂ ਦਾ ਨਿਰਮਾਣ ਕਰਕੇ ਸਮੁੰਦਰ ਹੇਠੋਂ ਹੀ ਖੇਤੀ ਲਈ ਜ਼ਮੀਨ ਕੱਢੀ ਹੈ। ਸਮੁੰਦਰ ਦੇ ਹੇਠੋਂ ਜਿਹੜਾ ਇਲਾਕਾ ਕੱਢਿਆ ਗਿਆ ਹੈ, ਉਸ ਵਿਚ ਸੇਮ ਦੀ ਸਮੱਸਿਆ ਹੈ। ਇਸ ਲਈ ਪਾਣੀ ਕੱਢਣ ਲਈ ਛੋਟੇ-ਛੋਟੇ ਨਾਲੇ ਬਣਾ ਲਏ ਗਏ ਹਨ ਅਤੇ ਇਨ੍ਹਾਂ ਨੂੰ ਅੱਗੇ ਵੱਡੇ ਨਾਲਿਆਂ ਵਿਚ ਪਾਇਆ ਗਿਆ ਹੈ। ਫਿਰ ਇਨ੍ਹਾਂ ਵੱਡੇ ਨਾਲਿਆਂ ਵਿਚੋਂ ਪੌਣ ਚੱਕੀਆਂ ਦੀ ਵਰਤੋਂ ਕਰਕੇ ਪਾਣੀ ਸਮੁੰਦਰ ਵਿਚ ਸੁੱਟਿਆ ਜਾਂਦਾ ਹੈ।

ਪੌਣ ਚੱਕੀਆਂ ਇਕ ਅਜਿਹੀ ਲੱਭਤ ਹਨ, ਜਿਨ੍ਹਾਂ ਨੂੰ ਚਲਾਉਣ ਲਈ ਊਰਜਾ ਦੀ ਲੋੜ ਨਹੀਂ ਪੈਂਦੀ, ਸਗੋਂ ਇਹ ਦਿਨ ਰਾਤ ਮੁਫ਼ਤ ਵਿਚ ਹਵਾ ਨਾਲ ਹੀ ਚਲਦੀਆਂ ਹਨ। ਸੋ, ਇਸ ਤਰ੍ਹਾਂ ਮੁਫ਼ਤ ਵਿਚ ਹੀ ਵੱਡੇ ਨਾਲਿਆਂ ਵਿਚੋਂ ਪਾਣੀ ਚੁੱਕ ਕੇ ਸਮੁੰਦਰ ਵਿਚ ਸੁੱਟਿਆ ਜਾਂਦਾ ਹੈ।

ਇਸ ਤੋਂ ਬਾਅਦ ਇਸ ਜ਼ਮੀਨ ਨੂੰ ਨਮਕ ਰਹਿਤ ਕੀਤਾ ਗਿਆ, ਕਿਉਂਕਿ ਸਮੁੰਦਰ ਹੇਠੋਂ ਕੱਢੀ ਗਈ ਇਸ ਜ਼ਮੀਨ ਵਿਚ ਬਹੁਤ ਜ਼ਿਆਦਾ ਨਮਕ ਸੀ। ਇਸ ਜ਼ਮੀਨ ਵਿਚੋਂ ਨਮਕ ਘਟਾਉਣ ਲਈ ‘ਲਿਨਸੀਡ’ ਅਤੇ ‘ਬੀਟਰੂਟ’ ਆਦਿ ਫ਼ਸਲਾਂ ਉਗਾਈਆਂ ਗਈਆਂ। ਬਹੁਤ ਸਾਲਾਂ ਦੇ ਇਸ ਤਰ੍ਹਾਂ ਦੇ ਯਤਨਾਂ ਤੋਂ ਬਾਅਦ ਸਮੁੰਦਰ ਹੇਠੋਂ ਕੱਢੀ ਗਈ ਜ਼ਮੀਨ ਖੇਤੀਬਾੜੀ ਅਤੇ ਸਿੰਚਾਈ ਕਰਨ ਦੇ ਯੋਗ ਹੋ ਗਈ।

ਆਧੁਨਿਕ ਤਕਨੀਕ ਦਾ ਇਸਤਮਾਲ – ਹੌਲੈਂਡ ਵਿਚ ਜ਼ਿਆਦਤਰ ਮੌਸਮ ਠੰਡਾ ਹੀ ਰਹਿੰਦਾ ਹੈ ਇਸ ਲਈ ਠੰਢੇ ਮੌਸਮ ਦਾ ਸਾਹਮਣਾ ਕਰਨ ਲਈ ਡੱਚਾਂ ਨੇ ਸਬਜ਼ੀਆਂ ਅਤੇ ਫਲ ਉਗਾਉਣ ਲਈ ਗਰਮ ਘਰ (Green House ) ਬਣਾਏ ਹੋਏ ਹਨ। ਟਿਊਲਿਪ ਫੁੱਲ ਸਾਰੀ ਦੁਨੀਆ ਵਿਚ ਪ੍ਰਸਿੱਧ ਹਨ। ਇਹਨਾਂ ਗ੍ਰੀਨ ਹਾਊਸਾਂ ਵਿੱਚ ਹਾਲੈਂਡ ਦੇ ਵਿਗਿਆਨਕ, ਕਿਸਾਨਾਂ ਦੀ ਵੱਖ-ਵੱਖ ਰੰਗਾਂ ਦੇ ਗਾਹਕਾਂ ਦੀਆਂ ਲੋੜਾਂ ਮੁਤਾਬਿਕ ਟਿਊਲਿਪ ਫੁੱਲ ਉਗਾਉਣ ਵਿਚ ਮਦਦ ਕਰਦੇ ਹਨ। ਸਮੁੱਚੇ ਤੌਰ ‘ਤੇ ਹਾਲੈਂਡ ਨਿਵਾਸੀਆਂ ਦਾ ਫੁੱਲ ਉਗਾਉਣ ਦਾ ਵੱਡਾ ਕਾਰੋਬਾਰ ਹੈ।

ਇਸ ਦੇਸ਼ ਦੇ ਵਿਕਾਸ ਵਿਚ ਵੱਡਾ ਰੋਲ ਇਥੋਂ ਦੀ ਖੇਤੀਬਾੜੀ ਯੂਨੀਵਰਸਿਟੀ ਦਾ ਹੈ, ਜਿਹੜੀ ਕਿ ਹਰ ਢੰਗ ਨਾਲ ਕਿਸਾਨਾਂ ਦੀ ਮਦਦ ਕਰਦੀ ਹੈ। ਡੱਚਾਂ ਕੋਲ ਫ੍ਰੀਸ਼ੀਅਨ ਨਸਲ ਦੀ ਗਊ ਹੈ, ਜਿਹੜੀ ਕਿ ਇਕ ਸਮੇਂ 50 ਤੋਂ 60 ਲੀਟਰ ਤੱਕ ਦੁੱਧ ਦਿੰਦੀ ਹੈ ਅਤੇ ਉਨ੍ਹਾਂ ਦੇ ਦੁੱਧ ‘ਤੇ ਆਧਾਰਿਤ ਉਤਪਾਦਨ ਦੁਨੀਆ ਭਰ ਵਿਚ ਮਸ਼ਹੂਰ ਹਨ। ਹਾਲੈਂਡ ਦਾ ਪਨੀਰ ਏਨਾ ਪ੍ਰਸਿੱਧ ਹੈ ਕਿ ਫਰਾਂਸ ਵਿਚ ਖਾਣੇ ਤੋਂ ਬਾਅਦ ਜਿਹੜੇ ਵੱਖ-ਵੱਖ ਰੰਗਾਂ ਦੇ ਮਿੱਠੇ ਪਕਵਾਨ ਦਿੱਤੇ ਜਾਂਦੇ ਹਨ, ਉਹ ਇਸੇ ਪਨੀਰ ਦੇ ਬਣੇ ਹੁੰਦੇ ਹਨ।

ਮੰਡੀਕਰਨ ਦੇ ਤਰੀਕੇ – ਇਕ ਉਤਪਾਦ ਨੂੰ ਪੈਦਾ ਕਰਨਾ ਬਹੁਤਾ ਔਖਾ ਨਹੀਂ ਹੁੰਦਾ। ਪਰ ਇਸ ਦੀ ਤੁਲਨਾ ਵਿਚ ਇਸ ਦਾ ਮੰਡੀਕਰਨ ਕਰਨਾ ਕਿਤੇ ਔਖਾ ਹੁੰਦਾ ਹੈ। ਡੱਚ ਕਿਸਾਨ ਅਜਿਹਾ ਕਿਸ ਤਰ੍ਹਾਂ ਕਰਦੇ ਹਨ, ਇਹ ਅਜਿਹੀ ਤਕਨੀਕ ਹੈ ਜਿਸ ਨੂੰ ਸਾਨੂੰ ਸਿੱਖਣ ਅਤੇ ਅਪਣਾਉਣ ਦੀ ਲੋੜ ਹੈ। ਕਿਸਾਨਾਂ ਵੱਲੋਂ ਉਗਾਏ ਗਏ ਫੁੱਲ ਸ਼ੀਪੋਰ ਏਅਰਪੋਰਟ ‘ਤੇ ਲਿਆਂਦੇ ਜਾਂਦੇ ਹਨ, ਜਿਥੇ ਉਨ੍ਹਾਂ ਦੀ ਛਾਂਟੀ ਅਤੇ ਪੈਕਿੰਗ ਕੀਤੀ ਜਾਂਦੀ ਹੈ ਅਤੇ ਫਿਰ ਉਨ੍ਹਾਂ ਨੂੰ ਹਵਾਈ ਜਹਾਜ਼ਾਂ ਵਿਚ ਲੱਦ ਕੇ ਪੂਰੀ ਦੁਨੀਆ ਵਿਚ ਭੇਜ ਦਿੱਤਾ ਜਾਂਦਾ ਹੈ। ਉਥੇ ਕਿਸਾਨਾਂ ਅਤੇ ਵਪਾਰੀਆਂ ਵਿਚਕਾਰ ਬਹੁਤ ਜ਼ਿਆਦਾ ਸੂਝ-ਸਮਝ ਹੈ। ਕਿਸਾਨ ਫ਼ਸਲਾਂ ਉਗਾ ਸਕਦੇ ਹਨ, ਪਰ ਉਨ੍ਹਾਂ ਕੋਲ ਇਹ ਤਕਨੀਕ ਨਹੀਂ ਹੁੰਦੀ ਕਿ ਉਹ ਆਪਣੇ ਉਤਪਾਦਨਾਂ ਨੂੰ ਕਿੱਥੇ ਅਤੇ ਕਿਸ ਤਰ੍ਹਾਂ ਵੇਚਣ? ਇਹ ਕੰਮ ਉਨ੍ਹਾਂ ਲਈ ਵਪਾਰੀ ਕਰਦੇ ਹਨ।

ਪਨੀਰ ਅਤੇ ਹੋਰ ਖੇਤੀ ਉਤਪਾਦਨਾਂ ਦਾ ਮੰਡੀਕਰਨ ਵੀ ਇਸੇ ਤਰ੍ਹਾਂ ਹੁੰਦਾ ਹੈ। ਪਰ ਜਿਸ ਗੱਲ ‘ਤੇ ਮੈਂ ਜ਼ੋਰ ਦੇਣਾ ਚਾਹੁੰਦਾ ਹਾਂ, ਉਹ ਇਹ ਹੈ ਕਿ ਪੰਜਾਬ ਦਾ ਮੌਸਮ ਚੰਗਾ ਹੈ, ਚੰਗੀ ਜ਼ਮੀਨ ਹੈ ਪਰ ਕੀ ਸਮੱਸਿਆ ਹੈ ਕਿ ਅਸੀਂ ਆਪਣੇ ਖੇਤੀ ਉਤਪਾਦਨ ਅਰਬ ਦੇਸ਼ਾਂ, ਜਿਵੇਂ ਕਿ ਈਰਾਨ, ਇਰਾਕ, ਸਾਊਦੀ ਅਰਬ ਅਤੇ ਅਫ਼ਗਾਨਿਸਤਾਨ ਵਿਚ ਨਹੀਂ ਵੇਚਦੇ? ਇਹ ਸਾਰੇ ਦੇਸ਼ ਪੰਜਾਬ ਤੋਂ ਤਿੰਨ ਤੋਂ ਚਾਰ ਘੰਟੇ ਦੀ ਹਵਾਈ ਉਡਾਣ ਜਿੰਨੇ ਹੀ ਦੂਰ ਹਨ।

ਮੌਕੇ ਦੇ ਪਹਿਚਾਣ ਕਰਨ ਪੰਜਾਬ ਦੇ  ਕਿਸਾਨ –

ਸਭ ਤੋਂ ਅਹਿਮ ਗੱਲ ਇਹ ਹੈ ਕਿ ਪੰਜਾਬ ਦੇ ਕਿਸਾਨ ਖ਼ੁਦ ਪਹਿਲਕਦਮੀ ਕਰਨ ਅਤੇ ਚੰਗੇ ਵਪਾਰੀਆਂ ਦੀ ਪਛਾਣ ਕਰਨ, ਜਿਹੜੇ ਕਿ ਉਨ੍ਹਾਂ ਦੇ ਉਤਪਾਦਨਾਂ ਦਾ ਯੋਗ ਕੀਮਤਾਂ ‘ਤੇ ਮੰਡੀਕਰਨ ਕਰ ਸਕਣ। ਹੁਣ ਵਸਤਾਂ ਅਤੇ ਸੇਵਾਵਾਂ ਸਬੰਧੀ ਨਵੀਂ ਕਰ ਪ੍ਰਣਾਲੀ ਅਧੀਨ ਸਾਰਾ ਭਾਰਤ ਇਕ ਖੁੱਲ੍ਹੀ ਮੰਡੀ ਵਿਚ ਤਬਦੀਲ ਹੋ ਗਿਆ ਹੈ ਅਤੇ ਟਰੱਕਾਂ ਲਈ ਕੋਈ ਨਾਕੇ ਨਹੀਂ ਰਹੇ। ਸਬਜ਼ੀਆਂ ਅਤੇ ਹੋਰ ਦੁੱਧ ਉਤਪਾਦਨ ਦੂਰ ਦੀਆਂ ਮੰਡੀਆਂ ਤੱਕ ਪਹਿਲੇ ਦਿਨਾਂ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਪਹੁੰਚਾਏ ਜਾ ਸਕਦੇ ਹਨ। ਕਿਸਾਨਾਂ ਅਤੇ ਵਪਾਰੀਆਂ ਨੂੰ ਆਪਸੀ ਸੂਝ-ਬੂਝ ਨਾਲ ਇਸ ਵੱਡੀ ਤਬਦੀਲੀ ਤੋਂ ਵੀ ਲਾਭ ਉਠਾਉਣਾ ਚਾਹੀਦਾ ਹੈ।