ਸਬਮਰਸੀਬਲ ਬੋਰ ਕਰਦੇ ਸਮੇਂ ਕਿਸਾਨ ਨੂੰ ਜਮੀਨ ਦੇ ਹੇਠਾਂ ਮਿਲੀ ਇਹ ਅਨੋਖੀ ਚੀਜ਼

ਇੱਕ ਮੁਖਤਾਰ ਸਿੰਘ ਨਾਮ ਦਾ ਕਿਸਾਨ ਪਿੰਡ ਬੰਡਾਲਾ ‘ਚ ਆਪਣੇ ਘਰ ਸਬਮਰਸੀਬਲ ਮੋਟਰ ਦਾ ਬੋਰ ਕਰਵਾ ਰਿਹਾ ਸੀ, ਇਸ ਦੌਰਾਨ ਉਸਨੂੰ ਬੋਰ 300 ਫੁੱਟ ਤੋਂ ਵੱਧ ਡੂੰਘਾ ਹੋਣ ਤੋਂ ਬਾਅਦ ਇਕ ਅਜਿਹੀ ਚੀਜ਼ ਮਿਲੀ ਜਿਸ ਨੂੰ ਦੇਖ ਸਭ ਦੇ ਹੋਸ਼ ਉੱਡ ਗਏ। ਤੁਹਾਨੂੰ ਦੱਸ ਦੇਈਏ ਕਿ ਕਿਸਾਨ ਨੂੰ ਬੋਰ ਕਰਵਾਉਂਦੇ ਸਮੇਂ ਹੇਠੋਂ ਬਹੁਤ ਪੁਰਾਣੀ ਲੱਕੜ ਅਤੇ ਉਸਦੇ ਨਾਲ ਹੀ 3 ਹੱਡੀਆਂ ਦੇ ਟੁਕੜੇ ਮਿਲੇ ਹਨ। ਬੋਰ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਦੇ ਆਸੇ ਪਾਸੇ ਹੋਰ ਵੀ ਬਹੁਤ ਕੁਝ ਹੋ ਸਕਦਾ ਹੈ, ਜਿਸ ਦੀ ਖੋਜ ਕਰਵਾਈ ਜਾਣੀ ਚਾਹੀਦੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਪਿੰਡ ਵਿਚ ਸਭ ਤੋਂ ਉੱਚੀ ਜਗ੍ਹਾ ‘ਤੇ ਇੱਕ ਮੰਦਰ ਸਥਿਤ ਹੈ। ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਇਥੇ ਪਹਿਲਾਂ ‘ਦੀਪ’ ਦੇ ਨਾਂ ‘ਤੇ ਸ਼ਹਿਰ ਵੱਸਦਾ ਸੀ, ਜੋ ਉਸ ਸਮੇਂ ਰਾਜਿਆਂ ਦੀ ਲੜਾਈ ਦੌਰਾਨ ਉਜੜ ਗਿਆ ਸੀ। ਨਾਲ ਹੀ ਬਜ਼ੁਰਗਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਪਿੰਡ ਵਿਚ ਕਾਫੀ ਸਮਾਂ ਪਹਿਲਾਂ ਵੀ ਨੀਂਹ ਪੁੱਟਦੇ ਸਮੇਂ ਬਹੁਤ ਵੱਡੇ ਅਕਾਰ ਦੀਆਂ ਇੱਟਾਂ ਮਿਲੀਆਂ ਸਨ। ਇਸ ਮਾਮਲੇ ਸਬੰਧੀ ਇੱਕ ਖੋਜਕਰਤਾ ਦੇਵ ਦਰਦ ਦਾ ਕਹਿਣਾ ਹੈ ਕਿ ਬਹੁਤ ਸਮਾਂ ਪਹਿਲਾਂ ਇਸ ਇਲਾਕੇ ‘ਚ ਰਾਵੀ ਦਰਿਆ ਵਹਿੰਦਾ ਹੁੰਦਾ ਸੀ ਅਤੇ 326 ਸਾਲ ਪਹਿਲਾਂ ਸਿਕੰਦਰ ਲਾਹੌਰ ਤੋਂ ਆ ਰਿਹਾ ਸੀ,

ਜਿਸ ਦੀ ਇਸ ਇਲਾਕੇ ‘ਚ ਲੜਾਈ ਹੋਈ ਸੀ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਥੇ ਦੁਰਗ ਕਿਲਾ ਹੁੰਦਾ ਸੀ, ਜਿਸ ਅਧੀਨ ਕੱਠ ਲੋਕਾਂ ਦੇ ਨਿੱਕੇ-ਨਿੱਕੇ ਰਾਜ ਹੁੰਦੇ ਸਨ ਤੇ ਉਨ੍ਹਾਂ ਨੂੰ ਸਿਕੰਦਰ ਨੇ ਲਗਭਗ 3 ਮਹੀਨੇ ਘੇਰਾ ਪਾਈ ਰੱਖਿਆ ਸੀ। ਦੁਰਗ ਕਿਲੇ ਦਾ ਸਾਰਾ ਮਲਬਾ ਥੇਹ ਹੇਠਾਂ ਦੱਬਿਆ ਹੋਇਆ ਹੈ, ਜਿਸ ਕਾਰਨ ਪਹਿਲਾਂ ਵੀ ਥੋੜ੍ਹੀ ਜਿਹੀ ਖੋਦਾਈ ਸਮੇਂ 14 ਇੰਚ ਲੰਬੀਆਂ, 9 ਇੰਚ ਚੌੜੀਆਂ ਤੇ 3 ਇੰਚ ਮੋਟੀਆਂ ਇੱਟਾਂ ਮਿਲੀਆਂ ਸਨ, ਜੋ ਕੁਸ਼ਾਨ ਸਮੇਂ ਦੀਆਂ ਸਨ।

ਖੋਜਕਰਤਾ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਕੋਲ ਉਥੋਂ ਹੀ ਮਿਲੇ ਹੋਏ ਕੁਝ ਬਰਤਨ ਵੀ ਹਨ। ਇੰਨਾ ਹੀ ਨਹੀਂ ਪ੍ਰਸਿੱਧ ਨਾਵਲਕਾਰ ਮਨਮੋਹਨ ਬਾਵਾ ਵੱਲੋਂ ਵੀ ‘ਯੁੱਧ ਨਾਦ’ ‘ਚ ਇਸ ਦਾ ਜ਼ਿਕਰ ਕੀਤਾ ਗਿਆ ਹੈ। ਖੋਜਕਰਤਾ ਨੇ ਦੱਸਿਆ ਕਿ ਉਹਨਾਂ ਨੇ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂ ਨੂੰ ਵੀ 3 ਵਾਰ ਇਥੇ ਲਿਆਦਾਂ ਸੀ ਅਤੇ 25 ਲੱਖ ਰੁਪਏ ਥੇਹ ‘ਤੇ ਵਸਣ ਵਾਲੇ ਲੋਕਾਂ ਨੂੰ ਦੇਣ ਲਈ ਮਨਜ਼ੂਰ ਵੀ ਹੋ ਚੁੱਕੇ ਸਨ।

ਪਰ ਉਸਤੋਂ ਬਾਅਦ ਡਿਪਟੀ ਕਮਿਸ਼ਨਰ ਦੀ ਬਦਲੀ ਹੋਣ ਕਾਰਣ ਇਹ ਸਾਰਾ ਕੰਮ ਵਿਚਾਲੇ ਹੀ ਰਹਿ ਗਿਆ। ਵੱਡੀ ਗੱਲ ਇਹ ਹੈ ਕਿ ਪ੍ਰਸਿੱਧ ਨਾਵਲਕਾਰ ਮਨਮੋਹਨ ਬਾਵਾ ਦੇ ਅਨੁਸਾਰ ਇਹ ਪਿੰਡ ਬਹੁਤ ਪੁਰਾਣਾ ਹੈ ਅਤੇ ਜੇਕਰ ਇਸ ਪਿੰਡ ਦੀ ਪੁਰਾਤੱਤਵ ਵਿਭਾਗ ਦੁਆਰਾ ਖੋਜ ਕੀਤੀ ਜਾਵੇ ਤਾਂ ਇਥੋਂ ਬਹੁਤ ਕੀਮਤੀ ਪੁਰਾਣੀਆਂ ਚੀਜ਼ਾਂ ਮਿਲ ਸਕਦੀਆਂ ਹਨ।